top of page
Writer's pictureਸ਼ਬਦ

ਮੈਂ ਕਵਿਤਾ ਲਿਖਦਾ ਹਾਂ



ਮੈਂ ਕਵਿਤਾ ਲਿਖਦਾ ਹਾਂ


ਕਿਉਂਕਿ ਮੈਂ ਜੀਵਨ ਨੂੰ

ਇਸਦੀ ਸਾਰਥਕਤਾ ਵਿੱਚ

ਜਿਉਣਾ ਚਾਹੁੰਦਾ ਹਾਂ

ਕਵਿਤਾ ਨਾ ਲਿਖਾਂ

ਤਾਂ ਮੈਂ ਨਿਰਜੀਵ ਪੁਤਲਾ

ਬਣ ਜਾਂਦਾ ਮਿੱਟੀ ਦਾ

ਖਾਂਦਾ ਪੀਂਦਾ ਸੌਂਦਾ

ਮੁਫ਼ਤ ਵਿੱਚ ਡਕਾਰਦਾ

ਰੁੱਖਾਂ ਤੋਂ ਮਿਲੀ ਆਕਸੀਜਨ

ਛੱਡਦਾ ਕਾਰਬਨਡਾਇਆਕਸਾਈਡ

ਹਵਾ ਪਲੀਤ ਕਰਦਾ

ਅੰਨ ਖਰਾਬ ਕਰਦਾ

ਧਰਤ ’ਤੇ ਬੋਝ ਜਿਹਾ

ਬਣ ਜਾਂਦਾ ਹਾਂ ਮੈਂ

ਆਪਣੇ ਆਪ ਨੂੰ

ਲੱਗਣ ਲੱਗਦਾ ਪਾਪ ਜਿਹਾ

ਪਰ ਜਦੋਂ ਮੈਂ ਕਵਿਤਾ ਲਿਖਦਾ ਹਾਂ

ਧਰਤੀ ਦਾ ਦਰਦ ਸ਼ਬਦਾਂ ’ਚ ਪਰੋਂਦਾ ਹਾਂ

ਧਰਤੀ ਤੇ ਰਹਿੰਦੇ ਮਨੁੱਖਾਂ ਦੇ

ਦਰਦ ਨਾਲ ਦੁਖੀ ਹੁੰਦਾ

ਉਹਨਾਂ ਦੀ ਖੁਸ਼ੀ ਵਿੱਚ

ਮੇਰਾ ਅੰਦਰ ਖਿੜ ਜਾਂਦਾ

ਮੈਂ ਕਵਿਤਾ ਲਿਖਦਾ ਜਦੋਂ

ਉਹਨਾਂ ਦੇ ਦਰਦ

ਉਹਨਾਂ ਦੀ ਖੁਸ਼ੀ ਦੇ ਗੀਤ ਗਾਉਂਦਾ

ਮੈਂ ਸ਼ਬਦ ਸ਼ਬਦ ਜੁੜਦਾ ਕਵਿਤਾ ਬਣ ਜਾਂਦਾ

ਮੇਰਾ ਅੰਦਰ ਬਾਹਰ

ਅਜਬ ਜਿਹੇ ਖੇੜੇ ਨਾਲ ਭਰ ਜਾਂਦਾ

ਮੈਂ ਧਰਤੀ ਦਾ ਅੰਨ ਖਾਂਦਾ ਹਾਂ

ਹਵਾ ਤੋਂ ਸਾਹ ਲੈਂਦਾ ਹਾਂ

ਜ਼ਮੀਨ ਦੇ ਟੁਕੜੇ ਨੇ ਮੈਨੂੰ

ਰਹਿਣ ਲਈ ਥਾਂ ਦਿੱਤੀ ਹੈ

ਕਰਜ਼ਦਾਰ ਹਾਂ ਮੈਂ ਧਰਤੀ ਦਾ

ਮੈਂ ਕਵਿਤਾ ਲਿਖਦਾ ਹਾਂ

ਕਿ ਧਰਤੀ ਦਾ ਕੁਝ ਕੁ ਕਰਜ਼ ਮੋੜ ਸਕਾਂ।

