top of page
Writer's pictureਸ਼ਬਦ

ਕਰੋਨਾ ਯੁੱਗ ਵਿੱਚ ਸੈਕਸ ਵਰਕਰਾਂ ਦਾ ਹਸ਼ਰ

ਹਰਜੀਤ ਅਟਵਾਲ


     ਕਰੋਨਾ ਵਾਇਰਸ ਕਾਰਨ ਬਹੁਤ ਸਾਰੇ ਕਿੱਤੇ ਠੱਪ ਹੋ ਕੇ ਰਹਿ ਗਏ ਹਨ। ਪੱਬ ਬੰਦ ਹੋ ਗਏ, ਕਲੱਬਾਂ ਬੰਦ ਹੋ ਗਈਆਂ, ਹੋਟਲਾਂ ਨੂੰ ਵੀ ਜਿੰਦੇ ਲੱਗ ਗਏ, ਟੈਕਸੀਆਂ ਗੈਰਜਾਂ ਵਿੱਚ ਖੜ ਗਈਆਂ। ਏਅਰਪੋਰਟ ਬੰਦ ਹਨ। ਲੱਖਾਂ ਲੋਕ ਨੌਕਰੀਆਂ ਤੋਂ ਬਾਹਰ ਹੋ ਗਏ। ਬੇਰੁਗਜ਼ਾਰੀ ਭੱਤੇ ਤਾਂ ਮਿਲਣ ਲੱਗ ਪਏ ਹੋਣਗੇ ਪਰ ਕੀ ਇਹ ਗੁਜ਼ਾਰੇ ਲਈ ਕਾਫੀ ਹਨ? ਦੇਸ਼ ਦੀ ਇਕੌਨੋਮੀ ਉਪਰ ਗਹਿਰਾ ਅਸਰ ਪੈ ਰਿਹਾ ਹੈ। ਅੱਜਕੱਲ ਲੰਡਨ ਵਿੱਚ ਇਕ ਵਾਰ ਫਿਰ ਲੌਕ ਡਾਊਨ ਲੱਗ ਗਿਆ ਹੈ। ਸਥਿਤੀ ਪਹਿਲਾਂ ਨਾਲੋਂ ਖਰਾਬ ਹੋ ਜਾਵੇਗੀ। ਹੋਰਨਾਂ ਕਰੋੜਾਂ ਲੋਕਾਂ ਵਾਂਗ ਇਸ ਹਾਲਾਤ ਦਾ ਅਸਰ ਲੰਡਨ ਦੀਆਂ ਸੈਕਸ ਵਰਕਰਾਂ ਉਪਰ ਵੀ ਪੈ ਰਿਹਾ ਹੈ। ਸੈਕਸ ਵਰਕਰ ਤੋਂ ਸਾਫ ਹੈ- ਜਿਸਮੀ ਧੰਦਾ। ਅਜਿਹਾ ਧੰਦਾ ਜਿਸ ਨੂੰ ਹਰ ਦੇਸ਼ ਦੀ ਸਰਕਾਰ ਖਤਮ ਕਰਨ ਵਿੱਚ ਲੱਗੀ ਹੋਈ ਹੈ ਪਰ ਕਰ ਨਹੀਂ ਸਕੀ। ਕਈ ਲੋਕ ਵੇਸਵਾਗਮਨੀ ਬਾਰੇ ਵਹਿਮ ਪਾਲਦੇ ਹੋਏ ਵੇਸਵਾ ਦੇ ਵਿਹੜੇ ਦੀ ਮਿੱਟੀ ਨੂੰ ਪਵਿੱਤਰ ਮੰਨਦੇ ਹਨ ਤੇ ਕਈ ਇਸ ਨੂੰ ਸਮਾਜਕ ਕੋਹੜ ਜਾਂ ਬਿਮਾਰੀ ਕਹਿੰਦੇ ਹਨ। ਮਨੁੱਖ ਦੇ ਪੂਰੇ ਇਤਿਹਾਸ ਵਿੱਚ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਦਿਸਦਾ। ਇਸ ਧੰਦੇ ਵਿੱਚ ਮੁਲੱਬਸ ਹੋਣ ਦੇ ਕਾਰਨ ਸਾਰੀ ਦੁਨੀਆ ਵਿੱਚ ਇਕੋ ਜਿਹੇ ਹੀ ਹਨ- ਹਿੰਸਕ-ਜ਼ਬਰਦਸਤੀ, ਮਜਬੂਰੀ, ਲੋੜਾਂ, ਨਸ਼ੇ, ਖਰਾਬ ਆਦਤਾਂ। ਫਿਲਮਾਂ ਵਿੱਚ ਇਸ ਕਾਰੋਬਾਰ ਨੂੰ ਜਿੰਨਾ ਮਰਜ਼ੀ ਗਲੈਮਰਸ ਦਿਖਾਇਆ ਜਾਵੇ ਅਸਲ ਵਿੱਚ ਇਹ ਬਹੁਤ ਕੋਹਝੀ ਤੇ ਡਰਾਉਣੀ ਦੁਨੀਆ ਹੈ। ਵੈਸੇ ਕਈ ਚਿੰਤਕ ਸੈਕਸ ਵਰਕ ਨੂੰ ਔਰਤ ਦੀ ਪਹਿਲੀ ਜੌਬ ਵੀ ਕਹਿ ਦਿੰਦੇ ਹਨ।

