top of page
Writer's pictureਸ਼ਬਦ

ਐਡਨਬਰਾ ਸ਼ਹਿਰ ਦਾ ਬੁੱਤ ਵਿਧਾਨ /

ਹਰਜੀਤ ਅਟਵਾਲ /

ਲੰਡਨ ਤੋਂ ਬਾਅਦ ਜੇ ਕੋਈ ਮੈਨੂੰ ਸ਼ਹਿਰ ਬਹੁਤਾ ਪਸੰਦ ਹੈ ਉਹ ਹੈ ਐਡਨਾਬਰਾ। ਐਡਨਬਰਾ ਵਿੱਚ ਘੁੰਮਦਿਆਂ ਤੁਹਾਨੂੰ ਲਗਦਾ ਹੈ ਜਿਵੇਂ ਤੁਸੀਂ ਯੌਰਪ ਦੇ ਕਿਸੇ ਸ਼ਹਿਰ ਵਿੱਚ ਘੁੰਮ ਰਹੇ ਹੋਵੋਂ। ਪੱਥਰਾਂ ਦੀਆਂ ਬਣੀਆਂ ਉਚੀਆਂ ਉਚੀਆਂ ਇਮਾਰਤਾਂ ਮਨ ਵਿੱਚ ਧੂ ਪਾਉਂਦੀਆਂ ਹਨ। ਭਾਵੇਂ ਲੰਡਨ ਤੋਂ ਇਹ ਸਭ ਤੋਂ ਦੂਰਲਾ ਸ਼ਹਿਰ ਹੈ ਫਿਰ ਵੀ ਮੈਂ ਇਥੇ ਕਈ ਵਾਰ ਗਿਆ ਹਾਂ। ਐਡਨਬਰਾ ਦੀ ਮੇਰੀ ਪਹਿਲੀ ਫੇਰੀ ਕੁਝ ਕਾਰਨਾਂ ਕਰਕੇ ਬਹੁਤੀ ਸੁਖਾਵੀਂ ਨਹੀਂ ਸੀ ਪਰ ਸ਼ਹਿਰ ਫਿਰ ਵੀ ਮੈਨੂੰ ਬਹੁਤ ਖੂਬਸੂਰਤ ਲਗਿਆ ਸੀ। ਫਿਰ ਕਈ ਵਾਰ ਐਡਨਬਰਾ ਜਾਣ ਦਾ ਮੌਕਾ ਮਿਲਿਆ। ਹਰ ਵਾਰ ਐਡਨਬਰਾ ਵਿੱਚ ਕੁਝ ਨਵਾਂ ਦੇਖਣ, ਮਾਨਣ ਲਈ ਮਿਲਿਆ। ਜਦ ਵੀ ਸਕੌਟਲੈਂਡ ਜਾਣ ਦਾ ਮੌਕਾ ਲੱਗੇ ਤਾਂ ਐਡਨਬਰਾ ਜਾਣਾ ਜ਼ਰੂਰੀ ਹੁੰਦਾ ਹੈ ਤੇ ਸਕੌਟਲੈਂਡ ਆਏ ਸਾਲ ਜਾਣਾ ਰਹਿੰਦਾ ਹੀ ਹੈ। ਸਕੌਟਲੈਂਡ ਜਾਣ ਬਾਰੇ ਫਿਰ ਕਦੇ ਲਿਖਾਂਗਾ। ਹਾਂ, ਬਹੁਤੀ ਵਾਰ ਸਕੌਟਲੈਂਡ ਦੋਸਤਾਂ ਦੀ ਟੀਮ ਨਾਲ ਜਾਣਾ ਹੁੰਦਾ ਹੈ ਤੇ ਸਾਡੀ ਟੀਮ ਦਾ ਲੀਡਰ ਸ਼ਾਇਰ ਜਸਵਿੰਦਰ ਮਾਨ ਹੁੰਦਾ ਹੈ। ਸਕੌਟਲੈਂਡ ਜਾਂਦਿਆ ਐਡਨਬਰਾ ਜਾਣ ਦਾ ਕਾਰਨ ਇਕ ਤਾਂ ਸ਼ਹਿਰ ਦੀ ਖੂਬਸੂਰਤੀ ਹੈ ਤੇ ਉਥੇ ਰਹਿੰਦੇ ਦੋਸਤ ਸਟੀਵ ਤੇ ਐਲਕਸ ਵੀ ਹਨ। ਦੋਵੇਂ ਪੁਲੀਸ ਵਿੱਚ ਉਚ ਅਧਿਕਾਰੀ ਹਨ। ਐਡਨਬਰਾ ਦੀ ਬੀਅਰ ਵੀ ਖਿੱਚ ਦਾ ਕਾਰਨ ਬਣਦੀ ਹੈ। ਕੇਂਦਰੀ ਐਡਨਬਰਾ ਦੇ ਦਿ੍ਰਸ਼ ਵੀ ਮਨ-ਮੋਹਣੇ ਹਨ। ਤੇ ਇਥੇ ਲੱਗੇ ਬੁੱਤ ਵੀ। ਮੈਂ ਜਦ ਵੀ ਕਿਸੇ ਸ਼ਹਿਰ ਜਾਵਾਂ ਤਾਂ ਉਥੋਂ ਦੇ ਬੁੱਤਾਂ ਨੂੰ ਦੇਖਦਿਆਂ ਉਹਨਾਂ ਬਾਰੇ ਜਾਨਣ ਲਈ ਉਤਾਵਲਾ ਰਹਿੰਦਾ ਹਾਂ। ਬੁੱਤ ਲਾਉਣ ਦਾ ਕਾਰਨ ਉਸ ਬੁੱਤ ਵਾਲੇ ਇਨਸਾਨ ਦੀ ਕੋਈ ਨਾ ਕੋਈ ਖਾਸ ਸ਼ਖਸੀਅਤ ਹੁੰਦੀ ਹੈ। ਦੁਨੀਆ ਭਰ ਵਿੱਚ ਵਿਸ਼ੇਸ਼ ਲੋਕਾਂ ਦੇ ਬੁੱਤ ਲਾਏ ਜਾਂਦੇ ਪਰ ਕਈ ਵਾਰ ਇਨਸਾਨਾਂ ਦੇ ਨਾਲ ਨਾਲ ਜਾਨਵਰਾਂ ਦੇ ਬੁੱਤ ਵੀ ਲੱਗੇ ਮਿਲਦੇ ਹਨ ਜਿਵੇਂ ਕਿ ਘੋੜਿਆਂ, ਕੁੱਤਿਆਂ, ਸ਼ੇਰਾਂ, ਬਿੱਲੀਆਂ ਆਦਿ ਦੇ। ਐਡਨਬਰਾ ਵਿੱਚ ਵੀ ਇਵੇਂ ਹੀ ਹੈ। ਖੈਰ, ਇਹਦੇ ਬਾਰੇ ਗੱਲ ਬਾਅਦ ਵਿੱਚ ਕਰਦੇ ਹਾਂ ਪਹਿਲਾਂ ਮੈਂ ਆਪਣੇ ਇਸ ਪਸੰਦੀਦਾ ਸ਼ਹਿਰ ਬਾਰੇ ਕੁਝ ਹੋਰ ਸਾਂਝਾ ਕਰ ਲਵਾਂ।

ਐਡਨਬਰਾ ਗਲਾਸਗੋ ਤੋਂ ਬਾਅਦ ਸਕੌਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਹੈ ਤੇ ਯੂਕੇ ਦਾ ਸੱਤਵੇਂ ਨੰਬਰ ਦਾ। ਇਹ ਪੰਦਰਵੀਂ ਸਦੀ ਤੋਂ ਸਕੌਟਲੈਂਡ ਦੀ ਰਾਜਧਾਨੀ ਚਲੀ ਆ ਰਹੀ ਹੈ। ਇਥੇ ਪਾਰਲੀਮੈਂਟ, ਸੁਪਰੀਮ ਕੋਰਟ ਤੇ ਹੋਰ ਸਾਰੇ ਉਹ ਅਦਾਰੇ ਹਨ ਜਿਹੜੇ ਰਾਜਧਾਨੀ ਵਿੱਚ ਹੁੰਦੇ ਹੀ ਹਨ। ਹੁਣ ਜਦ ਤੋਂ ਸਕੌਟਲੈਂਡ ਦੇ ਯੁਨਾਈਟਡ ਕਿੰਗਡਮ ਵਿੱਚੋਂ ਬਾਹਰ ਹੋਣ ਦੀ ਗੱਲ ਚੱਲ ਰਹੀ ਹੈ, ਇਹਨਾਂ ਸਰਕਾਰੀ ਇਮਰਾਤਾਂ ਨੂੰ ਰੰਗ-ਰੋਗਨ ਕਰਨ ਦੀਆਂ ਸਰਗਰਮੀਆਂ ਵਧ ਗਈਆਂ ਹਨ। ਇਸ ਦੀ ਆਬਾਦੀ ਪੰਜ ਲੱਖ ਦੇ ਕਰੀਬ ਹੈ ਜਿਸ ਵਿੱਚੋਂ ਇਕ ਛੋਟਾ ਜਿਹਾ ਹਿੱਸਾ ਪਰਵਾਸੀ ਲੋਕ ਜਾਣੀ ਕਿ ਕੁਝ ਹੋਰਨਾਂ ਮੁਲਕਾਂ ਤੇ ਰੰਗਾਂ ਦੇ ਲੋਕ ਸ਼ਾਮਲ ਹਨ। ਮਿਸਾਲ ਦੇ ਤੌਰ ‘ਤੇ ਪੰਜ ਹਜ਼ਾਰ ਦੇ ਕਰੀਬ ਭਾਰਤੀ ਇਥੇ ਰਹਿੰਦੇ ਹਨ, ਢਾਈ ਹਜ਼ਾਰ ਦੇ ਨੇੜੇ ਤੇੜੇ ਪਾਕਿਸਤਾਨੀ ਪਰ ਪੋਲਿਸ਼ ਸਭ ਤੋਂ ਵੱਧ ਜਾਣੀ ਕਿ ਗਿਆਰਾਂ ਹਜ਼ਾਰ ਵਸਦੇ ਹਨ। ਐਡਨਬਰਾ ਮੇਲਿਆਂ-ਮੁਸਾਬਿਆਂ, ਕਲਚਰ, ਨਵੀਆਂ-ਪੁਰਾਣੀਆਂ ਇਮਾਰਤਾਂ, ਸਿਨਮਿਆਂ-ਥੀਏਟਰਾਂ, ਮਿਊਜ਼ੀਅਮਾਂ ਆਦਿ ਲਈ ਬਹੁਤ ਮਸ਼ਹੂਰ ਸ਼ਹਿਰ ਹੈ। ਇਥੇ ਤਿੰਨ ਪ੍ਰਮੁੱਖ ਯੂਨੀਵਰਸਟੀਆਂ ਹਨ। ਐਡਨਬਰਾ ਕੈਸਲ, ਰੋਆਇਲ ਮਾਈਲ, ਰੋਆਇਲ ਬਟਾਨਿਕ ਗਾਰਡਨ, ਆਰਥਰ ਸੀਟ ਵਰਗੀਆਂ ਬਹੁਤ ਸਾਰੀਆਂ ਦੇਖਣ ਯੋਗ ਜਗਾਵਾਂ ਹਨ। ਪਰਿੰਸਸ ਸਟਰੀਟ ਉਪਰ ਐਡਨਬਰਾ ਕੈਸਲ ਵੱਲ ਦੀ ਚੁਹਲ-ਕਦਮੀ ਬਹੁਤ ਮਨ-ਲੁਭਾਵੀਂ ਹੈ। ਇਥੋਂ ਦੇ ਦਿ੍ਰਸ਼ ਤੇ ਲੈਂਡ-ਸਕੇਪ ਏਨੇ ਖੂਬਸੂਰਤ ਹਨ ਕਿ ਹੌਲੀਵੁੱਡ ਤੇ ਬੌਲੀਵੁੱਡ ਦੀ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਇਥੇ ਹੁੰਦੀ ਹੈ। ਪਿੱਛੇ ਜਿਹੇ ਲੌਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਅਕਸ਼ੈ ਕੁਮਾਰ ਦੀ ਹਿੰਦੀ ਫਿਲਮ ‘ਬੈੱਲਬੌਟਮ’ ਦੀ ਸ਼ੂਟਿੰਗ ਚੱਲ ਰਹੀ ਸੀ। ਐਡਨਬਰਾ ਦੁਨੀਆ ਦੇ ਬਹੁਤ ਸਾਰੇ ਮਸ਼ਹੂਰ ਲੋਕਾਂ ਦੀ ਜਨਮ-ਭੂਮੀ ਵੀ ਹੈ। ਜਿਹਨਾਂ ਵਿੱਚ ਸਰ ਵਾਲਟਰ ਸਕੌਟ, ਸੀਅਨ ਕੌਨਰੀ, ਚਾਰਲਸ ਡਾਰਵਿਨ, ਜੇਮਜ਼ ਕਲਾਰਕ ਮੈਕਸਵੈਲ ਆਦਿ ਸ਼ਾਮਲ ਹਨ।