ਬਚਪਨ-ਉਮਰਾ

ਸਕੂਲ ਦੀ ਇੱਕ ਨੁੱਕਰ ਦੇ ਵਿੱਚ

ਕੁਰਸੀ ਡਾਹੀ

ਅੱਧੀ ਛੁੱਟੀ

ਨਿੱਕੇ ਨਿੱਕੇ ਬੱਚੇ ਭੱਜਦੇ

ਤੱਕ ਰਿਹਾ ਹਾਂ

ਨੱਚਦੇ ਟੱਪਦੇ

ਭੱਜ ਭੱਜ ਇੱਕ ਦੁੂਜੇ ਨੂੰ ਫੜਦੇ

ਫਿਰ ਇੱਕ ਦੂਜੇ ਦੇ ਨਾਲ ਲੜਦੇ

ਰੱਬ ਜਿਹੇ ਚਿਹਰੇ ਇਹਨਾਂ ਦੇ

ਬੇਖ਼ਬਰ ਦੀਨ ਦੁਨੀਆਂ ਤੋਂ

ਆਪਣੀ ਅਜਬ ਜਿਹੀ

ਦੁਨੀਆਂ ਦੇ ਵਿਚ

ਵਿਚਰ ਰਹੇ ਨੇ

ਏਹਨਾਂ ਨੂੰ ਤੱਕ

ਅਚਨਚੇਤ ਮੈਂ ਆਪਣੇ ਅੰਦਰ ਲੱਥ ਜਾਵਾਂ

ਨਿੱਕੀ ਉਮਰੇ ਆਲੇ ਭੋਲੇ

ਬਚਪਨ ਦਾ ਬੂਹਾ ਖੜਕਾਵਾਂ

ਪਰ ਮੇਰਾ ਬਚਪਨ

ਜਿਵੇਂ ਕੋਈ ਕੰਡਿਆਲੀ ਝਾੜੀ

ਜਿੱਥੇ ਕਿਤੇ ਵੀ ਹੱਥ ਲਾਵਾਂ ਕੰਡੇ ਹੀ ਕੰਡੇ

ਕੰਡਿਆਂ ਨਾਲ

ਮਾਸੂਮ ਜਿਹੇ ਪੋਟੇ ਵਿੰਨ੍ਹੇ ਜਾਂਦੇ

ਬਚਪਨ ਜਿਵੇਂ ਕੋਈ ਸ਼ੈਅ ਡਰਾਉਣੀ


ਡਰਦਾ ਡਰਦਾ ਮੁੜ ਆਵਾਂ



ਸਾਹਵੇਂ ਖੇਡਦੇ

ਨੱਚਦੇ ਟੱਪਦੇ

ਬੱਚਿਆਂ ਵੱਲ ਤੱਕਾਂ

ਪਰ ਮੈਨੂੰ ਕਿਤੇ ਵੀ

ਏਹੋ ਜਿਹਾ ਬਚਪਨ ਮੇਰਾ

ਯਾਦ ਨਾ ਆਵੇ

ਬਚਪਨ ਦੀ ਕੋਈ ਯਾਦ ਮਿਠੇਰੀ

ਮੇਰੇ ਮਨ ਦੇ ਚਿਤਰਪਟ ’ਤੇ

ਬਣ ਨਾ ਪਾਵੇ

ਮੇਰਾ ਬਚਪਨ

ਇਵੇਂ ਜਿਵੇਂ ਕੋਈ ਸ਼ੈਅ ਡਰਾਉਣੀ

ਤੇ ਲੋਕੀ ਆਖਣ


ਬਚਪਨ ਦੀ ਇਹ ਉਮਰਾ

ਮੁੜ ਕਦੇ ਨਾ ਆਉਣੀ।

ਬੱਸ ’ਚ ਗੀਤ ਗਾਉਂਦੀ ਕੁੜੀ

ਬੱਸ ਵਿਚ ਹੱਥ ਜੋੜ ਕੇ ਖੜ੍ਹੀ

ਇੱਕ ਨਿੱਕੀ ਜਿਹੀ ਕੁੜੀ ਗੀਤ ਗਾ ਰਹੀ ਹੈ...

ਉਸਨੂੰ ਆਪਣੇ ਗੀਤ ’ਤੇ

ਕਿੰਨਾ ਭਰੋਸਾ ਹੈ

ਕਿ ਸਵਾਰੀਆਂ ਦੇ ਅਣਦੇਖਿਆ ਕਰਨ

ਕੰਡਕਟਰ ਦੇ ਝਿੜਕਣ

ਤੇ ਬੱਸ ਵਿਚ ਪੈ ਰਹੇ ਰੌਲੇ ਗੌਲੇ ਤੋਂ ਬੇਨਿਆਜ਼

ਉਹ ਨਿੱਕੀ ਜਿਹੀ ਕੁੜੀ

ਗੀਤ ਗਾ ਰਹੀ ਹੈ...

ਉਸਨੂੰ ਆਪਣੇ ਗੀਤ ’ਤੇ

ਕਿੰਨਾ ਭਰੋਸਾ ਹੈ

ਕਿ ਗਾਉਂਦੀ ਹੋਈ

ਇਸ ਨਿੱਕੀ ਜਿਹੀ ਕੁੜੀ ਦਾ ਚਿਹਰਾ

ਏਨਾ ਆਤਮ ਵਿਸ਼ਵਾਸ ਨਾਲ ਭਰਿਆ ਹੈ

ਕਿ ਲੱਗਦਾ ਹੈ ਉਸ ਲਈ

ਗੀਤ ਗਾਉਣਾ ਹੀ

ਦੁਨੀਆ ਦਾ ਸਭ ਤੋਂ ਪਵਿੱਤਰ

ਅਤੇ ਵਡੇਰਾ ਕਾਰਜ ਹੈ

ਯਕੀਨ ਹੈ ਉਸਨੂੰ

ਕਿ ਉਸ ਦੇ ਗਾਏ ਗੀਤ

ਉਸ ਲਈ ਅਤੇ ਉਸ ਦੇ ਪਰਿਵਾਰ ਲਈ

ਸ਼ਾਮ ਦੀ ਰੋਟੀ ਦਾ ਵਸੀਲਾ ਬਣਨਗੇ

ਉਸ ਦੀ ਬਿਮਾਰ ਮਾਂ ਲਈ

ਦਵਾਈ ਦਾ ਹੀਲਾ ਕਰਨਗੇ

ਇਸੇ ਲਈ ਉਹ

ਅਜਬ ਜਿਹੇ ਯਕੀਨ ਨਾਲ ਭਰੀ

ਗੀਤ ਗਾ ਰਹੀ ਹੈ...