     ਬਹੁਤ ਦੇਸ਼ਾਂ ਵਿੱਚ ਵੇਸਵਾਗਮਨੀ ਕਾਨੂੰਨੀ ਹੈ ਤੇ ਕਈ ਵਿੱਚ ਗੈਰਕਾਨੂੰਨੀ। ਇੰਗਲੈਂਡ ਵਿੱਚ ਇਸ ਦੀ ਸਥਿਤੀ ਕੁਝ ਅਲੱਗ ਹੈ। ਇਥੇ ਵੇਸਵਾਗਮਨੀ ਕਰਨਾ ਕੋਈ ਜੁਰਮ ਨਹੀਂ ਪਰ ਵੇਸਵਾਗਮਨੀ ਲਈ ਕਿਸੇ ਨੂੰ ਉਕਸਾਉਣਾ ਜਾਂ ਵਕਾਲਤ ਕਰਨੀ ਜਾਂ ਆਪਣੇ ਆਪ ਨੂੰ ਪੇਸ਼ ਕਰਨਾ ਗੈਰਕਾਨੂੰਨੀ ਹੈ। ਇਹ ਤਾਂ ਸਿਰਫ ਕਾਨੂੰਨੀ ਪੱਖ ਹੈ ਪਰ ਸੱਚ ਉਹੀ ਹੈ ਕਿ ਇਕ ਦੱਲਾ ਹੁੰਦਾ ਹੈ, ਉਹ ਕੁਝ ਔਰਤਾਂ ਨੂੰ ਜ਼ਬਰਦਸਤੀ ਇਸ ਪੇਸ਼ੇ ਵਿੱਚ ਪਾ ਕੇ ਉਹਨਾਂ ਦੀ ਕਮਾਈ ਖਾਂਦਾ ਹੈ। ਕੁਝ ਔਰਤਾਂ ਆਪਣੀ ਖੁਸ਼ੀ ਨਾਮੇ ਵੀ ਜੁੜਦੀਆਂ ਹਨ। ਕੁਝ ਇਸ ਨੂੰ ਇਕ ਨੌਕਰੀ ਸਮਝ ਕੇ ਵੀ ਕਰਦੀਆਂ ਹਨ। 'ਕਾਲ-ਗਰਲ' ਵੇਸਵਾ ਦਾ ਸਭਿਆ ਨਾਂ ਹੈ। ਵੇਸਵਾਗਮਨੀ ਨੂੰ ਅਣਐਲਾਨੀ ਇੰਡਸਟਰੀ ਵੀ ਕਿਹਾ ਜਾਂਦਾ ਹੈ। ਇਹ ਧੰਦਾ ਦੁਨੀਆ ਦੇ ਹਰ ਦੇਸ਼ ਵਿੱਚ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ। ਕਈ ਮਾਹਿਰ ਕਹਿੰਦੇ ਹਨ ਕਿ ਇਹ ਦੁਨੀਆ ਦਾ ਤੀਜਾ ਵੱਡਾ ਕਾਰੋਬਾਰ ਹੈ। ਸਭ ਤੋਂ ਵੱਡਾ ਕਾਰੋਬਾਰ ਹਥਿਆਰਾਂ ਦਾ ਹੈ, ਦੂਜੇ ਨੰਬਰ 'ਤੇ ਡਰੱਗ ਦਾ ਧੰਦਾ ਤੇ ਤੀਜੇ ਨੰਬਰ 'ਤੇ ਇਹ ਸੈਕਸ ਨਾਲ ਜੁੜਿਆ ਕਾਰੋਬਾਰ। ਆਓ ਦੇਖੀਏ ਕਰੋਨਾ ਯੁੱਗ ਵਿੱਚ ਇਸ ਕਾਰੋਬਾਰ ਦਾ ਕੀ ਹਾਲ ਹੈ।

     ਲੰਡਨ ਵਿੱਚ ਜਿਹੜੇ ਪੱਬ, ਕਲੱਬ, ਹੋਟਲ ਆਦਿ ਬੰਦ ਹੋਏ ਹਨ ਇਹਨਾਂ ਨਾਲ ਹੀ ਤਾਂ ਇਹ ਕਾਰੋਬਾਰ ਜੁੜਿਆ ਹੋਇਆ ਹੈ। ਸੋਸ਼ਲ ਡਿਸਟੈਂਸ ਜਾਂ ਦੋ ਮੀਟਰ ਦੀ ਦੂਰੀ ਨੇ ਇਸ ਕੰਮ ਉਪਰ ਬਹੁਤ ਬੁਰਾ ਅਸਰ ਪਾਇਆ ਹੈ। ਲੰਡਨ ਦੇ ਸਟਰਿਪਟੀ ਕਲੱਬ ਭਾਵ ਨੰਗੇ ਡਾਂਸ ਵਾਲੇ ਕਲੱਬ ਜਿਥੇ ਇਹ ਕਾਰੋਬਾਰ ਇਕ ਕਾਨੂੰਨੀ ਨੁਕਤੇ ਦੀ ਆੜਵਿੱਚ ਸ਼ਰੇਆਮ ਚਲਦਾ ਸੀ, ਬੰਦ ਹੋ ਗਏ ਹਨ। ਸੈਕਸ ਵਰਕਰ ਵੀ ਕਰੋਨਾ ਵਾਇਰਸ ਤੋਂ ਡਰਦੀਆਂ ਹਨ ਤੇ ਇਹਨਾਂ ਦੇ ਗਾਹਕ ਵੀ। ਜੋਖ਼ਮ ਵੱਡਾ ਹੈ। ਕਲੱਬਾਂ ਤੋਂ ਬਾਹਰ ਚਲਦਾ ਧੰਦਾ ਵੀ ਲੱਗਭਗ ਬੰਦ ਹੈ। ਆਮ ਘਰਾਂ ਵਿੱਚ ਬਣੇ ਬਰੌਥਲ/ਕੋਠੇ ਬੰਦ ਹਨ। ਲੰਡਨ ਦੀ ਜਿਹੜੀਆਂ ਗਲ਼ੀਆਂ, ਜਿਹੜੇ ਮੋੜ ਸੈਕਸ ਵਰਕਰਾਂ ਨਾਲ ਭਰੇ ਰਹਿੰਦੇ ਸਨ, ਉਹ ਅੱਜ ਕੱਲ ਖਾਲੀ ਦਿਸਦੇ ਹਨ। ਸਾਊਥਾਲ ਦੇ ਇਲਾਕੇ ਵਿੱਚ ਦੀ ਤੁਸੀਂ ਦੇਰ ਰਾਤ ਲੰਘੋ ਤਾਂ ਲਾਈਟਾਂ 'ਤੇ ਖੜੀਆਂ ਦੇਸੀ ਕੁੜੀਆਂ ਆਮ ਖੜੀਆਂ ਦਿਸ ਜਾਂਦੀਆਂ ਸਨ ਬਲਕਿ ਉਹ ਤੁਹਾਡੇ ਤੱਕ ਪਹੁੰਚ ਕਰਕੇ ਪੁੱਛ ਲੈਂਦੀਆਂ ਸਨ, "ਅੰਕਲ, ਫੱਨ ਕਰਨਾ?" ਪਰ ਅੱਜ ਕੱਲ ਇਹ ਲਾਈਟਾਂ ਖਾਲੀ ਹਨ।

