ਅਗਲੀਆਂ ਛੁੱਟੀਆਂ ਜਿਬਰੌਲਟਰ/
ਹਰਜੀਤ ਅਟਵਾਲ/
ਜਿਹੜੀ ਮੈਂ ਦੁਨੀਆ ਦੀਆਂ ਜਗਾਵਾਂ ਦੇਖਣ ਦੀ ਲਿਸਟ ਬਣਾਈ ਹੈ ਉਸ ਵਿੱਚ ਜਿਬਰੌਲਟਰ ਦਾ ਨਾਂ ਵੀ ਸ਼ਾਮਲ ਹੈ। ਖੁਸ਼-ਕਿਸਮਤੀ ਇਹ ਹੈਕਿ ਮੈਂ ਇਥੇ ਜਾ ਚੁੱਕਾ ਹਾਂ। ਵੈਸੇ ਤਾਂ ਇਹ ਸਪੇਨ ਦਾ ਹਿੱਸਾ ਹੈ ਪਰ ਅੱਜ ਵੀ ਇਥੇ ਰਾਜ ਬ੍ਰਤਾਨਵੀ-ਰਾਜ ਹੈ। ਬ੍ਰਤਾਨੀਆ ਤੋਂ ਬਾਹਰ ਇਹ ਅਜਿਹੀ ਜਗਾਹ ਹੈ ਜਿਥੇ ਤੁਸੀਂ ਬ੍ਰਤਾਨਵੀਪਨ ਮਹਿਸੂਸ ਕਰਦੇ ਹੋ। ਜਿਥੇ ਤੁਸੀਂ ਇੰਗਲੈਂਡ ਦੇ ਹੀ ਕਿਸੇ ਕਸਬੇ ਵਿੱਚ ਆਏ ਸਮਝਦੇ ਹੋ। ਇਹਦੀ ਕਰੰਸੀ ਪੌਂਡ ਹੈ। ਸਾਰੇ ਲੋਕ ਅੰਗਰਜ਼ੀ ਬੋਲਦੇ ਹਨ। ਬ੍ਰਤਾਨਵੀ ਨਾਸ਼ਤਾ ਤੇ ਬ੍ਰਤਾਨਵੀ ਡਿਨਰ। ਉਹੀ ਖੋਹ ਪਉਂਦੇ ਫਿਸ਼ ਐਂਡ ਚਿਪਸ। ਉਂਜ ਚਿਕਨ-ਕਰੀ ਜਾਂ ਲੈਂਬ ਕਰੀ ਵੀ ਬ੍ਰਤਾਨਵੀ-ਡਿਨਰ ਵਿੱਚ ਸ਼ਾਮਲ ਹੈ। ਸੋ ਭਾਰਤੀ ਰੈਸਟੋਰੈਂਟਾਂ ਦਾ ਹੋਣ ਵੀ ਕੁਦਰਤੀ ਹੈ। ਉਹੀ ਪੱਬ ਤੇ ਉਹੀ ਪੱਬਾਂ ਦੇ ਗਵਨੇ। ਲੰਡਨ ਵਾਂਗ ਹੀ ਖੱਬੇ ਚਲੋ ਤੇ ਕਾਰਾਂ ਦੇ ਸਟੇਅਰਿੰਗ ਸੱਜੇ ਪਾਸੇ ਹਨ। ਇਸ ਜਗਾਹ ਦੀਆਂ ਕਈ ਖਾਸੀਅਤਾਂ ਹਨ ਪਰ ਇਕ ਖਾਸੀਅਤ ਇਹ ਹੈਕਿ ਇਸਨੂੰ ‘ਡਿਊਟੀਫਰੀ ਬੰਦਰਗਾਹ’ ਵੀ ਕਿਹਾ ਜਾਂਦਾ ਹੈ ਕਿਉਂਕਿ ਇਥੇ ਤੁਸੀਂ ਸਾਰਾ ਸਾਮਾਨ ਏਅਰਪੋਰਟ ਵਾਂਗ ਹੀ ਡਿਊਟੀਫਰੀ ਖਰੀਦ ਸਕਦੇ ਹੋ। ਸ਼ਰਾਬ, ਤਮਾਕੂ, ਪ੍ਰਫਿਊਮਰੀ ਤੇ ਸੋਨਾ ਬਗੈਰਾ ਬਹੁਤ ਸਸਤੇ ਹਨ। ਲੋਕ ਬੈਗ ਭਰਕੇ ਲੈ ਜਾਂਦੇ ਹਨ। ਮੌਸਮ ਵੀ ਬਹੁਤ ਖੂਬਸੂਰਤ ਹੈ। ਬ੍ਰਤਾਨੀਆ ਤੋਂ ਕਈ ਗੁਣਾਂ ਵੱਧ ਕੇ ਧੁੱਪ। ਇਸਦੇ ਸਾਹਮਣੇ ਹੀ ਮੈਡੀਟੇਰੀਅਨ ਮੁਲਕ ਭਾਵ ਮੋਰਾਕੋ, ਅਲਜੀਰੀਆ, ਲੀਬੀਆ ਆਦਿ ਪੈਂਦੇ ਹਨ ਜਿਥੋਂ ਆਉਂਦੀਆਂ ਗਰਮ ਹਵਾਵਾਂ ਇਸ ਜਗਾਹ ਨੂੰ ਨਿੱਘੀ ਬਣਾਈ ਰੱਖਦੀਆਂ ਹਨ। ਇਸ ਜਗਾਹ ਨੂੰ ਮੈਡੀਟੇਰੀਅਨ ਸਮੁੰਦਰ ਦਾ ਦਰਵਾਜ਼ਾ ਵੀ ਕਿਹਾ ਜਾਂਦਾ ਹੈ। ਇਥੇ ਮੈਡੀਟੇਰੀਅਨ ਤੇ ਐਟਲਾਂਟਿਕ ਸਮੁੰਦਰ ਮਿਲਦੇ ਹਨ ਤੇ ਮਿਲਣ ਵਾਲੀ ਜਗਾਹ ‘ਤੇ ਦੋਵੇਂ ਸਾਗਰ ਆਪਣੀ ਹੋਂਦ ਬਣਾਈ ਰੱਖਦੇ ਹਨ। ਬਹੁਤੇ ਲੋਕ ਇਥੇ ਹਵਾਈ-ਜਹਾਜ਼ ਰਾਹੀਂ ਹੀ ਜਾਂਦੇ ਹਨ ਕਿਉਂਕਿ ਇਹ ਸਪੇਨ ਦੇ ਬਿਲਕੁਲ ਦੂਜੇ ਪਾਸੇ ਧੁਰ ਦੱਖਣ ਵਿੱਚ ਹੈ। ਸੜਕੋ-ਸੜਕੀ ਡੇੜ-ਦੋ ਦਿਨ ਤੇ ਫਲਾਈਟ ਸਿਰਫ ਢਾਈ-ਤਿੰਨ ਘੰਟੇ ਦੀ ਹੈ। ਕਾਰ ਦੇ ਫਿਊਲ ਤੋਂ ਕਿਤੇ ਸਸਤਾ ਹੈ ਹਵਾਈ ਟਿਕਟ। ਫਿਰ ਵੀ ਅਸੀਂ ਕੁਝ ਦੋਸਤ ਕਾਰ ਰਾਹੀਂ ਗਏ ਸਾਂ। ਕਾਰ ਰਾਹੀਂ ਇਸ ਕਰਕੇ ਕਿ ਅਸੀਂ ਲੰਡਨ ਤੋਂ ਨਹੀਂ ਮਾਰਬੇਲਾ ਤੋਂ ਗਏ ਸਾਂ ਜੋ ਜਿਬਰੌਲਟਰ ਤੋਂ ਘੰਟੇ ਕੁ ਦੀ ਡਰਾਈਵ ‘ਤੇ ਹੀ ਹੈ। ਵੈਸੇ ਸਪੇਨ ਦੇ ਕਈ ਸ਼ਹਿਰਾਂ ਤੋਂ ਜਿਬਰੌਲਟਰ ਲਈ ਰੋਜ਼ਾਨਾ ਬੱਸਾਂ ਚਲਦੀਆਂ ਹਨ। ਸਵੇਰੇ ਜਾ ਕੇ, ਘੁੰਮ ਫਿਰ ਕੇ, ਸ਼ੌਪਿੰਗ ਕਰਕੇ ਸ਼ਾਮ ਨੂੰ ਵਾਪਸ ਆ ਸਕਦੇ ਹੋ। ਮੇਰੇ ਲਈ ਇਸ ਜਗਾਹ ਦੀ ਅਹਿਮੀਅਤ ਇਥੋਂ ਦੀ ਸ਼ੌਪਿੰਗ ਕਰਕੇ ਨਹੀਂ ਹੈ ਬਲਕਿ ਇਸਦੀ ਭੂਗੋਲਿਕ ਸਥਿਤੀ ਤੇ ਇਸਦਾ ਇਤਿਹਾਸ, ਇਸ ਦਾ ਯੁੱਧਾਂ ਦੀ ਰਣਨੀਤੀ ਵਿੱਚ ਰੋਲ ਹੈ। ਇਸ ਬਾਰੇ ਜੋ ਖ਼ਬਰਾਂ ਚਲਦੀਆਂ ਰਹਿੰਦੀਆਂ ਹਨ ਉਹ ਵੀ ਇਥੇ ਜਾਣ ਲਈ ਉਕਸਾਉਂਦੀਆਂ ਰਹਿੰਦੀਆਂ ਹਨ।