ਹਾਂ, ਇਥੇ ਲੱਗੇ ਬੁੱਤਾਂ ਦੀ ਗੱਲ ਕਰੀਏ ਤਾਂ ਐਡਨਬਰਾ ਦੇ ਕੇਂਦਰ ਜੌਰਜ ਸਰਟੀਟ ਵਿੱਚ ਬਹੁਤ ਸਾਰੇ ਮਹੱਤਵ ਪੂਰਨ ਬੁੱਤ ਲੱਗੇ ਹੋਏ ਹਨ। ਮਸ਼ਹੂਰ ਲੋਕਾਂ ਦੇ। ਪੂਰੇ ਐਡਨਬਰਾ ਵਿੱਚ ਤਾਂ ਸੈਂਕੜਿਆਂ ਦੇ ਸੈਂਕੜੇ ਬੁੱਤ ਹੋਣਗੇ। ਪਿੱਛੇ ਜਿਹੇ ਜਦ ‘ਬਲੈਕ ਲਾਈਵਜ਼ ਮੈਟਰ’ ਲਹਿਰ ਦੇ ਅਧੀਨ ਨਸਲਵਾਦੀ ਲੋਕਾਂ ਦੀ ਖਿਲਾਫਤ ਕਰਦਿਆਂ ਬਰਤਾਨੀਆ ਵਿੱਚ ਬਹੁਤ ਸਾਰੇ ਬੁੱਤਾਂ ਦੀ ਤੋੜ ਫੋੜ ਸ਼ੁਰੂ ਹੋਈ ਤਾਂ ਇਸ ਦਾ ਅਸਰ ਇਸ ਸ਼ਹਿਰ ਵਿੱਚ ਵੀ ਹੋਇਆ। ਐਡਨਬਰਾ ਦੇ ਸੱਠ ਤੋਂ ਉਪਰ ਬੁੱਤ ਵੀ ਇਸ ਲਹਿਰ ਦੀ ਮਾਰ ਹੇਠ ਸਨ। ਸਭ ਤੋਂ ਵੱਧ ਵਿਰੋਧ ਹੈਨਰੀ ਡੁਨਡਾਸ ਦਾ ਬੁੱਤ ਖਤਰੇ ਵਿੱਚ ਸੀ ਪਰ ਪੁਲੀਸ ਦੇ ਦਖਲ ਨਾਲ ਹਾਲੇ ਤੱਕ ਬਚਾਅ ਹੈ।

ਪਰ ਐਡਨਬਰਾ ਸ਼ਹਿਰ ਵਿੱਚ ਬੁੱਤਾਂ ਲਾਉਣ ਦੇ ਢੰਗ ਵਿੱਚ ਇਕ ਵੱਡਾ ਕਾਣ ਹੈ। ਕਾਣ ਇਹ ਹੈ ਕਿ ਸ਼ਹਿਰ ਵਿੱਚ ਆਦਮੀਆਂ ਦੇ ਬੁੱਤ ਤਾਂ ਕਾਫੀ ਹਨ ਪਰ ਔਰਤਾਂ ਦੇ ਬਹੁਤ ਹੀ ਘੱਟ ਹਨ। ਔਰਤਾਂ ਦੇ ਮੁਕਾਬਲੇ ਜਾਨਵਰਾਂ ਦੇ ਬੁੱਤ ਜ਼ਿਆਦਾ ਮਿਲਦੇ ਹਨ। ਕੁੱਤੇ, ਰਿੱਛ ਤੇ ਜ਼ਿਰਾਫ ਵਰਗੇ ਜਾਨਵਰਾਂ ਦੇ ਬੁੱਤ ਤਾਂ ਸ਼ਹਿਰ ਵਿੱਚ ਹਨ ਪਰ ਔਰਤਾਂ ਦੇ ਸਿਰਫ ਦੋ ਬੁੱਤ ਹੀ ਹਨ ਜਦ ਕਿ ਸ਼ਹਿਰ ਵਿੱਚ ਬਹੁਤ ਸਾਰੀਆਂ ਮਸ਼ਹੂਰ ਔਰਤਾਂ ਹੋਈਆਂ ਹਨ ਜਿਹਨਾਂ ਦੇ ਬੁੱਤ ਲਾਏ ਜਾ ਸਕਦੇ ਸਨ। ਅਸਲ ਵਿੱਚ ਇਹ ਸਵਾਲ ‘ਵੋਮੈਨ ਡੇ’ ਉਪਰ ਉਠਾਇਆ ਗਿਆ ਹੈ। ਇਸ ਬਾਰੇ ਬੀ.ਬੀ.ਸੀ. ਉਪਰ ਰੋਏਸਨ ਕੈਨੀ ਨਾਂ ਦੀ ਇਕ ਕੁੜੀ ਨੇ ਪੂਰਾ ਪ੍ਰੋਗਰਾਮ ਕੀਤਾ ਹੈ ਕਿ ਐਡਨਬਰਾ ਦੇ ਬੁੱਤਾਂ ਦੇ ਵਿਧੀ ਵਿਧਾਨ ਵਿੱਚ ਵੱਡੀ ਕਾਣ ਹੈ। ਬਹੁਤ ਸਾਰੇ ਅਜਿਹੇ ਲੋਕਾਂ ਦੇ ਬੁੱਤ ਹਨ ਜਿਹਨਾਂ ਦਾ ਐਡਨਬਰਾ ਨਾਲ ਬਹੁਤਾ ਵਾਹ ਨਹੀਂ ਜਿਵੇਂ ਕਿ ਐਬਰਾਹਮ ਲਿੰਕਨ ਜੋ ਅਮਰੀਕਨ ਪਰਜ਼ੀਡੈਂਟ ਸੀ ਪਰ ਉਸ ਦਾ ਬੁੱਤ ਸ਼ਹਿਰ ਵਿੱਚ ਲੱਗਾ ਹੋਇਆ ਹੈ। ਅਲੈਗਜ਼ੰਡਰਾ ਦਾ ਗਰੇਟ ਭਾਵ ਸਿਕੰਦਰ ਜੋ ਕਦੇ ਇਸ ਪਾਸੇ ਦੀ ਵੀ ਨਹੀਂ ਲੰਘਿਆ, ਉਸ ਦਾ ਬੁੱਤ ਵੀ ਸ਼ਹਿਰ ਵਿੱਚ ਲੱਗਾ ਹੋਇਆ ਹੈ।

ਪਰਿੰਸਸ ਸਟਰੀਟ ਗਾਰਡਨ ‘ਤੇ ਇਕ ਮਸ਼ਹੂਰ ਕੁੱਤੇ ਦਾ ਬੁੱਤ ਹੈ ਜਿਸ ਨੇ ਆਪਣੇ ਮਾਲਕ ਦੀ ਮੌਤ ਤੋਂ ਬਾਅਦ ਆਪਣੀ ਬਾਕੀ ਦੀ ਉਮਰ ਆਪਣੇ ਮਾਲਕ ਦੀ ਕਬਰ ਉਪਰ ਹੀ ਬਿਤਾ ਦਿੱਤੀ। ਇਵੇਂ ਹੀ ਵੋਜਟਿਕ ਨਾਮੀ ਬੀਅਰ (ਰਿੱਛ) ਦਾ ਬੁੱਤ ਵੀ ਲੱਗਾ ਹੋਇਆ ਹੈ ਤੇ ਇਕ ਥਾਵੇਂ ਦੋ ਜੀਰਾਫਾਂ ਦੇ ਨਵੇਂ ਢੰਗ ਦੇ ਬੁੱਤ ਵੀ ਹਨ। ਮਰਦਾਂ ਦੇ ਬੁੱਤ ਤਾਂ ਸੈਂਕੜੇ ਦੀ ਗਿਣਤੀ ਵਿੱਚ ਹਨ। ਇਸ ਦੇ ਮੁਕਾਬਲੇ ਔਰਤਾਂ ਦੇ ਸਿਰਫ ਦੋ ਬੁੱਤ ਹਨ। ਇਕ ਬੁੱਤ ਹੈਲਨ ਕਰੁਮੀ ਨਾਂ ਦੀ ਔਰਤ ਦਾ ਹੈ ਜਿਸ ਨੇ ਕਰੇਗ ਮਿਲਰ ਫੈਸਟੀਵਲ ਸੁਸਾਇਟੀ ਦਾ ਨਿਰਮਾਣ ਕੀਤਾ ਸੀ ਤੇ ਦੂਜਾ ਬੁੱਤ ਕੁਈਨ ਵਿਕਟੋਰੀਆ ਦਾ ਹੈ ਜੋ ਕਿ ਯੂਕੇ ਦੀ ਮਹਾਂਰਾਣੀ ਹੋਈ ਹੈ। ਇਸ ਤੋਂ ਬਿਨਾਂ ਕਿਸੇ ਵੀ ਔਰਤ ਦਾ ਕੋਈ ਬੁੱਤ ਨਹੀਂ ਹੈ ਜਦ ਕਿ ਐਡਨਬਰਾ ਦੇ ਇਤਿਹਾਸ ਵਿੱਚ ਬਹੁਤ ਸਾਰੀਆਂ ਮਸ਼ਹੂਰ ਔਰਤਾਂ ਹੋਈਆਂ ਹਨ। ਰੋਏਸਨ ਕੈਨੀ ਨੇ ਬੀ.ਬੀ.ਸੀ. ਉਪਰ ਦਿੱਤੇ ਪ੍ਰੋਗਰਾਮ ਵਿੱਚ ਕੁਝ ਨਾਂ ਸੁਝਾਏ ਹਨ ਜਿਹਨਾਂ ਦੇ ਬੁੱਤ ਸ਼ਹਿਰ ਵਿੱਚ ਲਾਏ ਜਾ ਸਕਦੇ ਹਨ। ਇਹਨਾਂ ਵਿੱਚ ਸਭ ਤੋਂ ਪਹਿਲਾ ਨਾਂ ਕਰਿਸਟਲ ਮੈਕਮਿਲਨ ਦਾ ਹੈ। ਕਰਿਸਟਲ ਮੈਕਮਿਲਨ ਐਡਨਬਰਾ ਦੀ ਯੂਨੀਵਰਸਟੀ ਤੋਂ ਗਰੈਜੂਏਸ਼ਨ ਕਰਨ ਵਾਲੀ ਪਹਿਲੀ ਔਰਤ ਸੀ। ਉਸ ਨੇ ਔਰਤਾਂ ਦੀ ਅੰਤਰਰਾਸ਼ਟਰੀ ਲੀਗ ਫਾਰ ਪੀਸ ਐਂਡ ਫਰੀਡਮ ਬਣਾਈ ਸੀ ਜਿਹੜੀ ਅੱਜ ਵੀ ਦੁਨੀਆ ਵਿੱਚ ਹੋਣ ਵਾਲੀਆਂ ਲੜਾਈਆਂ ਨੂੰ ਰੋਕਣ ਲਈ ਕੰਮ ਕਰਦੀ ਆ ਰਹੀ ਹੈ। ਵੈਸੇ ਇਸ ਔਰਤ ਦੇ ਨਾਂ ‘ਤੇ ‘ਦਾ ਕਰਿਸਟਲ ਮੈਕਮਿਲਨ ਬਿਲਡਿੰਗ’ ਜੌਰਜ ਸਟਰੀਟ ਉਪਰ ਇਕ ਇਮਾਰਤ ਹੈ ਪਰ ਕੋਈ ਬੁੱਤ ਨਹੀਂ ਹੈ।