     ਅੱਜਕੱਲ ਬੀਬੀਸੀ ਵਾਲੇ ਇਸ ਬਾਰੇ ਪ੍ਰੋਗਰਾਮ ਦਿਖਾ ਰਹੇ ਹਨ ਕਿ ਕਰੋਨਾ ਵਿੱਚ ਇਹਨਾਂ ਔਰਤਾਂ ਦਾ ਕੀ ਬਣਿਆਂ। ਗਾਰਡੀਅਨ ਅਖ਼ਬਾਰ ਵਿੱਚ ਇਸ ਬਾਰੇ ਵੱਡਾ ਲੇਖ ਛਪਿਆ ਹੈ। ਹੋਰ ਵੀ ਮੀਡੀਆ ਇਹਨਾਂ ਸੈਕਸ ਵਰਕਰਾਂ ਬਾਰੇ ਫਿਕਰ ਕਰਦਾ ਕੁਝ ਨਾ ਕੁਝ ਲਿਖ ਰਿਹਾ ਹੈ। ਵੇਸਵਾਵਾਂ ਦੀ ਭਲਾਈ ਲਈ ਇਸ ਸੰਸਥਾ ਹੈ- ਈ ਸੀ ਪੀ (ਇੰਗਲਿਸ਼ ਕੁਲੈਕਟਿਵ ਔਫ ਪਰੌਸਟੀਚੂਟ)। ਇਸ ਦੀ ਸੰਚਾਲਕਾ ਨਿੱਕੀ ਐਡਮਜ਼ ਇਹਨਾਂ ਬਾਰੇ ਫਿਕਰ ਕਰਦੀ ਕਹਿੰਦੀ ਹੈ ਕਿ ਇਹ ਵੀ ਆਮ ਔਰਤਾਂ ਹਨ। ਇਹਨਾਂ ਦੀ ਆਮਦਨ ਦਾ ਜ਼ਰੀਆ ਬੰਦ ਹੋ ਜਾਣ ਕਾਰਨ ਇਹ ਭੁੱਖਮਰੀ ਦਾ ਸ਼ਿਕਾਰ ਹੋ ਰਹੀਆਂ ਹਨ। ਇਹਨਾਂ ਵਿੱਚੋਂ ਬਹੁਤੀਆਂ ਮਾਵਾਂ ਹਨ ਜਿਹਨਾਂ ਨੇ ਆਪਣੇ ਬੱਚੇ ਪਾਲਣੇ ਹੁੰਦੇ ਹਨ। ਉਹ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਇਸ ਵੇਲੇ ਇਹਨਾਂ ਦੀ ਬਾਂਹ ਫੜੋ ਤਾਂ ਜੋ ਇਹ ਇਸ ਕਰੋਨਾ ਨਾਲ ਪੈਦਾ ਹੋਏ ਹਾਲਾਤ ਦਾ ਮੁਕਾਬਲਾ ਕਰ ਸਕਣ ਕਿਉਂਕਿ ਇਹਨਾਂ ਕੋਲ ਕਮਾਈ ਦਾ ਕੋਈ ਹੋਰ ਸਾਧਨ ਨਹੀਂ ਹੈ। ਵੈਸੇ ਇਹਨਾਂ ਦੀ ਭਲਾਈ ਬਹੁਤ ਸਾਰੀਆਂ ਚੈਰਟੀਆਂ ਅੱਗੇ ਆ ਵੀ ਰਹੀਆਂ ਹਨ। ਇਕ ਚੈਰਟੀ ਦੀ ਰਿਪੋਟਰ ਹੈ ਕਿ ਸੈਕਸ ਵਰਕਰਾਂ ਵਿੱਚ ਇਹਨਾਂ ਹਾਲਾਤ ਵਿੱਚ ਖੁਦਕੁਸ਼ੀ ਦਾ ਰੁਝਾਨ ਵੱਧ ਰਿਹਾ ਹੈ। ਸ਼ਾਸ਼ਾ ਨਾਂ ਦੀ ਇਕ ਸੈਕਸ ਵਰਕਰ ਨੇ ਬੀਬੀਸੀ ਨੂੰ ਇੰਟਰਵਿਊ ਵਿੱਚ ਦੱਸਿਆ ਹੈ ਕਿ ਉਹ ਉਹਨਾਂ ਦਿਨਾਂ ਵਿੱਚ ਹੀ ਇਹ ਕੰਮ ਕਰਦੀ ਸੀ ਜਦ ਉਸ ਦੇ ਬੱਚੇ ਸਕੂਲ ਚਲੇ ਜਾਂਦੇ ਹਨ। ਉਹ ਚਾਲੀ ਤੋਂ ਸੱਤਰ ਪੌਂਡ ਇਕ ਦਿਨ ਵਿੱਚ ਕਮਾ ਲੈਂਦੀ ਸੀ ਪਰ ਹੁਣ ਕਮਾਈ ਬੰਦ ਹੋ ਗਈ ਹੈ। ਸਰਕਾਰ ਵਲੋਂ ਮਿਲਦਾ ਯੂਨੀਵਰਸਲ ਕਰੈਡਿਟ ਉਸ ਦੇ ਟੱਬਰ ਲਈ ਕਾਫੀ ਨਹੀਂ ਹੈ।