ਇਸ ਜਗਾਹ ਦੀਆਂ ਹੋਰ ਵਿਸ਼ੇਸ਼ਤਾਈਆਂ ਵਿੱਚ ਇਸ ਦੀਆਂ ਖੂਬਸੂਰਤ ਗੁਫਾਵਾਂ, ਇਸ ਦੀ ਜਿਬਰੌਲਟਰ ਰੌਕ ਜਾਂ ਇਥੇ ਦੀ ਪਹਾੜੀ ਜੋ ਸਾਰੇ ਇਲਾਕੇ ਨੂੰ ਡੌਮੀਨੇਟ ਕਰਦੀ ਹੈ, ਬਹੁਤ ਦੂਰੋਂ ਨਜ਼ਰੀਂ ਪੈਣ ਲਗਦੀ ਹੈ। ਇਥੇ ਨੈਟੋ ਦਾ ਹੈਡਕੁਆਟਰ ਵੀ ਹੈ। ਇਹ ਬ੍ਰਤਾਨੀਆ ਦੀ ਮਿਲਟਰੀ ਦਾ ਪ੍ਰਮੁੱਖ ਅੱਡਾ ਹੈ, ਨੇਵੀ ਤੇ ਏਅਰ-ਬੇਸ ਹੈ। ਜਿਵੇਂ ਮੈਂ ਕਿਹਾ ਕਿ ਮੂਲਕ ਤੌਰ ‘ਤੇ ਇਹ ਇਲਾਕਾ ਸਪੇਨ ਦਾ ਹੈ। ਸਪੇਨ ਬਹੁਤ ਵਾਰ ਇਸਨੂੰ ਵਾਪਸ ਮੰਗ ਚੁੱਕਾ ਹੈ ਪਰ ਬ੍ਰਤਾਨੀਆ ਵਾਪਸ ਦੇਣ ਲਈ ਤਿਆਰ ਨਹੀਂ। ਮਜ਼ੇ ਦੀ ਗੱਲ ਇਹ ਹੈਕਿ ਕਈ ਵਾਰ ਇਥੇ ਲੋਕ-ਰਾਏ (ਰੈਫਰੈਂਡਮ) ਲਈ ਜਾ ਚੁੱਕੀ ਹੈ ਤੇ ਹਰ ਵਾਰ 99% ਲੋਕ ਬ੍ਰਤਾਨੀਆ ਨਾਲ ਰਹਿਣ ਦੇ ਹੱਕ ਵਿੱਚ ਵੋਟ ਪਾਉਂਦੇ ਹਨ। ਇਕ ਵਾਰ ਬ੍ਰਤਾਨੀਆ ਵਲੋਂ ਜਿਬਰੌਲਟਰ ਛੱਡਣ ਦੀ ਗੱਲ ਵੀ ਹੋਈ ਤਾਂ ਇਥੋਂ ਦੇ ਵਸਨੀਕਾਂ ਨੇ ਬ੍ਰਤਾਨੀਆ ਖਿਲਾਫ ਮੁਜ਼ਾਹਰੇ ਕਰਨੇ ਸ਼ੁਰੂ ਕਰ ਦਿੱਤੇ ਕਿ ਸਾਨੂੰ ਛੱਡ ਕੇ ਨਾ ਜਾਓ। ਹੋਰ ਤਾਂ ਹੋਰ ਬਹੁਤ ਸਾਰੇ ਸਪੈਨਿਸ਼ ਵੀ ਨਹੀਂ ਚਾਹੁੰਦੇ ਕਿ ਬ੍ਰਤਾਨੀਆ ਜਿਬਰੌਲਟਰ ਨੂੰ ਛੱਡੇ ਕਿਉਂਕਿ ਇਥੇ ਬਹੁਤੀਆਂ ਨੌਕਰੀਆਂ ਉਪਰ ਸਪੈਨਿਸ਼ ਲੋਕ ਹੀ ਹਨ। ਜਿਬਰੌਲਟਰ ਨੂੰ ਮੈਂ ਇਕ ਜਗਾਹ/ਟਿਕਾਣਾ ਕਹਿੰਦਾ ਹਾਂ ਵੈਸੇ ਸ਼ਹਿਰ ਵੀ ਕਿਹਾ ਜਾ ਸਕਦਾ ਹੈ। ਇਹ ਜਗਾਹ ਬਹੁਤ ਛੋਟੀ ਹੈ। ਇਸ ਦਾ ਕੁਲ ਰਕਬਾ ਢਾਈ-ਵਰਗਮੀਲ ਤੋਂ ਜ਼ਰਾ ਕੁ ਵੱਧ (2.6) ਹੈ। ਇਸਦੇ ਮੁਕਾਬਲੇ ਇਸਦੀ ਆਬਾਦੀ ਬਹੁਤ ਹੈ। ਇਸ ਵੇਲੇ ਇੱਥੇ ਤਕਰੀਬਨ ਪੈਂਤੀ ਹਜ਼ਾਰ ਲੋਕ ਵਸਦੇ ਹਨ। ਆਬਾਦੀ ਦੀ ਘਣਤਾ ਤਕਰੀਬਨ ਤੇਰਾਂ ਹਜ਼ਾਰ ਦੇ ਕਰੀਬ ਹਰ ਵਰਗਮੀਲ ਹੈ। ਇਸਦੀ ਇਕੌਨੌਮੀ ਭਾਵ ਜੀਡੀਪੀ ਵੀ ਮਜ਼ਬੂਤ ਹੈ ਸੋ ਪਰ-ਕੈਪੀਟਾ-ਇਨਕੰਮ ਤਕਰੀਬ ਇਕਵੰਜਾ ਹਜ਼ਾਰ ਮਿੱਥੀ ਜਾਂਦੀ ਹੈ। ਜਿਬਰੌਲਟਰ ਰੌਕ ਭਾਵੇਂ ਚੌਦਾਂ ਸੌ ਫੁੱਟ ਉਚੀ ਹੀ ਹੈ ਪਰ ਇਸਦਾ ਇਕ ਪਾਸਾ ਸਿੱਧੀ ਕੰਧ ਵਰਗਾ ਹੈ ਤੇ ਚੌਦਾਂ ਸੌ ਫੁੱਟ ਉਚੀ ਕੰਧ ਬਹੁਤ ਹੋ ਜਾਂਦੀ ਹੈ ਇਸੇ ਕਾਰਨ ਇਹ ਪਹਾੜੀ ਦੂਰੋਂ ਹੀ ਆਪਣੇ ਡਰਾਵਣੇ ਰੂਪ ਵਿੱਚ ਦਿਸਣ ਲਗਦੀ ਹੈ।
ਮੈਂ ਇਥੇ ਜਾਣ ਤੋਂ ਪਹਿਲਾਂ ਇਸ ਬਾਰੇ ਬਹੁਤ ਕੁਝ ਪੜ੍ਹਿਆ ਸੀ ਪਰ ਉਥੇ ਜਾਕੇ ਹੈਰਾਨੀ ਹੋਈ ਕਿ ਇਥੇ ਅੰਤਰਾਸ਼ਟਰੀ ਹਵਾਈ ਅੱਡਾ ਵੀ ਹੈ। ਜਦੋਂ ਅਸੀਂ ਸ਼ਹਿਰ ਵਿੱਚ ਵੜੇ ਤਾਂ ਟਰੈਫਿਕ ਰੁਕਿਆ ਹੋਇਆ ਸੀ। ਲੰਡਨ ਤੋਂ ਆਇਆ ਜਹਾਜ਼ ਉਤਰ ਰਿਹਾ ਸੀ, ਸਾਰੀਆਂ ਸੜਕਾਂ ਦੇ ਗੇਟ ਬੰਦ ਸਨ ਜਿਵੇਂ ਭਾਰਤ ਵਿੱਚ ਟਰੇਨ ਲੰਘਣ ਵੇਲੇ ਕੀਤੇ ਜਾਂਦੇ ਹਨ। ਜਗਾਹ ਛੋਟੀ ਹੋਣ ਕਰਕੇ ਜਹਾਜ਼ ਨੂੰ ਆਮ ਸੜਕਾਂ ‘ਤੇ ਹੀ ਲਾਹ ਲੈਂਦੇ ਹਨ।
ਇਤਿਹਾਸ ਗਵਾਹ ਹੈ ਕਿ ਬ੍ਰਤਾਨੀਆ ਨੇ ਜਿੰਨੀਆਂ ਵੀ ਮੱਲਾਂ ਮਾਰੀਆਂ ਉਹ ਮਜ਼ਬੂਤ ਨੇਵੀ ਕਾਰਨ ਹੀ ਮਾਰੀਆਂ ਹਨ। ਇਹ ਮਿਲਟਰੀ ਅੱਡਾ ਬ੍ਰਤਾਨਵੀ ਨੇਵੀ ਨੂੰ ਬਹੁਤ ਮਜ਼ਬੂਤੀ ਬਖ਼ਸ਼ਦਾ ਹੈ। ਇਥੋਂ ਰੂਸ ਵਰਗੇ ‘ਦੁਸ਼ਮਣ’ ਉਪਰ ਅੱਖ ਰੱਖੀ ਜਾ ਸਕਦੀ ਹੈ। ਪਹਾੜੀ ਉਪਰ ਲੱਗੀਆਂ ਵੱਡੀਆਂ ਦੂਰਬੀਨਾਂ ਦੁਸ਼ਮਣ ਦੀ ਬਹੁਤ ਦੂਰੋਂ ਨਿਸ਼ਾਨ-ਦੇਹੀ ਕਰ ਸਕਦੀਆਂ ਹਨ। ‘ਨੈਟੋ’ ਜਿਹੜੀ ਰੂਸ ਦੇ ਖਿਲਾਫ ਜੁੰਡਲੀ ਬਣੀ ਹੋਈ ਹੈ ਉਸ ਦਾ ਟਿਕਾਣਾ ਤਾਂ ਇਹ ਹੈ ਹੀ। ਜੇ ਇਸਦੇ ਇਤਿਹਾਸ ਵੱਲ ਨੂੰ ਜਾਈਏ ਤਾਂ ਇਹ ਪੰਜਾਹ ਹਜ਼ਾਰ ਸਾਲ ਤੱਕ ਜਾਂਦਾ ਹੈ। ਇਸ ਦੀਆਂ ਗੁਫਾਵਾਂ ਵਿੱਚ ਹੈਮੋ-ਸੇਪੀਅਨ ਦੇ ਰਹਿਣ ਦੇ ਨਿਸ਼ਾਨ ਮਿਲਦੇ ਹਨ। ਇਥੇ ਪੱਥਰ ਦੇ ਸੰਦ ਆਦਿ ਵੀ ਮਿਲੇ ਸਨ। ਹਾਂ, ਜਦ ਮਨੁੱਖ ਗਾਰਾਂ-ਗੁਫਾਵਾਂ ਵਿੱਚੋਂ ਨਿਕਲ ਆਇਆ ਜਾਂ ਤਾਂਬਾ-ਯੁੱਗ ਦੀਆਂ ਪੈਂੜਾਂ ਇਥੇ ਨਹੀਂ ਮਿਲਦੀਆਂ। ਜਿਬਰੌਲਟਰ ਅਰਬੀ ਨਾਂ ਹੈ ਜੋ ਅਰਬ ਦੇ ਇਕ ਮਿਲਟਰੀ ਦੇ ਲੀਡਰ ਤਰਿਕ ਦੇ ਨਾਂ ‘ਤੇ ਪਿਆ ਹੈ। ਪੁਰਾਣੇ ਸਮਿਆਂ ਵਿੱਚ ਇਥੇ ਵੱਖਰੇ-ਵੱਖਰੇ ਸਮੇਂ ਵੱਖ-ਵੱਖ ਲੋਕ ਆਉਂਦੇ ਰਹੇ ਹਨ। ਅਫਰੀਕਾ ‘ਤੇ ਹਮਲਾ ਕਰਨ ਵਾਲੇ ਧਾੜਵੀ ਵੀ ਇਥੇ ਜਮ੍ਹਾਂ ਹੋ ਕੇ ਅੱਗੇ ਜਾਂਦੇ ਸਨ। ਮਰੋਕੋ ਦੇ ਲੋਕ ਵੀ ਸਮੁੰਦਰ ਲੰਘਕੇ ਇਥੇ ਆ ਜਾਂਦੇ ਸਨ, ਕਈ ਥਾਵਾਂ ਤੋਂ ਸਮੁੰਦਰੀ-ਪਾੜ ਸਿਰਫ ਅੱਠ ਮੀਲ ਰਹਿ ਜਾਂਦਾ ਹੈ। ਸੰਨ 1160 ਵਿੱਚ ਅਲਮਾਹਦ ਸੁਲਤਾਨ ਨੇ ਪਹਿਲੀ ਵਾਰ ਇਸਨੂੰ ਰਿਹਾਇਸ਼ ਲਈ ਵਰਤਿਆ। ਉਦੋਂ ਦਾ ਬਣਿਆਂ ਮੂਰਿਸ਼ ਕੈਸਲ ਅੱਜ ਵੀ ਕਾਇਮ ਹੈ। ਬ੍ਰਤਾਨੀਆ ਨੇ ਇਥੇ ਕਬਜ਼ਾ 1704 ਵਿੱਚ ਕੀਤਾ। ਅਸਲ ਵਿੱਚ ਸਪੇਨ ਦੇ ਰਾਜੇ ਨੇ ਆਪਣੀ ਗੱਦੀ ਕਾਇਮ ਰੱਖਣ ਲਈ ਐਂਗਲੋ-ਡੱਚ ਫੌਜ ਦੀ ਮੱਦਦ ਲਈ ਸੀ ਤੇ ਕੁਝ ਬ੍ਰਤਾਨਵੀ ਫੌਜ ਇਥੇ ਹੀ ਟਿਕ ਗਈ। 1713 ਸਪੇਨ ਦੇ ਰਾਜੇ ਨਾਲ ਗੱਲਬਾਤ ਕਰਕੇ ਬ੍ਰਤਾਨਵੀ ਫੌਜ ਨੇ ਇਸਨੂੰ ਪੱਕਾ ਟਿਕਾਣਾ ਬਣਾ ਲਿਆ। 