ਐਗਨਿਸ ਯੈਵੰਦੇ ਸੈਵੇਜ ਸਕੌਟਲੈਂਡ ਵਿੱਚ ਜੰਮੀ ਨਾਈਜੀਰੀਅਨ ਮੂਲ ਦੀ ਔਰਤ ਸੀ। ਉਹ ਪਹਿਲੀ ਔਰਤ ਸੀ ਜਿਸ ਨੇ ਔਰਥੋਡੌਕਸ ਮੈਡੀਸਨ ਵਿੱਚ ਦਾਖਲ ਲੈਣ ਦੀ ਯੋਗਤਾ ਹਾਸਲ ਕੀਤੀ ਸੀ ਤੇ ੧੯੨੯ ਵਿੱਚ ਡਿਗਰੀ ਪ੍ਰਾਪਤ ਕਰ ਲਈ ਸੀ। ਉਸ ਨਾਲ ਉਸ ਦੇ ਔਰਤ ਹੋਣ ਤੇ ਕਾਲੇ ਰੰਗ ਦੀ ਹੋਣ ਕਰਕੇ ਬਹੁਤ ਦੁਰਾਂਡਾ ਕੀਤਾ ਜਾਂਦਾ ਸੀ ਪਰ ਫਿਰ ਵੀ ਉਸ ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ ਤੇ ਉਸ ਨੇ ਅਫਰੀਕਨ ਮੁਲਕ ਘਾਨਾ ਵਿੱਚ ਇਕ ਨਰਸਿੰਗ ਕਾਲਜ ਬਣਾਇਆ ਜੋ ਅੱਜ ਵੀ ਚੱਲ ਰਿਹਾ ਹੈ। ਉਹ ਵੀ ਹੱਕਦਾਰ ਬਣਦੀ ਹੈ ਕਿ ਉਸ ਦਾ ਬੁੱਤ ਲੱਗੇ।

