top of page
Writer's pictureਸ਼ਬਦ

 ਔਰਤ ਦੀ ਦੇਹ ਤੇ ਸ੍ਵੈ ਵਿਚਲੇ ਤਣਾਓ ਦਾ ਕਾਵਿ-ਪ੍ਰਵਚਨ

                                                                        ਡਾæ ਮਨਜੀਤ ਕੌਰ

                                                                                 ਮੋਦੀ ਕਾਲਜ, ਪਟਿਆਲਾ


       ਦੇਵਿੰਦਰ ਕੌਰ ਸਮਕਾਲੀ ਪਰਵਾਸੀ ਪੰਜਾਬੀ ਕਵਿਤਾ ਵਿਚ ਸਥਾਪਤ ਨਾਮ ਹੈ| 'ਤੇਰੇ ਬਗੈਰ' ਕਾਵਿ ਸੰਗ੍ਰਹਿ ਤੋਂ ਪਹਿਲਾਂ ਉਸਦੇ ਚਾਰ ਕਾਵਿ-ਸੰਗ੍ਰਹਿ 'ਇਸ ਤੋਂ ਪਹਿਲਾਂ ਕਿ', 'ਨੰਗੀਆਂ ਸੜਕਾਂ ਦੀ ਦਾਸਤਾਨ', 'ਅਗਨ ਚੋਲਾ' ਅਤੇ 'ਸਫ਼ਰ' ਪ੍ਰਕਾਸ਼ਿਤ ਹੋ ਚੁੱਕੇ ਹਨ| ਇਹਨਾਂ ਕਾਵਿ-ਪੁਸਤਕਾਂ ਦੇ ਅਧਿਐਨ ਤੋਂ ਸਪਸ਼ਟ ਹੁੰਦਾ ਹੈ ਕਿ ਸਮਕਾਲੀ ਪੰਜਾਬੀ ਕਵਿਤਾ ਵਿਚ ਉਹ ਵੱਖਰੀ ਕਿਸਮ ਦੀ ਕਾਵਿ-ਸੰਵੇਦਨਾ ਦੀ ਤਰਜਮਾਨੀ ਕਰਨ ਵਾਲੀ ਰਚਨਾਕਾਰ ਹੈ| ਉਸ ਦੀ ਵੱਖਰਤਾ ਦੇ ਤਿੰਨ ਆਧਾਰ ਹਨ; ਪਹਿਲਾ, ਉਹ ਇਕੋ ਸਮੇਂ ਕਾਵਿਕਤਾ ਅਤੇ ਵਿਸ਼ਲੇਸ਼ਣਾਤਮਕਤਾ ਦੇ ਰੂ-ਬ-ਰੂ ਹੁੰਦੀ ਹੈ, ਜੋ ਸਿਰਫ਼ ਸੁਚੇਤ ਯਤਨ ਬਣਕੇ ਰਹਿਣ ਦੀ ਥਾਂ ਇਕ ਦੂਜੇ ਵਿਚ ਰਚਦੇ-ਮਿਚਦੇ ਰਹਿੰਦੇ ਹਨ| ਦੂਜਾ, ਉਹ ਮੂਲਵਾਸੀ ਤੇ ਪਰਵਾਸੀ ਸੰਵੇਦਨਾ ਅਤੇ ਕਾਵਿ ਅਨੁਭਵ ਵਿਚ ਅੰਤਰ-ਸੰਵਾਦ ਸਿਰਜਣ ਲਈ ਯਤਨਸ਼ੀਲ ਰਹਿੰਦੀ ਹੈ, ਜੋ ਉਸ ਲਈ ਵਿਸ਼ੇਸ਼ ਸਥਿਤੀ ਵਿਚ ਬੱਝਣ ਤੇ ਜੜ੍ਹ ਹੋ ਜਾਣ ਦੀ ਥਾਂ ਖ਼ਿਆਲ ਦੀ ਵਿਸ਼ਾਲਤਾ ਪ੍ਰਦਾਨ ਕਰਦੀ ਹੈ। ਤੀਜਾ, ਉਹ ਜ਼ਿੰਦਗੀ ਦੇ ਉਸ ਪੜਾਅ ਉੱਤੇ ਕਾਵਿ ਸਿਰਜਣਾ ਵਿਚ ਸਰਗਰਮ ਹੁੰਦੀ ਹੈ, ਜਿਥੇ ਔਰਤਮੁਖੀ ਦੇਹ ਦੀ ਥਾਂ ਔਰਤਮੁਖੀ ਸ੍ਵੈ ਉਸਦੀ ਪਹਿਚਾਣ ਦਾ ਆਧਾਰ ਬਣਨ ਲੱਗ ਜਾਂਦਾ ਹੈ| ਇਸ ਕਰਕੇ ਦੇਵਿੰਦਰ ਕੌਰ ਦੀ ਕਵਿਤਾ ਵਿਚ ਨਾਰੀਵਾਦੀ, ਪਰਵਾਸੀ, ਕਾਮਨਾਮੂਲਕ ਅਤੇ ਦੇਹਵਾਦੀ ਸੰਵੇਦਨਾ ਸਾਕਾਰ ਦ੍ਰਿਸ਼ ਬਣ ਕੇ ਸਾਹਮਣੇ ਨਹੀਂ ਆਉਂਦੇ, ਸਗੋਂ, ਇਥੇ ਇਹ ਸਾਰੇ ਤੱਤ ਮਹੀਨ ਜ਼ੁੱਜ ਬਣਕੇ ਪੇਸ਼ ਹੁੰਦੇ ਹਨ| ਸਿੱਟੇ ਵਜੋਂ, ਉਸਦੇ ਕਾਵਿ-ਪ੍ਰਵਚਨ ਵਿਚ ਔਰਤਮੁਖਤਾ ਦੀ ਸੁਰ 'ਭਾਰੂ ਧਿਰ' ਬਣਨ ਦੀ ਥਾਂ ਮਾਨਵੀ ਹਸਤੀ ਦੇ ਅਜਿਹੇ ਤਣਾਉ ਦੀ ਸਿਰਜਣਾ ਦਾ ਆਧਾਰ ਬਣਦੀ ਹੈ, ਜੋ ਔਰਤ ਦੀ ਦੇਹ ਅਤੇ ਸ੍ਵੈ ਦੀ ਸੰਤੁਲਿਤ ਪੇਸ਼ਕਾਰੀ ਲਈ ਅਨੰਤ ਪ੍ਰਤੀਕਾਂ ਦੀ ਰਚਨਾ ਕਰਨ ਦੀ ਸਮਰੱਥਾ ਰੱਖਦਾ ਹੈ|

