top of page
Writer's pictureਸ਼ਬਦ



ਡਰਬੀ ਦਾ ਜਨੂੰਨ /

ਹਰਜੀਤ ਅਟਵਾਲ /

ਵੈਸੇ ਤਾਂ ਡਰਬੀ ਇੰਗਲੈਂਡ ਦਾ ਇਕ ਖੂਬਸੂਰਤ ਸ਼ਹਿਰ ਹੈ ਜਿਥੇ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ ਪਰ ਡਰਬੀ ਦੇ ਮਾਹਿਨੇ ਘੋੜ-ਦੌੜ ਵੀ ਹੈ। ਤੇ ਇਸ ਘੋੜ-ਦੌੜ ਨੂੰ ਖੇਡਦੇ ਰੂਪ ਵਿੱਚ ਲਿਆ ਜਾਂਦਾ ਹੈ। ਇਹ ‘ਖੇਡ’ ਬਹੁਤ ਸਾਰੇ ਦੇਸ਼ਾਂ ਵਿੱਚ ਖੇਡੀ ਜਾਂਦੀ ਹੈ ਬਲਕਿ ਦੁਨੀਆ ਦੇ ਹਰ ਵੱਡੇ ਸ਼ਹਿਰ ਵਿੱਚ ਖੇਡੀ ਜਾਂਦੀ ਹੈ। ਯੂਕੇ ਦੀ ਨੈਸ਼ਨਲ ਗੇਮ ਭਾਵੇਂ ਕ੍ਰਿਕਟ ਹੈ ਪਰ ਡਰਬੀ ਉਸਤੋਂ ਵੱਧ ਹਰਮਨਪਿਆਰੀ ਹੈ। ਡਰਬੀ ਅਜਿਹੀ ਘੋੜ ਦੌੜ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਘੋੜੇ ਜੌਕੀ (ਸਵਾਰ) ਨੂੰ ਲੈਕੇ ਇਕ ਨਿਸਚਤ ਦੂਰੀ ਤੱਕ ਦੌੜਦੇ ਹਨ। ਇੰਗਲੈਂਡ ਵਿੱਚ ਇਹ ਦੂਰੀ ਇਕ ਮੀਲ, ਚਾਰ ਫਰਲਾਂਗ, ਛੇ ਗਜ਼ ਹੈ ਜਾਣੀਕਿ 2420 ਮੀਟਰ। ਅਸਟਰੇਲੀਅਨ-ਡਰਬੀ, ਨਿਊਜ਼ੀਲੈਂਡ-ਡਰਬੀ, ਜਰਮਨ-ਡਰਬੀ ਤੇ ਇੰਡੀਅਨ-ਡਰਬੀ ਵਿੱਚ ਇਹ ਦੂਰੀ 2400 ਮੀਟਰ ਹੈ, ਫਰਾਂਸੀਸੀ-ਡਰਬੀ ਵਿੱਚ 2100 ਮੀਟਰ, ਸਵੀਡਿਸ਼-ਡਰਬੀ ਵਿੱਚ 2640 ਮੀਟਰ। ਇਵੇਂ ਥੋੜੇ ਜਿਹੇ ਫਰਕ ਨਾਲ ਇਹ ਦੂਰੀ ਤਕਰੀਬਨ ਇਕੋ-ਜਿਹੀ ਹੀ ਹੈ। ਇਹ ਰੇਸ ਭਾਵੇਂ ਕੁਝ ਕੁ ਮਿੰਟਾਂ ਦੀ ਹੀ ਹੁੰਦੀ ਹੈ ਪਰ ਇਸਦੀ ਤਿਆਰੀ ਲਈ ਸਾਲਾਂ ਦੇ ਸਾਲ ਲੱਗ ਜਾਂਦੇ ਹਨ। ਇਹ ਰੇਸ ਸਿਰਫ ਘੋੜਿਆਂ ਲਈ ਹੈ, ਖੋਤੇ-ਖੱਚਰੇ ਇਸ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ। ਅੰਗਰੇਜ਼ੀ ਦੀ ਕਹਾਵਤ ਹੈ ਕਿ ਫਲਾਨਾ ਡਰਬੀ ਦਾ ਘੋੜਾ ਹੈ ਭਾਰ ਢੋਣ ਵਾਲਾ ਨਹੀਂ। ਇਸ ਵਿੱਚ ਦੌੜਨ ਵਾਲੇ ਕੋਲਟ ਜਾਂ ਫਿਲੀ ਦੀ ਉਮਰ ਤਿੰਨ ਸਾਲ ਜ਼ਰੂਰੀ ਹੋਣੀ ਚਾਹੀਦੀ ਹੈ। ਕੋਲਟ ਦਾ ਭਾਵ ਵਛੇਰੇ ਤੋਂ ਘੋੜਾ ਬਣਨ ਜਾਣ ਵਾਲੇ ਤੇ ਫਿਲੀ ਵਛੇਰੀ ਤੋਂ ਘੋੜੀ ਬਣਨ ਜਾਣ ਵਾਲੇ ਜਾਨਵਰ (ਘੋੜੇ) ਨੂੰ ਕਿਹਾ ਜਾਂਦਾ ਹੈ। ਇੰਗਲੈਂਡ, ਅਸਟਰੇਲੀਆ, ਫਰਾਂਸ, ਜਰਮਨੀ ਬਗੈਰਾ ਵਿੱਚ ਕੋਲਟ ਜਾਂ ਫਿਲੀ ਤਿੰਨ ਸਾਲ ਦੇ ਹੋਣੇ ਚਾਹੀਦੇ ਹਨ ਪਰ ਇੰਡੀਆ, ਹੌਂਗਕੌਂਗ ਵਰਗੇ ਕੁਝ ਮੁਲਕ ਅਜਿਹੇ ਵੀ ਹਨ ਜਿਥੇ ਇਹ ਚਾਰ ਉਮਰ ਚਾਰ ਸਾਲ ਦੀ ਰੱਖੀ ਗਈ ਹੈ ਕਿਉਂਕਿ ਇਸ ਉਮਰ ਤੱਕ ਕੋਲਟ, ਫਿਲੀ ਪੂਰੇ ਘੋੜਾ, ਘੋੜੀ ਬਣ ਚੁੱਕੇ ਹੁੰਦੇ ਹਨ। ਫਿਨਲੈਂਡ ਡਰਬੀ ਵਿੱਚ ਤਾਂ ਦੌੜਨ ਲਈ ਘੋੜੇ ਦੀ ਉਮਰ ਪੰਜ ਸਾਲ ਰੱਖੀ ਗਈ ਹੈ। ਕਈ ਕਿਸਮ ਦੀਆਂ ਘੋੜ-ਦੌੜਾਂ ਹੁੰਦੀਆਂ ਹਨ ਜਿਵੇਂਕਿ ਸਟੀਪਲਚੇਜ਼ ਰੇਸ (ਅੜਿੱਕਿਆਂ ਵਾਲੀ), ਰੱਥ-ਰੇਸ ਆਦਿ। ਪਰ ਡਰਬੀ ਵਿੱਚ ਘੋੜੇ ਪੱਧਰੀ-ਧਰਤੀ ‘ਤੇ ਸਿੱਧੇ ਇਕ ਨੁਕਤੇ ਤੋਂ ਦੂਜੇ ਨੁਕਤੇ ਵੱਲ ਦੌੜਦੇ ਹਨ।

ਘੋੜ-ਦੌੜ ਕੋਈ ਨਵੀਂ ਚੀਜ਼ ਨਹੀਂ ਹੈ। ਘੋੜ-ਸਵਾਰੀ ਵਿੱਚ ਨਿਪੁੰਨਤਾ ਦਾ ਦਿਖਾਵਾ ਕਰਨ ਦਾ ਇਕ ਭਾਵ ਇਹ ਵੀ ਸੀਕਿ ਯੁੱਧ ਲਈ ਤਿਆਰੀ। ਜਿਵੇਂ ਅੱਜਕੱਲ੍ਹ ਆਪਣੀ ਤਾਕਤ ਦਿਖਾਉਣ ਲਈ ਹਥਿਆਰਾਂ ਦਾ ਵਿਖਾਵਾ ਕੀਤਾ ਜਾਂਦਾ ਹੈ ਕਿਸੇ ਵੇਲੇ ਘੋੜ-ਸਵਾਰਾਂ ਦੀ ਸਮਰੱਥਾ ਦਿਖਾਈ ਜਾਂਦੀ ਸੀ। ਪੁਰਾਣੇ ਜ਼ਮਾਨੇ ਦੀਆਂ ਕਹਾਣੀਆਂ ਵਾਲੀਆਂ ਫਿਲਮਾਂ ਵਿੱਚ ਲੰਮਾ ਨੇਜ਼ਾ ਤੇ ਢਾਲਾ ਲੈ ਕੇ ਦੋ ਖਿਡਾਰੀ ਇਕ ਦੂਜੇ ਉਪਰ ਹਮਲਾ ਕਰਦੇ ਆਮ ਦੇਖੇ ਜਾ ਸਕਦੇ ਹਨ। ਇਹ ਖੇਡ ਪੁਰਾਤਨ ਗਰੀਸ ਤੇ ਰੋਮ ਵਿੱਚ ਵੀ ਖੇਡੀ ਜਾਂਦੀ ਸੀ। ਅੱਜ ਤੋਂ ਤਕਰੀਬਨ ਤਿੰਨ ਹਜ਼ਾਰ ਸਾਲ ਪਹਿਲਾਂ ਗਰੀਕ ਉਲਿਪੰਕ-ਗੇਮਾਂ ਦਾ ਹਿੱਸਾ ਵੀ ਰਹੀ ਹੈ। ਘੋੜ-ਦੌੜ ਕਿਸੇ ਨਾ ਕਿਸੇ ਤਰ੍ਹਾਂ ਪੁਰਾਣੇ ਗਰੀਸ ਵੇਲੇ ਪੈਨਹੇਲੈਨਿਕ-ਗੇਮਜ਼ ਦਾ ਗੇਮ ਅਹਿਮ ਹਿੱਸਾ ਸੀ। ਰੱਥ-ਰੇਸ ਨੂੰ ਸਵਾਰ ਤੇ ਘੋੜਿਆਂ ਦੋਵਾਂ ਲਈ ਹੀ ਬਹੁਤ ਖਤਰਨਾਕ ਮੰਨਿਆਂ ਜਾਂਦਾ ਹੈ। ਘੋੜਿਆਂ ਉਪਰ ਪੋਲੋ ਖੇਡਣ, ਭੇਡ ਵਰਗਾ ਕੋਈ ਜਾਨਵਰ ਚੁੱਕਣ ਜਾਂ ਬੂਝਾ ਪੁੱਟਣ ਆਦਿ ਦੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਕਈ ਜਗਾਵਾਂ ‘ਤੇ ਘੋੜੇ ਖਾਸ ਭਾਰ ਚੁੱਕ-ਕੇ ਦੌੜਦੇ ਹਨ ਤੇ ਕਈ ਥਾਵੀਂ ਖਾਲੀ ਘੋੜਿਆਂ ਨੂੰ ਦੌੜਾ ਕੇ ਵੀ ਰੇਸ ਖੇਡੀ ਜਾਂਦੀ ਹੈ। ਇਤਿਹਾਸ ਵਿੱਚ ਘੋੜਿਆਂ ਨਾਲ ਹੋਰ ਵੀ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਹਨ ਪਰ ਪਿਛਲੀਆਂ ਕੁਝ ਸਦੀਆਂ ਤੋਂ ਡਰਬੀ ਹੀ ਸਭ ਤੋਂ ਵਧ ਪ੍ਰਚੱਲਤ ਚਲਦੀ ਆ ਰਹੀ ਹੈ। ਪਰ ਇਕ ਗੱਲ ਸਾਫ ਹੈ ਕਿ ਇਹ ਖੇਡ ਆਮ ਆਦਮੀ ਦੀ ਨਹੀਂ ਹੈ।

ਡਰਬੀ ਨੂੰ ਡਰਬੀ ਸਟੇਕ, ਐਪਸਮ ਡਰਬੀ ਵੀ ਕਿਹਾ ਜਾਂਦਾ ਹੈ। ਇਸ ਨੂੰ ਸਪੌਂਸਰਸ਼ਿੱਪ ਦੇ ਮਕਸਦ ਨਾਲ ਕਾਜ਼ੂ ਡਰਬੀ ਵੀ ਆਖ ਦਿੱਤਾ ਜਾਂਦਾ ਹੈ। ਇੰਗਲੈਂਡ ਵਿੱਚ ਇਸਦਾ ਅਰੰਭ ਤਾਂ ਸੋਲਵੀਂ ਤੇ ਸਤਾਰਵੀਂ-ਸਦੀ ਵਿੱਚ ਹੁੰਦਾ ਹੈ ਪਰ ਅਠਾਰਵੀਂ-ਸਦੀ ਵਿੱਚ ਆਕੇ ਪੂਰੀ ਤਰ੍ਹਾਂ ਸਥਾਪਤ ਹੋ ਜਾਂਦੀ ਹੈ। ਕਿੰਗ ਚਾਰਲਸ-ਦੂਜਾ ਜੋ ਆਪ ਵੀ ਸਪੋਰਟਸਮੈਨ ਸੀ, ਨੇ ਪੱਛਮੀ ਇੰਗਲੈਂਡ ਦੇ ਸ਼ਹਿਰ ਨਿਊਮਾਰਕਿਟ ਵਿੱਚ ਪਹਿਲਾ ਰੇਸਕੋਰਸ ਬਣਾਇਆ। ਇਸੇ ਲਈ ਨਿਊਮਾਰਕਿਟ ਨੂੰ ਘੋੜ-ਦੌੜ ਦਾ ਹੈਡਕੁਆਟਰ ਕਿਹਾ ਜਾਂਦਾ ਹੈ। ਸੰਨ 1750 ਦੇ ਆਉਣ ਤੱਕ ਨਿਊਮਾਰਕਿਟ ਦੌੜਾਂ ਨੂੰ ਕੰਟਰੋਲ ਕਰਨ ਲਈ ਜੌਕੀ ਕਲੱਬ ਬਣਾਈ ਗਈ ਸੀ। ਜੌਕੀ ਭਾਵ ਘੋੜਾ ਦੜਾਉਣ ਵਾਲਿਆਂ ਦੀ ਕਲੱਬ। ਇਸ ਵਿੱਚ ਖੇਡ ਦੇ ਨਿਯਮ ਬਣਾਏ ਗਏ ਤਾਂ ਜੋ ਕੋਈ ਹੇਰਾਫੇਰੀ ਨਾ ਕਰ ਸਕੇ। ਯੂਕੇ ਦੀ ਸਭ ਤੋਂ ਵੱਡੀ ਤੇ ਅਹਿਮ ਐਪਸਮ-ਡਰਬੀ 1780 ਵਿੱਚ ਸ਼ੁਰੂ ਹੁੰਦੀ ਹੈ। ਪਹਿਲੀਆਂ ਵਿੱਚ ਇਸ ਵਿੱਚ ਜਿੱਤਣ ਵਾਲਿਆਂ ਨੂੰ ਸਾਧਾਰਨ ਜਿਹਾ ਇਨਾਮ ਹੀ ਹੁੰਦਾ ਸੀ ਪਰ ਦੇਖਦਿਆਂ ਹੀ ਦੇਖਦਿਆਂ ਇਸ ਖੇਡ ਨੇ ਵਿਰਾਟ ਰੂਪ ਧਾਰਨ ਕਰ ਲਿਆ। ਇਸਨੂੰ ਦੇਖਣ ਵਾਲੇ ਤੇ ਖੇਡਣ ਵਾਲੇ ਅਮੀਰ ਲੋਕ ਹੀ ਹੁੰਦੇ ਸਨ ਇਸ ਲਈ ਇਸ ਵਿੱਚ ਪੈਸਾ ਬਹੁਤਾ ਸ਼ਾਮਲ ਹੋਣ ਲੱਗਾ। ਘੋੜਿਆਂ ਦੀ ਜਿੱਤ ਉਪਰ ਸ਼ਰਤਾਂ ਲੱਗਣ ਲਗੀਆਂ ਤੇ ਇਹ ਖੇਡ ਜੂਆ ਖੇਡਣ ਦਾ ਜ਼ਰੀਆ ਬਣ ਗਈ।

ਰੇਸ ਵਿੱਚ ਬਾਰਾਂ ਤੋਂ ਲੈ ਕੇ ਸੋਲਾਂ ਤੱਕ ਘੋੜੇ ਭਾਗ ਲੈਂਦੇ ਹਨ। ਕਦੇ-ਕਦੇ ਗਿਣਤੀ ਇਸਤੋਂ ਵੱਧ ਜਾਂਦੀ ਹੈ ਪਰ ਵੀਹਾਂ ਤੋਂ ਕਦੇ ਨਹੀਂ ਵਧੇ। ਇਸ ਰੇਸ ਵਿੱਚ ਭਾਗ ਲੈਣ ਵਾਲੇ ਘੋੜਿਆਂ ਨੂੰ ਸਟਾਲੀਅਨ ਵੀ ਕਿਹਾ ਜਾਂਦਾ ਹੈ। ਇਹਨਾਂ ਘੋੜ-ਦੌੜਾਂ ਵਿੱਚ ਭਾਗ ਲੈਣ ਵਾਲੇ ਘੋੜੇ ਕੁਝ ਖਾਸ ਨਸਲਾਂ ਦੇ ਹੀ ਹੁੰਦੇ ਹਨ। ਇਕ ਘੋੜੇ ਦੇ ਸਾਇਰ (ਪਿਤਾ) ਤੇ ਡੈਮ (ਮਾਤਾ) ਅਜਿਹੇ ਹੋਣੇ ਚਾਹੀਦੇ ਹਨ ਜੋ ਮਨਜ਼ੂਰ-ਸ਼ੁਦਾ ਸਟੱਡ ਤੋਂ ਆਏ ਹੋਣ। ਹੋਰਨਾਂ ਨਸਲਾਂ ਲਈ ਕੁਆਟਰ ਹੌਰਸ-ਰੇਸਿੰਗ ਕਰਾਈ ਜਾਂਦੀ ਹੈ। ਕਈ ਰੇਸਾਂ ਦੇ ਜੇਤੂ ਸਟਾਲੀਅਨ ਨੂੰ ਰੇਸਾਂ ਤੋਂ ਰਿਟਾਇਰ ਹੋਣ ਤੋਂ ਬਾਅਦ ਸਟੱਡ ਵਿੱਚ ਪਾ ਦਿੱਤਾ ਜਾਂਦਾ ਹੈ ਜਿਥੋਂ ਉਸ ਦੀ ਨਸਲ ਅਗਾਂਹ ਚਲਾਈ ਜਾਂਦੀ ਹੈ। ਆਰਟੀਫੀਸ਼ਲ-ਇਨਸੈਮੀਨੇਸ਼ਨ ਤੇ ਐਂਬਰੀਓ-ਟਰਾਂਸਫਰ ਦੀ ਟੈਕਨੌਲੌਜੀ ਨੇ ਪ੍ਰੰਪਰਾਗਤ-ਬਰੀਡਿੰਗ ਵਿੱਚ ਕਾਫੀ ਤਬਦੀਲੀਆਂ ਲੈ ਆਂਦੀਆਂ ਹਨ। ਇੰਗਲੈਂਡ ਵਿੱਚ ਤਿੰਨ ਕਿਸਮਾਂ ਦੇ ਘੋੜਿਆਂ ਨੂੰ ਆਹਲਾ ਮੰਨਿਆਂ ਜਾਂਦਾ ਹੈ ਜਿਹਨਾਂ ਦੇ ਨਾਂ ਉਹਨਾਂ ਦੇ ਮਾਲਕਾਂ ਦੇ ਨਾਵਾਂ ਪਿੱਛੇ ਆਉਂਦੇ ਹਨ ਜਿਹਨਾਂ ਨੇ ਇਹ ਨਸਲ ਡਿਵੈਲਪ ਕੀਤੀ ਜਾਣੀ ਕਿ ਅਰਬੀ ਘੋੜਿਆਂ ਨੂੰ ਲਿਆਕੇ ਅਗੋਂ ਨਸਲ ਚਲਾਈ ਗਈ। ਥੌਮਸ ਡੇਰਲੇ ਦੀ ਬਰੀਡ ਕੀਤੀ ਨਸਲ ਡੇਰਲੇ-ਅਰੇਬੀਅਨ, ਲੌਰਡ ਗੋਡੋਲਫਿਨ ਦੀ ਗੋਡੋਲਫਿਨ-ਅਰੇਬੀਅਨ ਤੇ ਕੈਪਟਨ ਰੌਬਰਟ ਬਾਇਰਲੇ ਦੀ ਬਾਇਰਲੇ-ਟਰਕ। ਘੋੜਿਆਂ ਦੀ ਬਰੀਡ ਦਾ ਵਿਸ਼ਾ ਕਾਫੀ ਗੁੰਝਲਦਾਰ ਹੈ ਇਸਨੂੰ ਸਮਝਣ ਲਈ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਹਨ, ਡਾਕੂਮੈਂਟਰੀਆਂ ਵੀ ਹਨ।

ਘੋੜ-ਦੌੜ ਦਾ ਡਰਬੀ ਨਾਂ ਪੈਣ ਵਿੱਚ ਵੀ ਇਕ ਕਹਾਣੀ ਹੈ। ਇਹ ਨਾਂ ਘੋੜ-ਦੌੜ ਨੂੰ ਸਪੌਂਸਰ ਕਰਨ ਵਾਲੇ ਲੌਰਡ-ਡਰਬੀ ਦੇ ਨਾਂ ‘ਤੇ ਪਿਆ। ਜੇਮਜ਼ ਸਟੈਨਲੇ ਜੋ ਕਿ ਜੋ ਕਿ ਡਰਬੀ ਦੇ ਇਲਾਕੇ ਦਾ ਸਤਵਾਂ ਅਰਲ ਔਫ ਡਰਬੀ ਜਾਂ ਲੌਰਡ ਸੀ, ਨੇ ਆਇਲ ਔਫ ਮੈਨ, (ਇੰਗਲੈਂਡ ਨੇੜੇ ਜਜ਼ੀਰਾ) ਉਪਰ ਘੌੜ-ਦੌੜ ਦਾ ਇਨਸਟੀਚੂਟ ਸ਼ੁਰੂ ਕੀਤਾ ਸੀ ਜਿਸ ਵਿੱਚ ਉਹ ਹਰ ਸਾਲ ਇਕ ਕੱਪ ਦਿੰਦਾ ਜਿਸਨੂੰ ‘ਮੈਨਕਸ-ਡਰਬੀ’ ਕਿਹਾ ਜਾਂਦਾ ਸੀ। ਇਵੇਂ ਇਸ ਘੋੜ-ਦੌੜ ਨੂੰ ਹੀ ਡਰਬੀ ਕਿਹਾ ਜਾਣ ਲੱਗ ਪਿਆ। ਇੰਗਲੈਂਡ ਵਿੱਚ ਪਹਿਲੀ ਡਰਬੀ 1779 ਨੂੰ ਹੋਈ। ਉਸ ਤੋਂ ਬਾਅਦ ਹੋਰ ਵੀ ਕਈ ਅਮੀਰਜ਼ਾਦਿਆਂ ਨੇ ਆਪਣੇ ਨਾਂ ‘ਤੇ ਕੱਪ ਸ਼ੁਰੂ ਕੀਤੇ ਪਰ ਡਰਬੀ ਸਭ ਤੋਂ ਪਰਚੱਲਤ ਰਿਹਾ। ਐਪਸਮ ਸ਼ਹਿਰ ਦੇ ਰੇਸਕੋਰਸ ਵਿੱਚ ਅਗਲੀ ਡਰਬੀ 4 ਮਈ 1780 ਨੂੰ ਹੋਈ ਜਿਸ ਵਿੱਚ ਡਿਓਮੈਡ ਨਾਂ ਦਾ ਘੋੜਾ ਜਿੱਤਿਆ ਜਿਸਦਾ ਮਾਲਕ ਸਰ ਚਾਰਲਸ ਬਨਬਰੀ ਸੀ ਜਿਸਨੇ ਉਸ ਵੇਲੇ ਦੇ 1065 ਪੌਂਡ, 15 ਸ਼ਿਲਿੰਗ ਜਿੱਤੇ। ਇਹ ਦੌੜ ਇਕ ਮੀਲ ਦੀ ਸੀ। 1784 ਵਿੱਚ ਇਸਨੂੰ ਡੇਢ ਮੀਲ ਦੀ ਕਰ ਦਿੱਤਾ ਗਿਆ। ਲੌਡਰ ਡਰਬੀ ਜਿਸਦੇ ਨਾਂ ਤੇ ਇਹ ਰੇਸ ਜਾਣੀ ਜਾਂਦੀ ਹੈ, ਉਹ ਇਸ ਰੇਸਨੂੰ 1787 ਵਿੱਚ ਜਿੱਤ ਸਕਿਆ। ਉਸਦੇ ਘੋੜੇ ਦਾ ਨਾਂ ਸਰ ਪੀਟਰ ਟੀਜ਼ਲ ਸੀ।

ਉਦੋਂ ਤੋਂ ਲੈਕੇ ਅੱਜ-ਤੱਕ ਐਪਸਮ ਸ਼ਹਿਰ ਵਿੱਚ ਹਰ ਸਾਲ ਡਰਬੀ ਹੁੰਦੀ ਹੈ। ਇਸ ਸਾਲ ਜੂਨ ਵਿੱਚ 243ਵੀਂ ਡਰਬੀ ਹੋਵੇਗੀ। ਵੈਸੇ ਦੋਨਾਂ ਮਹਾਂਯੁੱਧਾਂ ਵਿੱਚ ਡਰਬੀ ਨੂੰ ਸਥਿਗਤ ਕਰਨਾ ਪਿਆ ਸੀ। ਵੈਸੇ ਐਪਸਮ ਰੇਸਕੋਰਸ ਵਿੱਚ ਘੋੜ-ਦੌੜਾਂ ਚਲਦੀਆਂ ਰਹਿੰਦੀਆਂ ਹਨ ਪਰ ਡਰਬੀ ਇਕ ਵਾਰ ਹੁੰਦੀ ਹੈ। ਹੁਣ ਬਹੁਤ ਸਾਲਾਂ ਤੋਂ ਇਹ ਜੂਨ ਦੇ ਪਹਿਲੇ ਸ਼ਨਿਚਰਵਾਰ ਹੁੰਦੀ ਆ ਰਹੀ ਹੈ। ਇਸਦੇ ਦਿਨ ਕਈ ਵਾਰ ਬਦਲਦੇ ਰਹੇ ਰਹੇ ਹਨ ਪਰ ਜਦੋਂ ਤੋਂ ਵੀਕਐੰਡ ‘ਤੇ ਛੁੱਟੀ ਵਾਲਾ ਸਿਸਟਮ ਸ਼ੁਰੂ ਹੋਇਆ ਹੈ, ਸ਼ਨਿਚਰਵਾਰ ਹੀ ਇਸ ਲਈ ਢੁਕਵਾਂ ਮੰਨਿਆਂ ਜਾਂਦਾ ਹੈ। ਪਿਛਲੇ ਸਾਲ ਕਰੋਨਾ ਕਰਕੇ ਡਰਬੀ ਕੁਝ ਠੰਡੀ ਰਹੀ ਨਹੀਂ ਤਾਂ ਹਰ ਸਾਲ ਡੇੜ ਲੱਖ ਤੋਂ ਵੱਧ ਲੋਕ ਇਸਨੂੰ ਦੇਖਣ ਜਾਂਦੇ ਹਨ ਤੇ ਜੋ ਟੈਲੀਵੀਯਨ ਉਪਰ ਜਾਂ ਹੋਰ ਸੋਸ਼ਲ ਮੀਡੀਏ ‘ਤੇ ਦੇਖਦੇ ਹਨ ਉਹ ਅਲੱਗ। ਪਹਿਲੀਆਂ ਵਿੱਚ ਡਰਬੀ ਨੂੰ ਦੇਖਣ ਲਈ ਲੋਕ ਇਕ ਗੇਮ ਦੇਖਣ ਵਾਂਗ ਹੀ ਜਾਂਦੇ ਹਨ ਪਰ ਹੁਣ ਇਹ ਇਕ ਮੇਲੇ ਵਿੱਚ ਤਬਦੀਲ ਹੋ ਚੁੱਕੀ ਹੈ। 