ਐਲਜ਼ੀ ਇੰਗਲਿਸ ਨੇ ਪਹਿਲੇ ਮਹਾਂਯੁੱਧ ਵਿੱਚ ਸਕੌਟਿਸ਼ ਔਰਤਾਂ ਲਈ ਹਸਪਤਾਲ ਬਣਾਇਆ ਤੇ ਫਰੰਟਲਾਈਨ ‘ਤੇ ਲੜਦੇ ਸਿਪਾਹੀਆਂ ਦੀ ਦੇਖਭਾਲ ਕੀਤੀ। ਉਸ ਨੇ ਆਪਣੀ ਟੀਮ ਨਾਲ ਰਲ ਕੇ ਫਰਾਂਸ, ਰੂਸ ਤੇ ਸਰਬੀਆ ਵਿੱਚ ਜਾ ਜਾ ਕੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ। ਐਲਜ਼ੀ ਦਾ ਇਤਿਹਾਸ ਵਿੱਚ ਖਾਸ ਥਾਂ ਹੈ ਸੋ ਉਸ ਦਾ ਬੁੱਤ ਵੀ ਲੱਗਣਾ ਚਾਹੀਦਾ ਹੈ।

ਡੇਮ ਮਰੀਅਲ ਸਪਾਰਕ ਐਡਨਬਰਾ ਦੀ ਜੰਮੀ ਇਕ ਪ੍ਰਸਿੱਧ ਲੇਖਕਾ ਹੋਈ ਹੈ। ਜਿਸ ਨੇ ਬਹੁਤ ਸਾਰੇ ਕਾਮਯਾਬ ਨਾਵਲ ਲਿਖੇ ਹਨ। ਉਸ ਦਾ ਸਭ ਤੋਂ ਪੜਿਆ ਜਾਣ ਵਾਲਾ ਨਾਵਲ ‘ਦਾ ਪਰਾਈਮ ਔਫ ਮਿਸ ਜੀਨ ਬਰਿੱਜ’ ਅੱਜ ਵੀ ਤੀਬਰਤਾ ਨਾਲ ਵਿਚਾਇਆ ਜਾਂਦਾ ਹੈ। ਉਹ ਵੀ ਬੁੱਤ ਲੱਗਣ ਦੀ ਹੱਕਦਾਰ ਬਣਦੀ ਹੈ।

‘ਦਾ ਐਡਨਬਰਾ ਸੈਵਨ’ ਨਾਂ ਦਾ ਸੱਤ ਕੁੜੀਆਂ ਦਾ ਇਕ ਮਸ਼ਹੂਰ ਗਰੁੱਪ ਹੋਇਆ ਹੈ। ਇਹਨਾਂ ਦੀ ਕਹਾਣੀ ਇਹ ਸੀ ਕਿ ਇਹ ਸੱਤ ਕੁੜੀਆਂ ਬਿ੍ਰਟਿਸ਼ ਯੂਨੀਵਰਸਟੀ ਵਿੱਚ ਦਾਖਲਾ ਲੈਣ ਵਾਲੀਆਂ ਪਹਿਲੀਆਂ ਔਰਤਾਂ ਸਨ। ਪੂਰਾ ਸਮਾਂ ਉਹਨਾਂ ਨੇ ਪੜ੍ਹਾਈ ਕੀਤੀ ਪਰ ਇਮਤਿਹਾਨਾਂ ਦੇ ਦਿਨਾਂ ਵਿੱਚ ਕੁ ਅਜਿਹਾ ਵਾਪਰਿਆ ਕਿ ਇਹਨਾਂ ਕੁੜੀਆਂ ਉਪਰ ਭੰਨ-ਤੋੜ ਦੇ ਇਲਜ਼ਾਮ ਲਾ ਕੇ ਇਹਨਾਂ ਨੂੰ ਡਿਗਰੀਆਂ ਨਾ ਦਿੱਤੀਆਂ ਗਈਆਂ ਹਾਲਾਂ ਕਿ ਉਹਨਾਂ ਨੇ ਇਹ ਇਮਤਿਹਾਨ ਪਾਸ ਕਰ ਲਏ ਸਨ। ਇਹਨਾਂ ਸੱਤ ਕੁੜੀਆਂ ਨੇ ਬਾਹਰਲੇ ਮੁਲਕਾਂ ਤੋਂ ਜਾ ਕੇ ਡਿਗਰੀਆਂ ਲਈਆਂ। ਇਹਨਾਂ ਵਿੱਚੋਂ ਇਕ ਔਰਤ ਜਿਸ ਦਾ ਨਾਂ ਸੋਫੀਆ ਜੈਕ-ਬਲੇਕ ਸੀ ਜਿਸ ਨੇ ਵਾਪਸ ਐਡਨਬਰਾ ਵਿੱਚ ਆ ਕੇ ਡਾਕਟਰੀ ਦੀ ਪਰੈਕਟਿਸ ਵੀ ਕੀਤੀ। ਇਹ ਸ਼ਹਿਰ ਦੀ ਪਹਿਲੀ ਔਰਤ-ਡਾਕਟਰ ਸੀ। ਹੋਰ ਕਿਸੇ ਦਾ ਨਹੀਂ ਤਾਂ ਇਸ ਦਾ ਬੁਤ ਤਾਂ ਲੱਗਣਾ ਹੀ ਚਾਹੀਦਾ ਹੈ।