1727 ਵਿੱਚ ਸਪੇਨ ਦੇ ਰਾਜੇ ਨੇ ਹਮਲਾ ਕਰਕੇ ਇਸਨੂੰ ਵਾਪਸ ਲੈਣ ਦੀ ਨਿਸਫਲ ਕੋਸ਼ਿਸ਼ ਕੀਤੀ। ਨੈਪੋਲੀਅਨ ਨਾਲ ਹੋਈਆਂ ਲੜਾਈਆਂ ਵਿੱਚ ਜਿਬਰੌਲਟਰ ਦੀ ਮਿਲਟਰੀ ਨੁਕਤੇ ਤੋਂ ਮਹੱਤਤਾ ਸਾਹਮਣੇ ਆਈ। ਟਰਾਫਲਗਰ ਦੀ ਲੜਾਈ ਵਿੱਚ ਇਸ ਟਿਕਾਣੇ ਨੇ ਅਹਿਮ ਭੂਮਿਕਾ ਨਿਭਾਈ ਸੀ। ਯੁੱਧਾਂ ਦੀ ਸਟਰੈਟਜੀ ਦੇ ਕੋਨ ਤੋਂ ਇਸਨੂੰ ਬਾਦਸ਼ਾਹੀ ਗੜ੍ਹੀਆਂ ਜਾਂ ਕਿਲਿਆਂ ਵਿੱਚ ਗਿਣਿਆਂ ਜਾਂਦਾ ਹੈ। ਹੋਰ ਗੜ੍ਹੀਆਂ ਜਿਵੇਂ ਕਿ ਹੈਲੀਫੈਕਸ, ਨੋਵਾ ਸਕੌਟੀਆਂ, ਬੈਰਮੂਡਾ, ਮਾਲਟਾ।
ਸਤਾਰਵੀਂ ਸਦੀ ਵਿੱਚ ਇਥੇ ਬਹੁਤੀ ਆਬਾਦੀ ਨਹੀਂ ਸੀ। ਇਕ ਹਜ਼ਾਰ ਤੋਂ ਲੈ ਕੇ ਪੰਜ ਹਜ਼ਾਰ ਤੱਕ ਰਹੀ ਹੋਵੇਗੀ ਪਰ ਜਦ ਬ੍ਰਿਟਿਸ਼ ਰਾਜ ਪੱਕਾ ਹੋ ਗਿਆ ਤਾਂ ਆਬਾਦੀ ਵਧਣ ਲੱਗੀ। 1860 ਵਿੱਚ ਇਥੇ ਸਤਾਰਾਂ ਹਜ਼ਾਰ ਲੋਕ ਵਸਦੇ ਸਨ ਜਿਹਨਾਂ ਵਿੱਚ ਇਟਾਲੀਅਨ, ਫਰਾਂਸੀਸੀ, ਪੁਰਤਗਾਲੀ, ਮਾਲਟੀਜ਼ ਆਦਿ ਪ੍ਰਮੁੱਖ ਸਨ। ਨਹਿਰ ਸੁਏਜ਼ ਨਿਕਲਣ ਨਾਲ ਇਸਦੀ ਬ੍ਰਤਾਨੀਆ ਲਈ ਮਹੱਤਤਾ ਹੋਰ ਵੀ ਵਧ ਗਈ ਕਿਉਂਕਿ ਬ੍ਰਤਾਨਵੀ ਮਾਲ ਇਥੋਂ ਦੀ ਹੋਕੇ ਲੰਘਦਾ ਹੈ, ਉਸਦੀ ਸੁਰੱਖਿਆ ਕਰਨੀ ਹੁੰਦੀ ਹੈ। ਨਵੀਆਂ ਲੋੜਾਂ ਮੁਤਾਬਕ ਇਸਦੀ ਬੰਦਰਗਾਹ ਨੂੰ ਨਵਿਆਇਆ ਜਾਂਦਾ ਰਿਹਾ ਹੈ। ਦੂਜੇ ਮਹਾਂਯੁੱਧ ਵਿੱਚ ਇਸ ਜਗਾਹ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਸੀ ਤੇ ਇਸਦੇ ਬਹੁਤੇ ਬਸ਼ਿੰਦੇ ਲੰਡਨ ਲੈ ਆਂਦੇ ਸਨ। ਗੁਫਾਵਾਂ ਵਿੱਚ ਲੁਕਵੀਆਂ ਤੋਪਾਂ ਬੀੜੀਆਂ ਗਈਆਂ ਸਨ। ਅੱਜ ਵੀ ਇਹਨਾਂ ਗੁਫਾਵਾਂ ਵਿੱਚ ਅਸਲਾ ਜਮ੍ਹਾਂ ਕੀਤਾ ਜਾਂਦਾ ਹੈ। 