ਗੀਤ ਖ਼ਤਮ ਹੋ ਗਿਆ ਹੈ

ਉਹ ਸਵਾਰੀਆਂ ਅੱਗੇ ਹੱਥ ਕਰਦੀ

ਹੌਲੀ ਹੌਲੀ ਤੁਰਦੀ ਭੀਖ ਨਹੀਂ

ਜਿਵੇਂ ਆਪਣੀ ਕਲਾ ਦਾ ਮੁੱਲ ਮੰਗਦੀ ਹੈ

ਉਸ ਦੀਆਂ ਤਲੀਆਂ ’ਤੇ ਸਿੱਕੇ ਰੱਖਦੇ ਨੇ ਲੋਕ

ਉਸ ਦੀਆਂ ਅੱਖਾਂ ਵਿੱਚ

ਆਤਮ ਵਿਸ਼ਵਾਸ ਹੋਰ ਚਮਕ ਉੱਠਦਾ ਹੈ

ਮੇਰੇ ਕੋਲੋਂ ਲੰਘਣ ਲੱਗਦੀ ਜਦੋਂ ਉਹ

ਮੈਂ ਵੀ ਉਸਦੀਆਂ ਹਥੇਲੀਆਂ ’ਤੇ

ਬਹੁਤ ਅਦਬ ਨਾਲ ਰੱਖਦਾ ਹਾਂ ਪੈਸੇ

ਉਸ ਦੀ ਆਸ ਨਾਲੋਂ ਕਿਤੇ ਵੱਧ

ਇਹ ਸੋਚ ਕੇ

ਕਿ ਉਸ ਦਾ ਆਪਣੇ ਗੀਤਾਂ ਵਿੱਚ

ਯਕੀਨ ਬਣਿਆ ਰਹੇ

ਉਸ ਦਾ ਇਹ ਵਿਸ਼ਵਾਸ ਹੋਵੇ ਹੋਰ ਵੀ ਪਕੇਰਾ

ਕਿ ਇਸ ਦੌਰ ਵਿੱਚ ਵੀ

ਜਿੱਥੇ ਦੋ ਟੁੱਕ ਰੋਟੀ ਲਈ

ਲੋਕ ਕਰ ਰਹੇ ਨੇ ਲੁੱਟਾਂ ਖੋਹਾਂ

ਕੱਟ ਰਹੇ ਨੇ ਜੇਬਾਂ

ਵੇਚੇ ਜਾ ਰਹੇ ਨੇ ਜਿਸਮ

ਉਸ ਦੌਰ ਵਿਚ ਵੀ

ਇਕ ਨਿੱਕੀ ਜਿਹੀ ਕੁੜੀ ਕਮਾ ਸਕਦੀ ਹੈ

ਸ਼ਾਮ ਦੀ ਰੋਟੀ

ਬੱਸ ਵਿਚ ਗੀਤ ਗਾ ਕੇ...