1850ਵਿਆਂ ਵਿੱਚ ਮਸ਼ਹੂਰ ਨਾਵਲਕਾਰ ਚਾਰਲਸ ਡਿਕਨਜ਼ ਜਾਇਆ ਕਰਦਾ ਸੀ, ਉਦੋਂ ਕੁ ਤੋਂ ਹੀ ਬਹੁਤ ਸਾਰੇ ਮੰਨੋਰੰਜਨ ਕਰਨ ਵਾਲੇ ਜਿਵੇਂਕਿ ਸੰਗੀਤ ਵਜਾਉਣ ਵਾਲੇ, ਡਾਂਸਰ, ਜੋਕਰ ਆਦਿ ਜਾਣ ਲੱਗੇ, ਕਈ ਕਿਸਮ ਦੇ ਪੰਡਾਲ ਸਜਣ ਲੱਗੇ। ਹੌਲੀ-ਹੌਲੀ ਇਹ ਪਰਿਵਾਰਿਕ ਆਊਟਿੰਗ ਦਾ ਦਿਨ ਬਣ ਗਿਆ। ਭਾਂਤ-ਭਾਂਤ ਦੇ ਰੈਸਟੋਰੈਂਟ ਸਜਦੇ ਹਨ, ਬੱਚਿਆਂ ਦੀਆਂ ਕਈ ਕਿਸਮ ਦੀਆਂ ਰਾਈਡਾਂ ਹੁੰਦੀਆਂ ਹਨ। 1870 ਵਿੱਚ ਹੀ ਗਰਾਊਂਡ ਦੇ ਇਕ ਪਾਸੇ ਸਟੀਮ-ਟਰੇਨ ਚੱਲਣ ਲੱਗ ਪਈ ਸੀ। ਕਿਸੇ ਵੇਲੇ ਤਾਂ ਇਹ ਮੇਲਾ ਦਸ ਦਿਨ ਤੱਕ ਚਲਦਾ ਰਹਿੰਦਾ ਸੀ, ਹੁਣ ਇਹ ਦੋ ਦਿਨ ਦਾ ਹੁੰਦਾ ਹੈ, ਸ਼ੁਕਰਵਾਰ ਤੇ ਸ਼ਨਿਚਰਵਾਰ। ਸ਼ੁਕਰਵਾਰ ਨੂੰ ਐਪਸਮ-ਲੇਡੀਜ਼-ਡੇ ਕਿਹਾ ਜਾਂਦਾ ਹੈ। ਉਸ ਦਿਨ ਔਰਤਾਂ ਇਕ ਦੂਜੇ ਤੋਂ ਵੱਧ ਫੈਸ਼ਨ ਕਰਕੇ ਆਉਂਦੀਆਂ ਹਨ। ਲੇਡੀਜ਼-ਡੇ ‘ਤੇ ਡਿਨਰ ਦੀ ਬੁਕਿੰਗ ਹੁੰਦੀ ਹੈ ਜੋ ਬਹੁਤ ਮਹਿੰਗਾ ਸੌਦਾ ਹੁੰਦਾ ਹੈ। ਅੱਜਕੱਲ੍ਹ ਦੋ ਵਿਅਕਤੀਆਂ ਵਾਲੇ ਟੇਬਲ ਦੀ ਕੀਮਤ ਅੱਠ ਸੌ ਪੌਂਡ ਹੈ।

ਐਪਸਮ-ਡਰਬੀ ਦੇਖਣ ਜਾਣ ਲਈ ਔਨ-ਲਾਈਨ ਬੁਕਿੰਗ ਕਰਾਉਣੀ ਪੈਂਦੀ ਹੈ। ਚਾਰ ਸਾਲ ਤੋਂ ਹੇਠਾਂ ਦੇ ਬੱਚਿਆਂ ਲਈ ਮੁਫਤ ਹੈ। ਇਸਤੋਂ ਉਪਰ ਦੇ ਬੱਚਿਆਂ ਲਈ ਟਿਕਟ 70 ਪੌਂਡ ਹੈ, ਵੱਡਿਆਂ ਲਈ 125 ਪੌਂਡ। ਪਿਕਨਿਕ-ਪੈਕੇਜ ਵੀ ਮਿਲ ਜਾਂਦੇ ਹਨ।