1940 ਫਰਾਂਸ ਨੇ ਜਿਬਰੌਲਰਟ ਉਪਰ ਬਦਲੇ ਦੀ ਭਾਵਨਾ ਨਾਲ ਬੰਬਾਰੀ ਵੀ ਕੀਤੀ ਸੀ ਕਿਉਂਕਿ ਉਹਨਾਂ ਦੇ ‘ਵਿੱਚੀ ਨੇਵੀ’ ਉਪਰ ਬ੍ਰਤਾਨੀਆ ਨੇ ਗੋਲ਼ੇ ਦਾਗੇ ਸਨ। ਇਕ ਵਾਰ ਜਰਮਨਾਂ ਨੇ ਵੀ ਇਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਪੇਨ ਦੇ ਡਿਕਟੇਟਰ ਫਰੈਂਕੋ ਨੇ ਨਹੀਂ ਸੀ ਹੋਣ ਦਿੱਤਾ। ਫਿਰ ਫਰੈਂਕੋ ਬ੍ਰਤਾਨੀਆ ਤੋਂ ਇਹ ਜਗਾਹ ਵਾਪਸ ਮੰਗਣ ਲੱਗ ਪਿਆ ਪਰ ਸਥਾਨਕ ਲੋਕ ਨਾ ਮੰਨੇ। ਹਮਲਾ ਕਰਕੇ ਖੋਹਣ ਦੀ ਫਰੈਂਕੋ ਦੀ ਹਿੰਮਤ ਨਹੀਂ ਸੀ।
ਜਿਬਲਰੌਟਰ ਸਮੇਂ-ਸਮੇਂ ਖ਼ਬਰਾਂ ਦੀ ਜ਼ੀਨਤ ਬਣਦਾ ਰਹਿੰਦਾ ਹੈ। ਸਪੇਨ ਆਪਣਾ ਹੱਕ ਜਿਤਾਉਂਦਾ ਰਹਿੰਦਾ ਹੈ ਪਰ ਬ੍ਰਤਾਨੀਆ ਨੇ ਕਦੇ ਵੀ ਇਸਨੂੰ ਵੱਡੇ ਮਸਲੇ ਵਾਂਗ ਨਹੀਂ ਲਿਆ। ਮੈਂ ਕਦੇ-ਕਦੇ ਸੋਚਦਾ ਹਾਂ ਕਿ ਇਹ ਜਗਾਹ ਬਹੁਤ ਵਧੀਆ ਵਿਓਪਾਰਕ-ਹੱਬ ਬਣ ਸਕਦਾ ਹੈ ਪਰ ਬਹੁਤ ਥੋੜੀ ਥਾਂ ਹੈ, ਜੇ ਕਿਤੇ ਖੁੱਲ੍ਹੀ ਜਗਾਹ ਹੁੰਦੀ ਤਾਂ ਪਹਿਲਾਂ ਹੌਂਗਕਾਂਗ ਦੀ ਤਰਜ਼ ‘ਤੇ, ਹੁਣ ਸਿੰਘਾਪੁਰ ਵਾਂਗ ਉਸਰ ਸਕਦਾ ਸੀ। ਪਰ ਹੁਣ ਇਹ ਵਖਰੇ ਤਰੀਕੇ ਨਾਲ ਡਿਵੈਲਪ ਹੋ ਰਿਹਾ ਹੈ। ਇਹ ਛੁੱਟੀਆਂ ਕੱਟਣ ਲਈ ਬਹੁਤ ਵਧੀਆ ਚੋਣ ਬਣਦਾ ਜਾ ਰਿਹਾ ਹੈ। ਇਥੇ ਬਹੁਤ ਵਧੀਆ, ਵੱਡੇ-ਵੱਡੇ ਹੋਟਲ ਹਨ। ਮੈਨੂੰ ਹੋਰਨਾਂ ਦਾ ਤਾਂ ਪਤਾ ਨਹੀਂ ਪਰ ਬਹੁਤ ਸਾਰੇ ਭਾਰਤੀ ਇਹਨਾਂ ਹੋਟਲਾਂ ਨੂੰ ਮੈਰਿਜ-ਹਾਲ ਵਾਂਗ ਵਰਤਣ ਲੱਗੇ ਹਨ। ਕਰੋਨਾ ਤੋਂ ਕੁਝ ਦੇਰ ਪਹਿਲਾਂ ਮੇਰੇ ਦੋਸਤ ਦੇ ਬੇਟੇ ਦੇ ਵਿਆਹ ਦੀ ਰਿਸੈਪਸ਼ਨ ਜਿਬਰੌਲਟਰ ਵਿੱਚ ਸੀ। ਹਵਾਈ ਟਿਕਟ ਵੀ ਬਹੁਤ ਸਸਤਾ ਹੀ ਹੈ। ਮੈਂ ਕਿਸੇ ਜ਼ਰੂਰੀ ਕਾਰਨ-ਵਸ਼ ਨਹੀਂ ਸਾਂ ਜਾ ਸਕਿਆ ਪਰ ਜਿਹੜੇ ਦੋਸਤ ਗਏ ਬਹੁਤ ਵਧੀਆ ਤਜਰਬਾ ਲੈਕੇ ਮੁੜੇ।