ਬਣਿਆ ਰਹੇ ਉਸ ਦਾ

ਆਪਣੇ ਗੀਤਾਂ ਵਿਚ ਯਕੀਨ...।



ਵੱਡੇ ਵੱਡੇ ਪੈਲਸਾਂ ਵਿੱਚ

ਵੱਡੇ ਵੱਡੇ ਪੈਲਸਾਂ ਵਿੱਚ

ਦਿਨ ਕਦੇ ਰਾਤ ਦੇ ਵਿਆਹਾਂ ’ਚ

ਯਾਰਾਂ ਦੋਸਤਾਂ ਦੇ ਚਾਵਾਂ ’ਚ

ਰਲ ਮਿਲ ਬੈਠਿਆਂ

ਖੁਸ਼ੀ ਦੇ ਘੁੱਟ ਭਰਦਿਆਂ

ਅਚਨਚੇਤ ਅੰਦਰੋਂ

ਕੁਝ ਬੁਝ ਜਿਹਾ ਜਾਂਦਾ

ਮਹਿਫ਼ਲ ’ਚ ਬੈਠਾ ਮਨ

ਨਿੱਕੇ ਨਿੱਕੇ ਸੇਵਾ ਕਰਦੇ

ਚਿੱਟੀਆਂ ਜੈਕਟਾਂ ਪਾਈ

ਬੱਚਿਆਂ ਦੇ ਨਾਲ

ਉੱਠ ਕੇ ਤੁਰ ਪੈਂਦਾ

ਨਿੱਕੇ ਨਿੱਕੇ ਬੱਚੇ ਇਹ

ਪਤਾ ਨਹੀਂ ਕਿਸ

ਮਜਬੂਰੀ ਦੇ ਮਾਰੇ

ਬਚਪਨ ਦੀ ਉਮਰੇ

ਪੜ੍ਹਨ ਦੀ ਉਮਰੇ

ਚੁੱਕੀ ਫਿਰਦੇ ਪਲੇਟਾਂ

ਵਰਤਾਉਂਦੇ ਸ਼ਰਾਬ

ਸੁਣਦੇ ਗਾਲ੍ਹਾਂ

ਭੱਦੇ ਸ਼ਬਦ

ਕਿਤੇ ਖੁਸ਼ ਹੋਇਆ ਕੋਈ

ਸੇਵਾ ਉਹਨਾਂ ਦੀ ਤੋਂ

ਦੇ ਦਿੰਦਾ ਕੁਝ ਰੁਪਏ

ਉਹਨਾਂ ਦੀ ਮੁੱਠੀ ’ਚ

ਤਾਂ ਚਮਕ ਉੱਠਦੀਆਂ

ਅੱਖਾਂ ਉਹਨਾਂ ਦੀਆਂ

ਲੱਗਦਾ ਜਿਵੇਂ

ਲਾਟਰੀ ਨਿਕਲ ਆਈ

ਕੋਈ ਭਾਰੀ

ਵਰਤਾਉਂਦੇ ਸ਼ਰਾਬ

ਯੰਤਰਬੱਧ ਤੁਰੇ ਫਿਰਦੇ

ਇੱਕ ਟੇਬਲ ਤੋਂ ਦੂਜੇ ਟੇਬਲ ਤਕ

ਅੱਖਾਂ ’ਚ ‘ਟਿੱਪ’ ਦੀ

ਲਾਲਸਾ ਭਰੀ

ਮਨ ਤੁਰਨ ਲੱਗਦਾ

ਉਹਨਾਂ ਦੇ ਨਾਲ-ਨਾਲ

ਬੁਝ ਜਾਂਦੀ ਖੁਸ਼ੀ ਮਨ ਦੀ

ਘਰ ਮੁੜਦਾ

ਤਾਂ ਅਜਬ ਜਿਹੀ ਉਦਾਸੀ

ਨਾਲ ਨਾਲ ਤੁਰਦੀ।

ਪੁਲ

ਭੱਜੀ ਜਾ ਰਹੀ ਹੈ

ਉੱਚੇ ਉੱਚੇ ਪੁਲਾਂ ਤੇ ਦੁਨੀਆਂ

ਵਾਤਾਨੁਕੂਲਿਤ ਵੱਡੀਆਂ ਵੱਡੀਆਂ ਕਾਰਾਂ ਵਿੱਚ

ਸ਼ੀਸ਼ੇ ਬੰਦ ਕਰੀ

ਉੱਡੇ ਜਾ ਰਹੇ ਨੇ ਅਮੀਰ ਲੋਕ

ਉਸਰ ਰਹੀ ਹੈ

