top of page
Writer's pictureਸ਼ਬਦ

ਬੇਚੈਨ, ਬੇਵਿਸਾਹੇ ਦਿਨ * ਦਿਨੇ ਰਾਤ ਜਦੋਂ ਵੀ ਮਿਲਦਾ ਮੌਕਾ – ਮੈਂ ਬਣਾ ਹੀ ਲੈਂਦਾ ਮੌਕਾ – ਇਸ ਅਰਧ-ਪੇਂਡੂ ਇਲਾਕੇ ਚ ਸਥਿਤ ਇਸ ਵਿਦਿਅਕ ਅਦਾਰੇ ਦੇ ਸਾਫ-ਸੁਥਰੇ, ਰੁਚੀਪੂਰਨ ਮਹਿਮਾਨ-ਘਰ ਦੀ ਦੂਸਰੀ ਮੰਜਲ ਦੇ ਆਪਣੇ ਸੋਹਣੇ ਖੁੱਲ੍ਹੇ ਕਮਰੇ ਦੀ ਦੱਖਣ ਨੂੰ ਖੁੱਲ੍ਹਦੀ ਸ਼ੀਸ਼ੇ ਦੀ ਚੌੜੀ ਖਿੜਕੀ ਚੋਂ ਬਾਹਰ ਤੱਕਦਾ ਹਾਂ। ਖੱਬੇ ਹੱਥ ਅਰਜਨ ਟਾਹਲੀ ਸਫੈਦੇ ਗੁਲਮੋਹਰ ਡੇਕਾਂ ਤੇ ਧਰੇਕਾਂ ਨੇ – ਸਾਉਣ-ਭਾਦੋਂ ਦੇ ਇਨ੍ਹਾਂ ਗਰਮ ਹੁੱਸੜੇ ਦਿਨੀਂ, ਖੁਸ਼, ਸੰਘਣੀਆਂ ਤੇ ਮੇਘਲੀਆਂ-ਸਾਵੀਆਂ। ਸੱਜੇ ਹੱਥ ਖੇਡ-ਮੈਦਾਨ ਹੈ। ਟਰੈਕਟਰਾਂ ਤੇ ਘਾਹ-ਕੱਟਣੀਆਂ ਮਸ਼ੀਨਾਂ ਤੋਂ ਇਹਦਾ ਲਹਿਲਾਹਾਉਂਦਾ ਸਾਵਣੀ ਘਾਹ ਮਸਾਂ ਹੀ ਕਾਬੂ ਆਉਂਦਾ।

ਮੈਦਾਨ ਦੀ ਦੱਖਣੀ ਤੇ ਲਹਿੰਦੀ ਚਾਰਦੀਵਾਰੀ ਤੋਂ ਪਾਰ ਖੇਤ ਨੇ – ਝੋਨੇ ਤੇ ਚਰ੍ਹੀ ਦੇ ਤੇ ਇਕ ਅੱਧ ਕਪਾਹ ਦਾ, ਜਿਥੇ ਕਦੇ ਕਦਾਈਂ ਕਿਸਾਨ ਕੋਈ ਜਾਂ ਖੇਤ-ਮਜ਼ਦੂਰ ਮੈਨੂੰ ਦੂਰਬੀਨ ਚੋਂ ਦੀ ਖੇਤ ਚ ਝੁਕਿਆ ਜਾਂ ਬੈਠਾ ਕੰਮ ਕਰਦਾ ਵਿਖਾਲੀ ਦੇ ਜਾਂਦਾ ਤੇ ਕਦੇ ਕੋਈ ਬਲਦ ਵੀ। ਖੇਤਾਂ ਤੋਂ ਪਾਰ ਇਕ ਤਿਰਸ਼ੀ ਜਾਂਦੀ ਤੇ ਰੁੱਖਾਂ ਚ ਘਿਰੀ ਸੌੜੀ ਪੇਂਡੂ ਸੜਕ ਹੈ ਜਿਥੇ ਦੋਪਹੀਆ ਤੇ ਕੁਝ ਨਿੱਕੇ ਵਾਹਨ ਦਿਸ ਜਾਂਦੇ ਬੇਅਵਾਜ਼ ਆਉਂਦੇ ਜਾਂਦੇ। ਲਹਿੰਦੇ ਦਾ ਪੂਰਾ ਤੇ ਦੱਖਣ ਦਾ ਅੱਧਾ ਦਿਸਹੱਦਾ ਮੱਲਦੀਆਂ ਸਫੈਦਿਆਂ ਜਾਂ ਪੌਪਲਰਾਂ ਦੀਆਂ ਸੰਘਣੀਆਂ ਝੰਗੀਆਂ ਨੇ। ਉਨ੍ਹਾਂ ਤੋਂ ਪਾਰ ਦੀ ਦੁਨੀਆ ਮੇਰੇ ਲਈ ਰਹੱਸਮਈ ਅਣਜਾਣ ਹੈ।