     ਬੀਯੌਂਡ ਦਾ ਸਟਰੀਟ ਨਾਮੀ ਸੰਸਥਾ ਜੋ ਕਿ ਗਲ਼ੀਆਂ ਵਿੱਚ ਖੜਨ ਵਾਲੀਆਂ ਔਰਤਾਂ ਦੀ ਸੁਰੱਖਿਆ ਦਾ ਧਿਆਨ ਰੱਖਦੀ ਹੈ ਤੇ ਉਹਨਾਂ ਦੇ ਕੰਮ ਨੂੰ ਇਕ ਨੌਕਰੀ ਹੀ ਸਮਝਦੀ ਹੈ, ਨੂੰ ਵੀ ਸੈਕਸ ਵਰਕਰਾਂ ਦਾ ਬਹੁਤ ਫਿਕਰ ਹੈ। ਉਹ ਇਹਨਾਂ ਦੀ ਮੱਦਦ ਦੀ ਅਪੀਲ ਕਰਦੀ ਰਹਿੰਦੀ ਹੈ ਤੇ ਪੈਸੇ ਇਕੱਠੇ ਵੀ ਕਰਦੀ ਹੈ। ਲੋਕ ਦਿੰਦੇ ਵੀ ਹਨ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਸਰਕਾਰ ਵਲੋਂ ਆਮ ਸ਼ਹਿਰੀਆਂ ਨੂੰ ਮਿਲਦੇ ਯੂਨੀਵਰਸਲ ਕਰੈਡਿਟ (ਬੇਰੁਗਜ਼ਾਰੀ ਭੱਤਾ) ਦੀਆਂ ਹੱਕਦਾਰ ਤਾਂ ਇਹ ਔਰਤਾਂ ਵੀ ਹਨ ਪਰ ਇਹਨਾਂ ਕੋਲ ਇਸ ਸੁਵਿਧਾ ਤੱਕ ਪੁੱਜਣ ਦੇ ਜ਼ਰੀਏ ਨਹੀਂ ਹਨ। ਕਿਉਕਿ ਯੂਨੀਵਰਸਲ ਕਰੈਡਿਟ ਸਿਰਫ ਔਨਲਾਈਨ ਹੀ ਅਪਲਾਈ ਹੀ ਕੀਤਾ ਜਾਂਦਾ ਹੈ ਤੇ ਇਹਨਾਂ ਔਰਤਾਂ ਕੋਲ ਔਨਲਾਈਨ ਦੇ ਸਾਧਨ ਨਹੀਂ ਹਨ। ਜਿਹਨਾਂ ਔਰਤਾਂ ਕੋਲ ਫੋਨ ਸਨ ਵੀ, ਉਹ ਇਹਨਾਂ ਨੂੰ ਵੇਚਣੇ ਪਏ ਹਨ। ਇਹ ਸੰਸਥਾ ਇਸ ਕੰਮ ਵਿੱਚ ਇਹਨਾਂ ਦੀ ਮੱਦਦ ਕਰ ਰਹੀ ਹੈ ਪਰ ਯੂਨੀਵਰਸਲ ਕਰੈਡਿਟ ਵੀ ਟੱਬਰ ਨੂੰ ਪਾਲਣ ਲਈ ਕਾਫੀ ਨਹੀਂ ਹੁੰਦਾ। ਕਰੋਨਾ ਯੁੱਗ ਵਿੱਚ ਬ੍ਰਤਾਨੀਆ ਦੀ ਸਰਕਾਰ ਨੇ ਆਪਣੇ ਲੋਕਾਂ ਦੀ ਹਰ ਕਾਰੋਬਾਰ ਵਿੱਚ ਮੱਦਦ ਕੀਤੀ ਹੈ ਪਰ ਉਹਨਾਂ ਕਾਰੋਬਾਰਾਂ ਨੂੰ ਹੀ ਮੱਦਦ ਮਿਲੀ ਹੈ ਜਿਹੜੇ ਲਗਾਤਾਰ ਟੈਕਸ ਦਿੰਦੇ ਰਹੇ ਹਨ। ਤੇ ਇਹ ਧੰਦਾ ਅਜਿਹਾ ਹੈ ਜਿਸ ਵਿੱਚ ਕੋਈ ਟੈਕਸ ਦਿੰਦਾ ਹੀ ਨਹੀਂ, ਮੱਦਦ ਕਿਥੋਂ ਮਿਲਣੀ ਸੀ।

      ਇਸਟੈਲਾ ਲੂਕਸ ਨਾਂ ਦੀ ਸੈਕਸ ਵਰਕਰ ਨੇ ਆਪਣੀ ਇੰਟਰਵਿਊ ਵਿੱਚ ਕਿਹਾ ਹੈ ਕਿ ਉਹ ਇਹ ਕੰਮ ਕਰਕੇ ਆਪਣੇ ਚੰਗੇ ਇਲਾਕੇ ਵਿੱਚ ਖਰੀਦੇ ਘਰ ਦੀ ਕਿਸ਼ਤ ਦਿੰਦੀ ਸੀ ਪਰ ਹੁਣ ਇਹ ਘਰ ਵਿਕਣ ਦੀ ਸਥਿਤੀ ਵਿੱਚ ਆ ਗਿਆ ਹੈ। ਪਿਛਲੇ ਛੇ ਮਹੀਨੇ ਤੋਂ ਉਸ ਨੇ ਕੋਈ ਕੰਮ ਨਹੀਂ ਕੀਤਾ। ਇਸ ਦੁਰਮਿਆਨ ਉਸ ਦਾ ਆਪਣੇ ਗਾਹਕਾਂ ਨਾਲ ਨਾਤਾ ਟੁੱਟ ਗਿਆ ਹੈ। ਹੁਣ ਤੱਕ ਤਾਂ ਉਸ ਦੇ ਗਾਹਕ ਉਸ ਨੂੰ ਭੁੱਲ ਵੀ ਗਏ ਹੋਣਗੇ। ਇਸ ਕਾਰੋਬਾਰ ਅਜਿਹਾ ਸੁਭਾਅ ਵੀ ਨਹੀਂ ਕਿ ਤੁਸੀਂ ਆਪਣੇ ਗਾਹਕਾਂ ਨਾਲ ਫੋਨ ਉਪਰ ਰਾਬਤਾ ਕਾਇਮ ਰੱਖਦੇ ਰਹੋਂ। ਉਸ ਨੂੰ ਫਿਕਰ ਹੈ ਕਿ ਉਸ ਨੂੰ ਆਪਣਾ ਕਾਰੋਬਾਰ ਮੁੜ ਜ਼ੀਰੋ ਤੋਂ ਸ਼ੁਰੂ ਕਰਨਾ ਪਵੇਗਾ ਤੇ ਇਸ ਨੂੰ ਸਥਾਪਤ ਕਰਨ ਨੂੰ ਬਹੁਤ ਵਕਤ ਲੱਗ ਜਾਵੇਗਾ।

