top of page
Writer's pictureਸ਼ਬਦ

ਇਕ ਸੀ ਰਾਜਾ ————

ਇਕ ਵਾਰ ਇਕ ਰਾਜਾ ਹੁੰਦਾ ਸੀ ਉਸ ਨੂੰ ਅਜੀਬੋ ਗਰੀਬ ਐਲਰਜੀ ਸੀ ਜਦ ਕਿਤੇ ਫੁੱਲ ਖਿੜਦੇ ਬੱਚੇ ਖਿੜ ਖਿੜ ਹੱਸਦੇ ਉਸ ਦੇ ਹੱਥਾਂ ’ਚ ਜਲੂਣ ਹੋਣ ਲਗ ਪੈਂਦੀ ਉਹ ਜ਼ੋਰ ਦੀ ਤਾੜੀ ਮਾਰਦਾ ਚਾਰੇ ਪਾਸੇ ਹਨੇਰ ਛਾ ਜਾਂਦਾ

ਉਸ ਰਾਜੇ ਦੇ ਦੇਸ ਵਿਚ ਇਕ ਬਸਤੀ ਸੀ ਜਿਥੇ ਫੁੱਲ ਹੀ ਫੁੱਲ ਸਨ ਫੁੱਲਾਂ ਵਾਂਗ ਖਿੜੇ ਲੋਕ ਸਨ ਦੂਰੋਂ ਦੂਰੋਂ ਲੋਕ ਫੁੱਲਾਂ ਦੇ ਬਾਗ ਵੇਖਣ ਆਉਂਦੇ ਪਰ ਅੰਦਰ ਹੀ ਅੰਦਰ ਰਾਜੇ ਦੀ ਤਾੜੀ ਤੋਂ ਡਰਦੇ ਮਤਾ ਕਿਤੇ ਉਸ ਦੀ ਨਜ਼ਰ ਫੁੱਲਾਂ ਦੀ ਵਾਦੀ ‘ਤੇ ਨਾ ਪੈ ਜਾਏ

ਪਰ ਹੋਣੀ ਨੂੰ ਕੌਣ ਟਾਲ ਸਕਦਾ ਰਾਜਾ ਇਕ ਵਾਰ ਚਬੂਤਰੇ ’ਤੇ ਚੜਿਆ ਹੋਇਆ ਸੀ ਅਚਾਨਕ ਉਸ ਦੀ ਨਿਗ੍ਹਾ ਫੁੱਲਾਂ ਦੀ ਵਾਦੀ ‘ਤੇ ਪੈ ਗਈ ਇਕੋ ਥਾਂ ਏਨੇ ਫੁੱਲ ਵੇਖ ਰਾਜੇ ਦੇ ਹੱਥ ਜਲੂਣ ਨਾਲ ਭਰ ਗਏ ਕਹਿੰਦੇ ਨੇ ਉਸ ਦਿਨ ਰਾਜੇ ਨੇ ਏਨੇ ਜ਼ੋਰ ਦੀ ਤਾੜੀ ਮਾਰੀ ਕਿ ਸਾਰੀ ਵਾਦੀ ’ਚ ਰਾਤ ਪੈ ਗਈ ਕਈ ਵਰ੍ਹੇ ਮੁੜ ਉਥੇ ਸੂਰਜ ਨਾ ਚੜਿਆ ਫੁੱਲ ਖਿੜਣਾ ਭੁੱਲ ਗਏ ਤੇ ਲੋਕ ਹੱਸਣਾ ਇਕ ਇਕ ਕਰਕੇ ਵਣ ਤ੍ਰਿਣ ਫੁੱਲ ਬੂਟੇ ਕਮਲਾ ਗਏ ਝੀਲਾਂ ਕੂਲਾਂ ਦੇ ਪਾਣੀ ਪਥਰਾ ਗਏ ਨੇਰ੍ਹਾ ਢੋਂਦੇ ਲੋਕਾਂ ਨੂੰ ਇਕ ਦੂਜੇ ਦੇ ਸਾਹਾਂ ਦੀ ਆਵਾਜ਼ ਸੁਣਦੀ ਪਰ ਕਿਸੇ ਨੂੰ ਕੋਈ ਵੇਖ ਨਾ ਸਕਦਾ ਦਿਨਾਂ ਮਹੀਨਿਆਂ ਵਿਚ ਫੁੱਲਾਂ ਦੀ ਵਾਦੀ ਕਾਲੀ ਸਿਆਹ ਹੋ ਗਈ

ਕਹਿੰਦੇ ਨੇ- ਰਾਜੇ ਦੀ ਤਾੜੀ ਦਾ ਡਰ ਦੂਰ ਨੇੜ ਸਭ ਬਸਤੀਆਂ ’ਚ ਫੈਲ ਗਿਆ ਸਹਿਮੇ ਲੋਕਾਂ ਨੇ ਘਰਾਂ ਦੇ ਗਮਲਿਆਂ ਚੋਂ ਆਪੇ ਫੁੱਲ ਪੁਟ ਸੁੱਟੇ ਮਾਵਾਂ ਨੇ ਆਪਣੇ ਬਾਲਾਂ ਦੇ ਬੁੱਲ੍ਹ ਸਿਉਂ ਦਿੱਤੇ ਕਦੇ ਕਦਾਈਂ ਕੋਈ ‘ਪਾਗਲ’ ਹੋਇਆ ਬੰਦਾ ਜੇ ਚੌਂਕ ਚੁਰਾਹੇ ਖੜਕੇ ਹੱਸਣ ਲੱਗਦਾ ਤਾਂ ਰਾਜੇ ਦੇ ਤਾੜੀ ਮਾਰਨ ਤੋਂ ਪਹਿਲਾਂ ਹੀ ਲੋਕਾਂ ਦੀ ਭੀੜ ਉਸ ਨੂੰ ਮਾਰ ਮੁਕਾਉਂਦੀ