ਰਾਤ ਮੈਂ ਸੌਣ ਲੱਗਦਾ ਪਾਸਤੋਵਸਕੀ ਦਾ "ਸੁਨਹਿਰਾ ਗੁਲਾਬ" ਪੜ੍ਹਦਾ ਹੁੰਦਾ ਤਾਂ ਅਣਜਾਣੇ ਪੰਛੀ ਭਾਂਤ ਭਾਂਤ ਦੀਆਂ 'ਵਾਜ਼ਾਂ ਕਰਦੇ, ਭੂਰੇ ਤਿੱਤਰ ਕੂਕਦੇ, ਦੂਰ ਕਿਤੇ "ਰਾਤ ਦੀ ਗੱਡੀ" ਆਪਣੀ ਗਹਿਰੀ, ਧੁਰ ਅੰਦਰੋਂ ਨਿਕਲਦੀ ਚੀਕ ਮਾਰਦੀ। ਮੈਂ ਮੇਘਲੇ ਅਸਮਾਨ, ਠੰਢੀ ਰੁਮਕਦੀ ਪੌਣ ਤੇ ਅਗਲੀ ਸੁਬ੍ਹਾ ਸਹੀ-ਸਲਾਮਤ ਜਾਗਣ ਦੀ ਆਸ, ਪ੍ਰਾਰਥਨਾ ਕਰਦਾ ਸੌਂ ਜਾਂਦਾ।

ਨੇੜਲੇ ਦਰੱਖਤਾਂ ਤੇ ਖੇਡ-ਮੈਦਾਨ ਦੀ ਦੁਨੀਆ ਮੇਰੀ ਦੋਸਤ ਹੈ। ਦਰੱਖਤਾਂ ਚ ਸਾਰਾ ਦਿਨ ਬਹੁ ਭਾਂਤ ਪਰਿੰਦੇ ਆਉਂਦੇ: ਤੋਤੇ ਤੇ ਸੂਰਜ-ਪੰਛੀ ਤੇ ਉਹ ਦੁਰਲਭ ਹਰੇ-ਨਵੀਂ ਇੱਟਰੰਗੇ ਬਸੰਤੇ। ਮੈਦਾਨ ਚ ਪਹੁ-ਫੁਟਾਲੇ ਤੋਂ ਵੀ ਪਹਿਲਾਂ ਤੋਂ ਸ਼ਾਮ ਦੇ ਘੁਸਮੁਸੇ ਤਾਂਈਂ ਤੇ ਸਿਖਰ ਦੁਪਹਿਰੀਂ ਵੀ, ਮਿਲਣ-ਰੁੱਤੇ ਸੁਨਹਿਰੀ ਸਿਰਾਂ ਤੇ ਗਰਦਨਾਂ ਵਾਲੇ ਬਗਲੇ, ਤੇ ਸੰਧੂਰੀ ਸਿਰਾਂ ਤੇ ਕਟਾਰ-ਚੁੰਝਾਂ ਵਾਲੇ ਕਾਲੇ ਬੁਜੇ ਚੁਗਦੇ ਰਹਿੰਦੇ।ਇਕ ਦੂਜੇ ਦੇ ਨਾਲ ਸਹਿਜੇ ਅਰਾਮ ਨਾਲ। ਘਟੋਘਟ ਕੁਦਰਤ ਤਾਂ ਰੰਗਭੇਦ ਨਹੀਂ ਕਰਦੀ!

ਉਨ੍ਹਾਂ ਨੂੰ, ਤੇ ਦਰੱਖਤਾਂ ਨੂੰ, ਤੇ ਅੱਠੇ ਪਹਿਰ ਅਸਮਾਨ ਦੀਆਂ ਬਦਲਦੀਆਂ ਭਾਹਾਂ ਨੂੰ ਵੇਖਣਾ ਮੈਨੂੰ ਸਹਿਜ ਰੱਖਦਾ ਇਨ੍ਹਾਂ ਬੇਵਿਸਾਹੇ ਬੇਅਰਾਮੇ ਉੱਘੜ-ਧੁੱਮੇ ਦਿਨੀਂ ਜਦੋਂ ਕਿ ਹਰ ਪਾਸੇ ਡਰ ਤੇ ਦਹਿਸ਼ਤ ਤੇ ਅਨਿਸ਼ਚਤਤਾ (ਇਕ ਪਲ ਜਾਪੇ ਪਰਲੋ ਆਈ, ਦੂਸਰੇ ਐਵੇਂ ਹਊਆ, ਸਭ ਠੀਕਠਾਕ) ਦਨਦਨਾਓੰਦੇ ਫਿਰਦੇ: ਆਦਮ-ਬੂ... ਆਦਮ-ਬੂ...। *

留言


bottom of page