ਵਾਪਸ ਮੁੜਦੇ ਹਾਂ ‘ਜਿਬਰੌਲਰਟ- ਇਕ ਡਿਊਟੀ ਫਰੀ ਬੰਦਰਗਾਹ’ ਵੱਲ। ਬ੍ਰਤਾਨਵੀ ਸਰਕਾਰ ਨੇ ਜਿਬਰੌਲਟਰ ਨੂੰ ‘ਡਿਊਟੀ ਫਰੀ’ ਕਰਕੇ ਲੋਕਾਂ ਦੀ ਖਾਸ ਖਿੱਚ ਦਾ ਕਾਰਨ ਬਣਾਇਆ ਹੋਇਆ ਹੈ ਪਰ ਇਸ ਉਪਰ ਕਾਨੂੰਨ ਏਅਰਪੋਰਟ ਵਾਲੇ ਹੀ ਲਾਗੂ ਹੁੰਦੇ ਹਨ। ਤਮਾਕੂ ਨੂੰ ਕਿਸ ਸੀਮਤ ਸੀਮਾ ਵਿੱਚ ਲੈਕੇ ਜਾ ਸਕਦੇ ਹੋ, ਮੈਨੂੰ ਨਹੀਂ ਪਤਾ ਪਰ ਤੁਸੀਂ ਸ਼ਰਾਬ ਜਾਂ ਹਾਰਡ-ਡਰਿੰਕ ਦੀਆਂ ਸਿਰਫ ਦੋ ਬੋਤਲਾਂ ਹੀ ਲੈਕੇ ਜਾ ਸਕਦੇ ਹੋ ਪਰ ਕਦੇ ਕੋਈ ਰੋਕਦਾ ਨਹੀਂ। ਮੈਂ ਤੇ ਮੇਰੇ ਦੋਸਤਾਂ ਨੇ ਬੋਤਲਾਂ ਨਾਲ ਕਾਰ ਭਰ ਲਈ, ਕਿਸੇ ਨੇ ਨਹੀਂ ਪੁੱਛਿਆ ਤੇ ਸਾਰੀਆਂ ਛੁੱਟੀਆਂ ਵਿੱਚ ਸਾਨੂੰ ਮੌਜ ਰਹੀ।
ਵਾਪਸ ਮੁੜਦਿਆਂ ਜਿਬਰੌਲਟਰ ਸ਼ਹਿਰੋਂ ਨਿਕਲਦਿਆਂ ਹੀ ਟੈਸਕੋ ਹੈ। ਟੈਸਕੋ, ਬ੍ਰਤਾਨੀਆ ਦਾ ਸਭ ਤੋਂ ਵੱਡਾ ਸਟੋਰ। ਉਸ ਟੈਸਕੋ ਦੀ ਖਾਸੀਅਤ ਇਹ ਸੀ ਕਿ ਉਥੇ ਮੀਟ ਦੇਸੀ ਹਿਸਾਬ ਨਾਲ ਕਟਿਆ ਮਿਲਦਾ ਸੀ। ਖ਼ੈਰ, ਮੇਰਾ ਇਹ ਟਰਿੱਪ ਸਿਰਫ ਇਕ ਦਿਨ ਦਾ ਸੀ ਮੈਂ ਜਿਬਰੌਲਟਰ ਬਾਰੇ ਬਹੁਤਾ ਨਹੀਂ ਜਾਣ ਸਕਿਆ। ਮੈਨੂੰ ਪਤਾ ਹੈ ਕਿ ਉਥੇ ਬਹੁਤ ਸਾਰੀਆਂ ਦੇਖਣ ਯੋਗ ਥਾਵਾਂ ਹਨ, ਤੁਰਨ-ਗਾਹਾਂ ਹਨ, ਜੰਗਲੀ ਬਾਂਦਰ ਹਨ, ਡੇੜ ਸੌ ਗੁਫਾਵਾਂ ਹਨ, ਖੂਬਸੂਰਤ ਬੀਚ ਹਨ, ਹਰਕੁਲੀਸ ਦਾ ਪਿਲਰ ਭਾਵ ਸਿਧੀ ਪਹਾੜੀ ਹੈ। ਹਾਂ, ਟੈਕਸ ਘੱਟ ਹੋਣ ਕਰਕੇ ਜੂਏਖਾਨੇ ਵੀ ਬਹੁਤ ਹਨ ਪਰ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂ। ਮੈਂ ਆਸ ਕਰਦਾ ਹਾਂ ਕਿ ਕਰੋਨਾ-ਯੁੱਗ ਤੋਂ ਬਾਅਦ ਅਗਲੀਆਂ ਛੁੱਟੀਆਂ ਜਿਬਰੌਲਟਰ ਵਿੱਚ ਹੀ ਹੋਣਗੀਆਂ।
Comments