ਨਵੀਂ ਦੁਨੀਆ

ਨਵੇਂ ਲੋਕ

ਨਵੇਂ ਨਵੇਂ ਮੀਲਾਂ ਲੰਬੇ

ਪੁਲ ਉਸਰ ਰਹੇ ਨੇ

ਪੁਲ ਹੀ ਪੁਲ

ਬਣ ਗਏ ਨੇ

ਵੱਡੇ ਵੱਡੇ ਉੱਚੇ ਉੱਚੇ ਲੋਕਾਂ ਲਈ

ਤਾਂ ਕਿ ਧਰਤੀ ਦੀ ਭੀੜ

ਉਹਨਾਂ ਦੇ ਰਾਹ ਵਿੱਚ

ਅੜਿੱਕਾ ਨਾ ਪਾਵੇ

ਨਹੀਂ ਰੁਕ ਸਕਦੇ ਉਹ

ਰੇਲਵੇ ਫਾਟਕਾਂ ’ਤੇ

ਟਾਈਮ ਬਹੁਤ ਕੀਮਤੀ ਹੈ

ਉਹਨਾਂ ਦਾ

ਨਹੀਂ ਵਿਚਰ ਸਕਦੇ ਉਹ

ਸਾਈਕਲਾਂ, ਰੇੜ੍ਹੀਆਂ, ਗੱਡਿਆਂ

ਰਿਕਸ਼ਿਆਂ ਦੀ ਭੀੜ ਵਿਚਕਾਰ

ਜਿੱਥੇ ਗਰੀਬ ਲੋਕ

ਅਜੇ ਵੀ ਫਸੇ ਕੁਰਲਾ ਰਹੇ ਨੇ

ਆਪਣੀ ਆਪਣੀ

ਵਾਰੀ ਦੀ ਉਡੀਕ ਵਿੱਚ

ਉੱਚੇ ਉੱਚੇ ਲੰਬੇ ਪੁਲਾਂ ’ਤੇ

ਉੱਡੇ ਜਾ ਰਹੇ ਹਨ ਅਮੀਰ ਲੋਕ

ਤੇ ਇਹਨਾਂ ਹੀ ਪੁਲਾਂ ਥੱਲੇ

ਕੀੜਿਆਂ ਵਾਂਗ

ਕੁਰਬਲ ਕੁਰਬਲ ਕਰ ਰਹੀ ਹੈ

ਗਰੀਬ ਜਨਤਾ।

ਆਧੁਨਿਕ ਤਕਨੀਕ


ਸੁਣਦੇ ਸਾਂ ਕਿ ਲੋਕ ਚਿਹਰੇ ’ਤੇ

ਮਖੌਟੇ ਚੜ੍ਹਾ ਲੈਂਦੇ ਸਨ

ਯੁਗਾਂ ਪੁਰਾਣੀ ਗੱਲ ਹੈ

ਫਿਰ ਇੱਕ ਮਖੌਟੇ ਥੱਲੇ

ਦੂਸਰਾ

ਫਿਰ ਤੀਸਰਾ

ਅਣਗਿਣਤ ਮਖੌਟੇ

ਇਹ ਗੱਲ ਵੀ ਪੁਰਾਣੀ ਹੋ ਗਈ

ਸਮਾਂ ਬਦਲਣ ਨਾਲ

ਫ਼ਰਕ ਪਿਆ

ਹੁਣ ਲੋਕ ਮਖੌਟੇ ਨਹੀਂ ਪਹਿਨਦੇ

ਹੁਣ ਉਹਨਾਂ ਨੇ ਸਕਿੰਟਾਂ ’ਚ

ਚਿਹਰੇ ਤਬਦੀਲ ਕਰਨ ਦੀ

ਆਧੁਨਿਕ ਤਕਨੀਕ ਸਿੱਖ ਲਈ ਹੈ

ਹੁਣੇ ਤੁਹਾਡੇ ਸਾਹਮਣੇ ਕਬੂਤਰ ਬੈਠਾ ਸੀ

ਹੁਣੇ ਦਹਾੜਦਾ ਸ਼ੇਰ ਬਣ ਗਿਆ

ਹੁਣੇੇ ਉਹ ਚਲਾਕ ਲੂੰਬੜੀ ਵਿੱਚ

ਤਬਦੀਲ ਹੋਇਆ

ਤੇ ਹੁਣੇ ਤਿੱਤਰ ਬਟੇਰ ਬਣ ਗਿਆ

ਹੁਣੇ ਉਹ ਪਾਲਤੂ ਕੁੱਤਾ ਸੀ