     ਟੈਕਨੌਲੌਜੀ ਦੀ ਤਰੱਕੀ ਦੇ ਨਾਲ ਨਾਲ ਵੇਸਵਾਗਮਨੀ ਦੇ ਧੰਦੇ ਵਿੱਚ ਵੀ ਤਰੱਕੀਆਂ ਹੋਈਆਂ ਹਨ। ਨਿੱਕੀ ਐਡਮਜ਼ ਮੁਤਾਬਕ ਯੂਕੇ ਵਿੱਚ ਅੱਠ ਸੌ ਤੋਂ ਵੱਧ ਸੈਕਸ ਵਰਕਰਜ਼ ਇਕ ਅਡੱਲਟ ਵੈਬਸਾਈਟ ਰਾਹੀਂ ਆਪਣੇ ਗਾਹਕਾਂ ਨਾਲ ਜੁੜੀਆਂ ਹੋਈਆਂ ਹਨ ਪਰ ਉਹਨਾਂ ਦਾ ਕਾਰੋਬਾਰ ਵੀ ਹੁਣ ਬੰਦ ਹੈ। ਇਹਨਾਂ ਔਰਤਾਂ ਨੇ ਨਵੇਂ ਤਰੀਕੇ ਲੱਭਦਿਆਂ ਫੋਨ-ਸੈਕਸ ਜਾਂ ਕੈਮਰਾ-ਸੈਕਸ ਦੇ ਰਾਹ ਅਪਣਾਏ ਹਨ ਪਰ ਉੁਹਨਾਂ ਦੀ ਆਮਦਨੀ ਲਈ ਨਾਕਾਫੀ ਹਨ। ਇਹਨਾਂ ਨੂੰ ਆਪਣੇ ਘਰਾਂ ਦੇ ਬਿੱਲ ਤੇ ਕਿਰਾਇਆ ਦੇਣਾ ਔਖਾ ਹੋ ਗਿਆ ਹੈ। ਲੰਡਨ ਦੇ ਇਕ ਹੋਸਟਲ, ਜਿਥੇ ਬਹੁਤ ਸਾਰੀਆਂ ਸੈਕਸ ਵਰਕਰ ਰਹਿੰਦੀਆਂ ਹਨ, ਚੈਰਿਟੀਆਂ ਵਲੋਂ ਕਾਫੀ ਸਾਰਾ ਖਾਣਾ ਪੁੱਜਦਾ ਹੋ ਜਾਂਦਾ ਸੀ ਪਰ ਕਰੋਨਾ ਕਰਕੇ ਇਹ ਬੰਦ ਹੋ ਗਿਆ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਖਾਣੇ ਨਾਲੋਂ ਕੈਸ਼ ਪੈਸੇ ਦੀ ਵਧੇਰੇ ਲੋੜ ਹੈ ਤਾਂ ਜੋ ਹੋਰ ਲੋੜੀਂਦੀਆਂ ਵਸਤਾਂ ਵੀ ਖਰੀਦ ਸਕਣ।

     ਦੁਨੀਆ ਦੇ ਦਰਜਨਾਂ ਮੁਲਕਾਂ ਵਿੱਚ ਸੈਕਸ ਵਰਕਰਾਂ ਲਈ ਕੈਸ਼ ਪੈਸੇ ਇਕੱਠ ਕਰਨ ਦੀਆਂ ਅਪੀਲਾਂ ਦਾ ਕੁਝ ਨਾ ਕੁਝ ਅਸਰ ਹੋ ਰਿਹਾ ਹੈ। ਅਮਰੀਕਾ ਵਿੱਚ ਲੌਸ ਵੇਗਸ ਵਿੱਚ ਸੋਲਾਂ ਹਜ਼ਾਰ ਪੌਂਡ ਇਕੱਠੇ ਹੋ ਗਏ ਹਨ। ਇਟਲੀ ਦੇ ਲੋਕਾਂ ਨੇ ਵੀਹ ਹਜ਼ਾਰ ਪੌਂਡ ਤੋਂ ਉਪਰ ਅਜਿਹੀ ਚੈਰਟੀ ਨੂੰ ਦੇ ਦਿੱਤੇ ਹਨ। ਲੰਡਨ ਵਿੱਚ ਵੀ ਸੈਕਸ ਵਰਕਰਾਂ ਦੀ ਮੱਦਦ ਲਈ ਪੈਸੇ ਇਕੱਠੇ ਹੋ ਰਹੇ ਹਨ।