ਇਵੇਂ ਹੀ ਦੋ ਹੋਰ ਔਰਤਾਂ ਹੋਈਆਂ ਹਨ, ਜੇਨ ਸਮੀਅਲ ਤੇ ਉਸ ਦੀ ਮਤਰੇਈ ਧੀ ਏਲੀਜ਼ਾ ਵਿਗੇਮ। ਇਹਨਾਂ ਦੋਨਾਂ ਦਾ ਔਰਤਾਂ ਦੇ ਤੇ ਕਾਲੇ ਲੋਕਾਂ ਦੇ ਹੱਕਾਂ ਲਈ ਸਭ ਤੋਂ ਪਹਿਲੀਆਂ ਵਿੱਚ ਆਵਾਜ਼ ਉਠਾਈ ਤੇ ਇਸ ਸਬੰਧੀ ਯੂਕੇ ਵਿੱਚ ਸੁਸਾਇਟੀਆਂ ਬਣਾਈਆਂ। ਇਕ ਸੁਸਾਇਟੀ ਵਲੋਂ ਇਹਨਾਂ ਨੇ ਅਮਰੀਕਾ ਵਿੱਚ ਗੁਲਾਮਾਂ ਨੂੰ ਆਜ਼ਾਦ ਕਰਾਉਣ ਲਈ ਹਜ਼ਾਰਾਂ ਪੌਂਡ ਇਕੱਠੇ ਕੀਤੇ ਤੇ ਬਹੁਤ ਸਾਰੇ ਗੁਲਾਮਾਂ ਨੂੰ ਅਮਰੀਕਨਾਂ ਦੀ ਚੁੰਗਲ ਵਿੱਚੋਂ ਛੁਡਵਾ ਕੇ ਕਨੇਡਾ ਭੇਜ ਕੇ ਆਜ਼ਾਦ ਜ਼ਿੰਦਗੀ ਜੀਉਣ ਵਿੱਚ ਮਦਦ ਕੀਤੀ।

ਇਵੇਂ ਹੋਰ ਵੀ ਬਹੁਤ ਸਾਰੇ ਖੇਤਰਾਂ ਵਿੱਚ ਮਹੱਤਵ ਪੂਰਨ ਔਰਤਾਂ ਹੋਈਆਂ ਹਨ ਜਿਹਨਾਂ ਦੀ ਜ਼ਿੰਦਗੀ ਨੂੰ ਸੈਲੀਬਰੇਟ ਕੀਤਾ ਜਾਣਾ ਚਾਹੀਦਾ ਹੈ। ਹੋਰਨਾਂ ਬੁੱਤਾਂ ਦੇ ਨਾਲ ਨਾਲ ਇਹਨਾਂ ਔਰਤਾਂ ਦੇ ਬੁੱਤ ਵੀ ਐਡਨਬਰਾ ਵਿੱਚ ਲਗਣੇ ਚਾਹੀਦੇ ਹਨ। ਇਸ ਬਾਰੇ ਕੰਪੇਨ ਸ਼ੁਰੂ ਹੋ ਚੁੱਕੀ ਹੈ। ਸਕੌਟਲੈਂਡ ਦੀ ਫਸਟ ਮਨਿਸਟਰ ਵੀ ਉਹਨਾਂ ਦੇ ਨਾਲ ਹੈ। ਉਮੀਦ ਹੈ ਕਿ ਜਦ ਵੀ ਅਸੀਂ ਅਗਲੀਵਾਰ ਐਡਨਬਰਾ ਜਾਈਏ ਤਾਂ ਔਰਤਾਂ ਦੇ ਬਹੁਤ ਸਾਰੇ ਬੁੱਤ ਲੱਗੇ ਹੋਣਗੇ।





Comments


bottom of page