ਤੁਹਾਡੇ ਪੈਰ ਚੱਟਦਾ

ਹੁਣੇ ਉੱਡਣਾ ਸੱਪ ਬਣ ਕੇ

ਤੁਹਾਨੂੰ ਡੰਗਦਾ

ਏਨਾ ਜ਼ਹਿਰੀਲਾ

ਕਿ ਬੰਦਾ ਪਾਣੀ ਵੀ ਨਾ ਮੰਗਦਾ

ਲੋਕ ਮਖੌਟੇ ਪਹਿਨਦੇ ਸਨ

ਇਹ ਯੁਗਾਂ ਪੁਰਾਣੀ ਗੱਲ ਹੈ

ਹੁਣ ਲੋਕਾਂ ਨੇ

ਚਿਹਰੇ ਤਬਦੀਲ ਕਰਨ ਦੀ

ਆਧੁਨਿਕ ਤਕਨੀਕ ਸਿੱਖ ਲਈ ਹੈ।

ਮੰਗਲਵਾਰ


ਮੰਗਲਵਾਰ ਦਾ ਦਿਨ ਹੈ

ਮੰਦਿਰ ਦੇ ਬੂਹੇ ਦੇ ਬਾਹਰ

ਬੈਠੇ ਨੇ ਬੱਚੇ

ਹੱਥ ਫੈਲਾਈ

ਲੋਕ ਆਉਂਦੇ ਨੇ

ਮੱਥਾ ਟੇਕ ਕੇ

ਵੰਡ ਦਿੰਦੇ ਹਨ

ਸੁੱਖਾਂ ਸੁੱਖਿਆ ਪ੍ਰਸ਼ਾਦ

ਹੱਥ ਫੈਲਾਈ ਬੱਚਿਆਂ ਦੇ ਵਿੱਚ

ਬੱਚੇ ਖਾਂਦੇ

ਖੁਸ਼ ਹੋ ਰਹੇ

ਲੋਕ ਖੁਸ਼ ਨੇ ਕਿ ਵੰਡ ਚੱਲੇ ਨੇ

ਦੁੱਖ ਆਪਣਾ

ਨਿੱਕੇ ਨਿੱਕੇ ਬੱਚਿਆਂ ਦੇ ਵਿੱਚ

ਤੇ ਬੱਚੇ ਖੁਸ਼ ਨੇ

ਕਿ ਬਹੁਤ ਦਿਨਾਂ ਬਾਅਦ

ਅੱਜ ਮਿਲਿਆ ਹੈ

ਖਾਣ ਨੂੰ ਰੱਜਵਾਂ।




ਪਛਾਣ

ਦਾਖਲੇ ਤੋਂ ਬਾਅਦ

ਕਲਾਸ ਵਿੱਚ ਪਹਿਲੇ ਦਿਨ

ਅਧਿਆਪਕ ਨੇ ਕਿਹਾ

ਇਕੱਲੇ ਇਕੱਲੇ ਬੱਚੇ ਨੂੰ

ਆਪਣੀ ਪਛਾਣ ਦੇਣ ਲਈ

ਖੜ੍ਹੇ ਹੋਏ ਬੱਚੇ

ਇਕੱਲੇ ਇਕੱਲੇ ਦੱਸਣ ਲੱਗੇ

ਮੇਰਾ ਪਿਤਾ ਡਾਕਟਰ ਹੈ

ਮੇਰਾ ਕਲਰਕ

ਮੇਰਾ ਦੁਕਾਨਦਾਰ

ਮੇਰਾ ਮਾਸਟਰ

ਸਾਰੀ ਕਲਾਸ ਵਿੱਚ

ਦੋ ਬੱਚੇ ਆਪਣੇ ਪਿਤਾ ਦਾ

ਪੇਸ਼ਾ ਦੱਸਣ ਲੱਗੇ ਹਿਚਕਿਚਾਏ

ਉਹਨਾਂ ’ਚੋਂ ਇੱਕ ਦਾ ਪਿਤਾ ਮੋਚੀ ਸੀ

ਦੂਜੇ ਦਾ ਚਪੜਾਸੀ

ਤੇ ਅਗਲੇ ਦਿਨ

ਦੋਵੇਂ ਬੱਚੇ

ਸਕੂਲ ’ਚ ਨਹੀਂ ਆਏ।


phone : 98142 31698 india 


Comments


bottom of page