ਡਰਬੀ ਅਮੀਰਾਂ ਦੀ ਖੇਡ ਹੈ। ਦੁਨੀਆਂ ਭਰ ਵਿੱਚ ਹਰ ਸਾਲ 115 ਬਿਲੀਅਨ ਡਾਲਰ ਤੋਂ ਵੱਧ ਦੀ ਇਸ ਧੰਦੇ ਵਿੱਚ ਸ਼ਮੂਲੀਅਤ ਹੈ। ਐਪਸਮ-ਡਰਬੀ ਵਿੱਚ ਪੰਦਰਾਂ ਲੱਖ ਪੌਂਡ ਦੇ ਇਨਾਮ ਦਿੱਤੇ ਜਾਂਦੇ ਹਨ। ਪਹਿਲਾ ਇਨਾਮ ਸਾਢੇ ਅੱਠ-ਲੱਖ ਦਾ ਹੈ। ਘੋੜੇ ਵਿੱਚ ਦੌੜਨ ਦੀ ਸਮਰਥਾ ਤਾਂ ਹੋਣੀ ਹੀ ਚਾਹੀਦੀ ਹੈ ਪਰ ਘੋੜਾ-ਜੌਕੀ ਵਿੱਚ ਕੂਵਤ ਹੋਣੀ ਬਹੁਤ ਜ਼ਰੂਰੀ ਹੈ ਇਸੇ ਲਈ ਉਹਨੂੰ ਵੀ ਮਣਾਂ-ਮੂੰਹੀਂ ਰਕਮ ਮਿਲਦੀ ਹੈ। ਇਸਤੋਂ ਬਿਨਾਂ ਲੋਕ ਮਿਲੀਅਨ-ਪੌਂਡ ਘੋੜਿਆਂ ਉਪਰ ਦਾਅ ਲਾਉਂਦੇ ਹਨ। ਜਿੱਤਣਾ-ਹਾਰਨਾ ਤਾਂ ਇਕ ਵੱਖਰੀ ਗੱਲ ਹੈ, ਜਿਵੇਂ ਜੂਏ ਵਿੱਚ ਹੁੰਦਾ ਹੀ ਹੈ। ਡਰਬੀ ਵਿੱਚ ਦੌੜਨ ਵਾਲੇ ਘੋੜਿਆਂ ਦੀ ਕੀਮਤ ਦੀ ਤਾਂ ਕੋਈ ਥਾਹ ਹੀ ਨਹੀਂ ਹੈ। ਇਹ ਸਾਰੇ ਘੋੜੇ ਅਮੀਰਾਂ ਦੇ ਹੀ ਹੁੰਦੇ ਹਨ। ਘੋੜਿਆਂ ਦੇ ਮਾਲਕਾਂ ਦੀ ਗਿਣਤੀ ਵਿੱਚ ਯੂਕੇ ਦੀ ਮਹਾਂਰਾਣੀ ਐਲਿਜ਼ਬੈਥ ਦਾ ਨਾਂ ਵੀ ਸ਼ਾਮਲ ਹੈ।

ਐਪਸਮ-ਡਰਬੀ ਦੇਖਣ ਜਾਣ ਲਈ ਲੋਕ ਵਿਸ਼ੇਸ਼ ਕਿਸਮ ਦੇ ਕਪੜੇ ਪਹਿਨਦੇ ਹਨ। ਇਸਨੂੰ ਦੇਖਣ ਲਈ ਸ਼ਾਹੀ ਪਰਿਵਾਰ ਦੇ ਬਹੁਤ ਸਾਰੇ ਲੋਕ ਆਉਂਦੇ ਹਨ। ਹੁਣ ਤਾਂ ਮਹਾਂਰਾਣੀ ਦੀ ਸਿਹਤ ਠੀਕ ਨਹੀਂ ਰਹਿੰਦੀ ਪਹਿਲੀਆਂ ਵਿੱਚ ਇਹ ਕੋਈ ਵੱਡੀ ਗੱਲ ਨਹੀਂ ਹੋਣੀ ਜੇਕਰ ਉਥੇ ਮਹਾਂਰਾਣੀ ਵੀ ਮਿਲ ਜਾਂਦੀ। ਫਿਲਮੀ ਐਕਟਰ ਤੇ ਹੋਰ ਸੈਲਬ੍ਰੇਟੀਜ਼ ਤਾਂ ਆਮ ਮਿਲ ਜਾਂਦੇ ਹਨ। ਇੰਡੀਆ ਵਾਲੀ ਡਰਬੀ ਜਾਂ ਹੋਰ ਰੇਸਕੋਰਸਾਂ ਦਾ ਵੀ ਇਹੋ ਹਾਲ ਹੈ।

ਬਹੁਤ ਦੇਰ ਪਹਿਲਾਂ ਮੈਂ ਐਪਸਮ-ਡਰਬੀ ‘ਤੇ ਲਗਾਤਾਰ ਕੁਝ ਸਾਲ ਜਾਂਦਾ ਰਿਹਾ ਹਾਂ। ਉਹਨਾਂ ਦਿਨਾਂ ਵਿੱਚ ਆਗਾ ਖਾਨ ਦੇ ਘੋੜੇ ਬਹੁਤ ਮਸ਼ਹੂਰ ਹੋਇਆ ਕਰਦੇ ਸਨ। ਇਕਵਾਰ ਮੈਂ ਉਸਦੇ ‘ਲਸ਼ਕਰੀ’ ਨਾਂ ਦੇ ਘੋੜੇ ਉਪਰ ਪੈਸੇ ਲਾਏ ਸਨ ਪਰ ਹਾਰ ਗਿਆ ਸਾਂ। ਜੂਏ ਵਿੱਚ ਕੌਣ ਜਿਤਦਾ ਹੈ!

留言


bottom of page