    ਯੂਕੇ ਵਿੱਚ ਭਾਵੇਂ ਕਰੋਨੇ ਕਰਕੇ ਦੁਬਾਰਾ ਲੌਕ ਡਾਊਨ ਲਾ ਦਿੱਤਾ ਗਿਆ ਹੈ ਪਰ ਪਿਛਲੇ ਹਫਤਿਆਂ ਵਿੱਚ ਸੈਕਸ ਵਰਕ ਦੇ ਕਾਰੋਬਾਰ ਵਿੱਚ ਅਚਨਾਕ ਕੁਝ ਵੱਖਰਾ ਦੇਖਣ ਨੂੰ ਮਿਲਿਆ। ਸੈਕਸ ਵਰਕਰ ਜੋ ਘਰਾਂ ਵਿੱਚ ਤੜੀਆਂ ਬੈਠੀਆਂ ਸਨ, ਜਿਹਨਾਂ ਕੋਲ ਖਾਣ ਲਈ ਕੁਝ ਨਹੀਂ ਸੀ, ਉਹ ਮੁੜ ਬਾਹਰ ਨਿਕਲ ਆਈਆਂ ਹਨ। ਉਹ ਹਾਲਾਤ ਹੱਥੋਂ ਮਜਬੂਰ ਹਨ ਜਾਂ ਆਪਣੇ ਦੱਲਿਆਂ ਵਲੋਂ ਪਰ ਯੂਕੇ ਦੇ ਸ਼ਹਿਰਾਂ ਦੀਆਂ ਬਦਨਾਮ ਗਲ਼ੀਆਂ ਵਿੱਚ ਉਹ ਦਿਸਣ ਲੱਗੀਆਂ ਹਨ।  ਉਹਨਾਂ ਦੀ ਦਲੀਲ ਹੈ ਕਿ ਘਰਾਂ ਵਿੱਚ ਭੁੱਖੇ ਰਹਿਣ ਨਾਲੋਂ ਕਰੋਨਾ ਬਾਰੇ ਚਾਂਸ ਲੈਣਾ ਜ਼ਿਆਦਾ ਠੀਕ ਰਹੇਗਾ। ਬੇਸ਼ੱਕ ਇੰਝ ਕਰਦਿਆਂ ਕਰੋਨਾ ਵਾਇਰਸ ਦੇ ਨਾਲ ਨਾਲ ਸਰਕਾਰ ਵਲੋਂ ਹੋਣ ਵਾਲੇ ਜੁਰਮਾਨੇ ਦਾ ਡਰ ਵੀ ਹੈ ਪਰ ਗਾਹਕਾਂ ਦੀ ਤਾਲਾਸ਼ ਵਿੱਚ ਸਰਗਰਮ ਹਨ। ਗਾਹਕ ਵੀ ਏਨੇ ਬੇਕਰਾਰ ਹਨ ਕਿ ਜੋਖ਼ਮ ਲੈਣ ਲਈ ਤਿਆਰ ਹਨ। ਫਿਰ ਹਾਲਾਤ ਅਜਿਹੇ ਹਨ ਕਿ ਇਹਨਾਂ ਦੇ ਗਾਹਕ ਆਮ ਨਾਲੋਂ ਵਧੇਰੇ ਹਿੰਸਕ ਹੋ ਰਹੇ ਹਨ। ਸਟਰੀਟ ਲਾਈਟ- ਨਾਮੀ ਇਕ ਸੰਸਥਾ ਜੋ ਵੇਸਵਾਵਾਂ ਉਪਰ ਹੁੰਦੇ ਹਮਲਿਆਂ ਦਾ ਵਿਰੋਧ ਕਰਦੀ ਹੋਈ ਉਹਨਾਂ ਦੀ ਮੱਦਦ ਕਰਦੀ ਹੈ, ਦੀ ਸੰਚਾਲਕਾ ਦਾ ਕਹਿਣਾ ਹੈ ਸੈਕਸ ਵਰਕਰਾਂ ਨੂੰ ਹਿੰਸਕ ਹਮਲਿਆਂ ਬਾਰੇ ਪੁਲੀਸ ਕੋਲ ਰਿਪੋਰਟ ਜ਼ਰੂਰ ਕਰਨੀ ਚਾਹੀਦੀ ਹੈ। ਇਹਨਾਂ ਦਿਨਾਂ ਵਿੱਚ ਕੰਮ ਕਰ ਰਹੀਆਂ ਸੈਕਸ ਵਰਕਰਾਂ ਬਾਰੇ ਫਿਕਰ ਕਰਦੀ ਇਕ ਹੋਰ ਸੰਸਥਾ (ਦਾ ਐਂਬਰ ਚੈਪਲਿਨ) ਗਲ਼ੀਆਂ ਵਿੱਚ ਖੜੀਆਂ ਇਹਨਾਂ ਔਰਤਾਂ ਨੂੰ ਇਕ ਇਕ ਬੈਗ ਸਪਲਾਈ ਕਰਦੀ ਹੈ ਜਿਹਨਾਂ ਵਿੱਚ ਜ਼ਰੂਰੀ ਲੋੜ ਦੀਆਂ ਚੀਜ਼ਾਂ ਹੁੰਦੀਆਂ ਹਨ। ਇਕ ਚੈਪਲਿਨ ਦਾ ਕਹਿਣਾ ਹੈ ਕਿ ਜੇ ਉਹਨਾਂ ਕੋਲ ਫੰਡ ਕਾਫੀ ਹੋਣ ਤਾਂ ਇਹਨਾਂ ਨੂੰ ਫੋਨ ਵੀ ਲੈ ਦਿੱਤੇ ਜਾਂਦੇ ਹਨ ਤਾਂ ਜੋ ਔਖੇ ਸਮੇਂ ਪੁਲੀਸ ਤੋਂ ਮੱਦਦ ਲੈ ਸਕਣ।