ਇਸੇ ਤਰ੍ਹਾਂ ਵਰ੍ਹਿਆਂ ਦੇ ਵਰ੍ਹੇ ਬੀਤ ਗਏ ਫੁੱਲਾਂ ਦੀ ਵਾਦੀ ਦਾ ਨਾਂ ‘ਕਾਲੀ ਵਾਦੀ’ ਪੈ ਗਿਆ

ਕਹਿੰਦੇ ਨੇ- ਫਿਰ ਕਈ ਸਾਲਾਂ ਮਗਰੋਂ ਉਸ ‘ਕਾਲੀ ਵਾਦੀ’ ਵਿਚ ਇਕ ਬਾਲ ਜਨਮਿਆ ਸੋਨ-ਸੁਨੱਖਾ ਸਾਰਾ ਦਿਨ ਹੱਸਦਾ ਰਿਹਾ ਕਰੇ ਮਾਈਆਂ ਦਾਈਆਂ ਬਥੇਰਾ ਵਰਜਿਆ ਪਰ ਬਾਲ ਹੱਸਣੋਂ ਨਾ ਹਟੇ ਬਾਲ ਤਾਂ ਸਿਰਫ਼ ਹੱਸਣ ਦੀ ਜ਼ੁਬਾਨ ਹੀ ਜਾਣਦਾ ਸੀ ਕਾਲੀ ਵਾਦੀ ’ਚ ਉਸ ਕੱਲੇ ਦਾ ਹਾਸਾ ਸੂਰਜ ਵਾਂਗ ਲਿਸ਼ਕਦਾ ਰਾਜੇ ਨੂੰ ਬੱਚੇ ਦਾ ਹਾਸਾ ਸੁਣਿਆ ਕਰੇ ਪਰ ਦਿਸੇ ਕਿਤੇ ਨਾ ਹੱਥਾਂ ਦੀ ਜਲੂਣ ਨਾਲ ਰਾਜਾ ਪਰੇਸ਼ਾਨ ਹੋ ਜਾਂਦਾ ਚਬੂਤਰੇ ‘ਤੇ ਚੜ੍ਹ - ਉਹ ਕਾਲੀ ਵਾਦੀ ਵੱਲ ਵੇਂਹੰਦਾ ਰਹਿੰਦਾ ਹਾਸਾ ਸੁਣੇ ਪਰ ਦਿਸੇ ਕੋਈ ਨਾ ਰਾਜਾ ਤਾੜੀ ਮਾਰੇ ਪਰ ਨ੍ਹੇਰੇ ’ਚ ਹਾਸਾ ਹੋਰ ਵੀ ਲਿਸ਼ਕੇ ਜਿਉਂ ਜਿਉਂ ਰਾਜਾ ਤਾੜੀਆਂ ਮਾਰੇ ਤਿਉਂ ਤਿਉਂ ਹਾਸਾ ਫੈਲਦਾ ਜਾਏ ਰਾਜੇ ਨੂੰ ਨੀਂਦ ਨਾ ਆਵੇ ਵੇਦ ਹਕੀਮਾਂ ਬਥੇਰਾ ਜ਼ੋਰ ਲਾਇਆ ਰਾਜੇ ਦੇ ਹੱਥਾਂ ’ਚ ਜਲੂਣ ਵਧਦੀ ਹੀ ਜਾਵੇ ਨੀਂਦ ’ਚ ਵੀ ਰਾਜੇ ਨੂੰ ਹਾਸਾ ਸੁਣਦਾ ਕਹਿੰਦੇ ਨੇ- ਰਾਜੇ ਦੇ ਹੱਥਾਂ ਦੀ ਜਲੂਣ ਏਨੀ ਵਧੀ ਕਿ ਕੋਹੜ ਬਣ ਗਈ

ਬੱਚੇ ਦੇ ਹੱਸਣ ਦੀਆਂ ਗੱਲਾਂ ਘਰ ਘਰ ਹੋਵਣ ਲੱਗੀਆਂ ਸੁੰਨੀਆਂ ਸ਼ਾਖ਼ਾਂ ’ਤੇ ਮੁੜ ਪੁੰਗਾਰੇ ਫੁੱਟ ਆਏ ਪਥਰਾਏ ਪਾਣੀਆਂ ’ਚ ਫਿਰ ਰਾਗ ਗੂੰਜ ਉੱਠੇ ਹੌਲੀ ਹੌਲੀ ਲੋਕ ਗਮਲਿਆਂ ਚ ਫੁੱਲ ਉਗਾਉਣ ਲੱਗ ਪਏ ਕਹਿੰਦੇ ਨੇ- ਫਿਰ ਉਸੇ ਬੱਚੇ ਦਾ ਹਾਸਾ ਸੂਰਜ ਬਣਕੇ ਵਾਦੀ ਦੇ ਵਿਚ ਚੜਿਆ ਉਸੇ ਬੱਚੇ ਦਾ ਹਾਸਾ ਫੁੱਲਾਂ ਦਾ ਰੂਪ ਵਟਾ ਕੇ ਬਾਗਾਂ ਦੇ ਵਿਚ ਖਿੜਿਆ। ਤੇ ਉਹ ਰਾਜਾ ਕੋਹੜੀ ਬਣ ਕੇ ਮਹਿਲਾਂ ਦੇ ਵਿਚ ਮਰਿਆ ।

Comments


bottom of page