     ਅਖੀਰ ਵਿੱਚ ਬੰਗਲਾ ਦੇਸ਼ ਦੇ ਸ਼ਹਿਰ ਦੌਲਤਦੀਆ ਬਾਰੇ ਖ਼ਬਰ ਸਾਂਝੀ ਕਰਨੀ ਗਲਤ ਨਹੀਂ ਹੋਵੇਗੀ। ਇਥੇ ਦੁਨੀਆ ਸਭ ਤੋਂ ਵੱਡਾ ਵੇਸਵਾਘਰ ਹੈ ਜਿਥੇ ਪੰਦਰਾਂ ਸੌ ਤੋਂ ਵੱਧ ਔਰਤਾਂ ਹਨ ਤੇ ਹਜ਼ਾਰ ਤੋਂ ਵੱਧ ਬੱਚੇ। ਇਹ ਪਦਮਾ ਨਦੀ ਦੇ ਕਿਨਾਰੇ ਹੈ ਤੇ ਬੰਗਲਾਦੇਸ਼ ਦੇ ਬਹੁਤ ਸਾਰੇ ਸ਼ਹਿਰਾਂ ਨਾਲ ਜੁੜਦਾ ਹੈ। ਇਥੋਂ ਲੰਘਦੇ ਟਰੱਕ ਡਰਾਈਵਰ ਤੇ ਅਜਿਹੇ ਹੋਰ ਲੋਕ ਇਥੋਂ ਦੇ ਗਾਹਕ ਹਨ ਪਰ ਕਰੋਨਾ ਕਰਕੇ ਪੁਲੀਸ ਨੇ ਇਹ ਬੰਦ ਕਰ ਦਿੱਤਾ ਹੈ। ਨਤੀਜਨ ਇਸ ਦੇ ਅੰਦਰ ਭੁੱਖਮਰੀ ਫੈਲ ਗਈ ਹੈ। ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਹਨ। ਦੁਨੀਆ ਦਾ ਮੀਡੀਆ ਇਸ ਦਾ ਭਰਪੂਰ ਨੋਟਿਸ ਲੈ ਰਿਹਾ ਹੈ। ਇਹ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਬੰਗਲਾ ਦੇਸ਼ ਦੀ ਸਰਕਾਰ ਇਸ ਦਾ ਕੀ ਹੱਲ ਲੱਭਦੀ ਹੈ।

     ਨਿੱਜੀ ਤੌਰ 'ਤੇ ਮੈਂ ਸਮਝਦਾ ਹਾਂ ਕਿ ਇਹ ਸੈਕਸ ਵਰਕਰ ਸਮਾਜ ਦੀਆਂ ਬਦਨਾਮ ਗਲ਼ੀਆਂ ਦੀਆਂ ਵਾਸੀ ਤਾਂ ਹਨ ਪਰ ਇਹ ਵੀ ਇਨਸਾਨ ਹਨ, ਇਹਨਾਂ ਦੀ ਭਲਾਈ ਲਈ ਵੀ ਸਾਰਕਾਰਾਂ ਤੇ ਹੋਰਨਾਂ ਸੰਸਥਾਵਾਂ ਨੂੰ ਸੋਚਣਾ ਚਾਹੀਦਾ ਹੈ।

Comments


bottom of page