       ਇਸ ਵਿਚ ਕੋਈ ਸ਼ੱਕ ਨਹੀਂ ਕਿ ਔਰਤ ਦੇ ਦੇਹ ਅਤੇ ਸ੍ਵੈ ਦੇ ਆਪਣੇ ਆਪਣੇ ਦ੍ਰਿਸ਼ ਤੇ ਸੰਦਰਭ ਹਨ| ਪਰ ਹੁਣ ਤਕ ਔਰਤ ਦੀ ਪਰਿਭਾਸ਼ਾ ਅਤੇ ਪੇਸ਼ਕਾਰੀ ਮੁੱਖ ਰੂਪ ਵਿਚ 'ਦੇਹ' ਦੇ ਮੰਡਲਾਂ ਉੱਤੇ ਕੇਂਦਰਿਤ ਰਹੀ ਹੈ| ਭਾਵੇਂ ਸਿੰਗਮੰਡ ਫਰਾਇਡ ਅਤੇ ਉਸਦੇ ਪੈਰੋਕਾਰ ਮਨੋਵਿਸ਼ਲੇਸ਼ਣੀ ਨਜ਼ਰੀਏ ਤੋਂ 'ਔਰਤ ਦੀ ਹੀਣਤਾ' ਨੂੰ ਸਥਾਪਤ ਕਰਦੇ ਹੋਣ ਜਾਂ ਸਾਈਮਨ ਡੀæ ਬਿਊਵਰ ਤੇ ਉਸਦੇ ਸਾਥੀ ਨਾਰੀਵਾਦੀ ਨਜ਼ਰੀਏ ਤੋਂ 'ਔਰਤ ਦੇ ਦਮਨ' ਦੀ ਨਿਸ਼ਾਨਦੇਹੀ ਕਰ ਰਹੇ ਹੋਣ, ਔਰਤ ਦੀ ਦੇਹ ਹੀ ਸਿਧਾਂਤ ਨਿਰੂਪਣ ਦਾ ਕੇਂਦਰ ਬਣਦੀ ਹੈ| ਇਹ ਹੀ ਸਥਿਤੀ ਅਸੀਂ 'ਕੇਹੀ ਹੀਰ ਦੀ ਕਰੇ ਤਾਰੀਫ਼ ਸ਼ਾਇਰæææ|' ਵਾਰਿਸ਼ ਸ਼ਾਹ ਜਾਂ ਮੋਨਾ ਲੀਜ਼ਾ ਦੀ ਮੁਸਕਰਾਹਟ ਨੂੰ ਚਿੱਤਰਣ ਸਮੇਂ ਡੀæ ਵਿਨਸੀ ਦੀ ਅਤੇ ਝਨਾਂ ਵਿਚੋਂ ਭਿੱਜ ਕੇ ਬਾਹਰ ਨਿੱਕਲੀ 'ਮਸਤ ਤੇ ਮਦਹੋਸ਼' ਸੋਹਣੀ ਦੀ ਦੇਹ ਦੀ ਪੇਸ਼ਕਾਰੀ ਕਰਨ ਸਮੇਂ ਸੂਬਾ ਸਿੰਘ ਦੀ ਹੈ| ਇਥੋਂ ਤੱਕ ਕਿ 'ਐਮ ਐਫ ਹੁਸੈਨ' ਦੀ ਕੈਨਵਸ ਅਤੇ ਬੁਰਸ਼ ਦੀ ਛੋਹ ਪਾ ਕੇ 'ਸਰਸਵਤੀ' ਦੀ ਔਰਤਰੂਪੀ ਦੇਹ ਵੀ ਕਲਾ ਅਤੇ ਗਿਆਨ ਦੀ ਦਾਤ ਬਖਸ਼ਣ ਦੀ ਥਾਂ 'ਕਾਮੁਕਤਾ' ਦੀ ਰੀਝ ਨੂੰ ਹੀ ਪ੍ਰਤਿਬਿੰਬਤ ਕਰ ਦਿੰਦੀ ਹੈ| ਸਪਸ਼ਟ ਹੈ ਕਿ ਇਹਨਾਂ ਸਾਰੀਆਂ ਕ੍ਰਿਤੀਆਂ ਵਿਚ ਔਰਤ ਦੀ ਦੇਹ ਹਾਜ਼ਿਰ ਹੈ, ਔਰਤਮੁਖੀ ਸ੍ਵੈ ਨਹੀਂ । ਦੇਹ ਦੀ ਉਪਰੋਕਤ ਪੇਸ਼ਕਾਰੀ ਦੇਹ ਅਤੇ ਸ੍ਵੈ ਵਿਚ ਇਕਸੁਰਤਾ ਤਾਂ ਦੂਰ, ਸਾਂਝ ਦੀ ਵੀ ਕਲਪਣਾ ਨਹੀਂ ਕਰ ਰਹੀ| ਸ਼ਾਇਦ, ਇਸ ਰਚਨਾਤਮਕ ਪਰੰਪਰਾ ਵਿਚ ਔਰਤ ਮਰਦ ਦੇ ਸਾਥ ਦੀ ਤਲਬਗਾਰ ਹੈ, ਆਪਣੀ ਪਹਿਚਾਣ ਦੀ ਨਹੀਂ| ਉਸਦੀ ਕਾਮਨਾ ਮਰਦ ਦੇ ਤਨ, ਮਨ ਤੇ ਜ਼ਿਹਨ ਦੇ ਅਕਾਰਾਂ ਵਿਚ ਰਚ-ਮਿਚ ਜਾਣ ਦੀ ਹੈ, ਉਸਦੇ ਦਿਸਹੱਦਿਆਂ ਦੇ ਅੰਬਰ ਉਪਰ ਚਮਕਣ ਦੀ ਨਹੀਂ| ਅੰਮ੍ਰਿਤਾ ਪ੍ਰੀਤਮ ਦੀ ਮਸ਼ਹੂਰ ਨਜ਼ਮ 'ਜਾਇਦਾਦ' ਇਸ ਭਾਵ-ਪ੍ਰਬੰਧ ਨੂੰ ਹੀ ਪੇਸ਼ ਕਰਦੀ ਹੈ, 'ਪਿੰਜਰ' ਨਾਵਲ ਦੀ ਨਾਇਕਾ 'ਪਾਰੋ' ਅਤੇ 'ਅਜੀਤ ਕੌਰ ਦੇ ਨਾਵਲ ਪੋਸਟ ਮਾਰਟਮ' ਦੀ ਨਾਇਕਾ 'ਮੈਂ' ਦੇ ਵਾਂਗ| ਸਿੱਟਾ ਇਹ ਹੀ ਨਿਕਲਦਾ ਹੈ ਕਿ ਮਰਦ ਦੇ 'ਸਾਥ' ਦੀ ਤਲਬ ਜਾਂ ਤਲਾਸ਼ ਸਹਿਹੋਂਦ ਦੀ ਸਥਿਤੀ ਨੂੰ ਨਹੀਂ ਸਗੋਂ 'ਅਧੀਨਗੀ' ਦੀ ਸਥਿਤੀ ਨੂੰ ਜਨਮ ਦਿੰਦੀ ਹੈ| 'ਤੇਰੇ ਸਾਥ' ਦੀ ਥਾਂ 'ਤੇਰੇ ਬਗੈਰ' ਦਾ ਦ੍ਰਿਸ਼ ਬਿਲਕੁਲ ਵੱਖਰੀ ਦੁਨੀਆਂ ਦੀ ਪੇਸ਼ਕਾਰੀ ਕਰਦਾ ਹੈ| ਇਸ ਸਥਿਤੀ ਦੇ ਮੁੱਢਲੇ ਦ੍ਰਿਸ਼ ਅਸੀਂ ਹਰਜੀਤ ਅਟਵਾਲ ਦੇ ਨਾਵਲ 'ਰੇਤ' ਵਿਚਲੀਆਂ ਦੋ ਔਰਤਾਂ 'ਕੰਵਲ' ਅਤੇ ਕਿਰਨ' ਦੇ ਰੂਪ ਵਿਚ ਦੇਖ ਸਕਦੇ ਹਾਂ|

        ਦੇਵਿੰਦਰ ਕੌਰ ਦੇ ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ 'ਤੇਰੇ ਸਾਥ' ਦੀ ਮਿੱਥ ਦਾ ਭੰਜਨ ਕਰਕੇ 'ਤੇਰੇ ਬਗ਼ੈਰ' ਦੇ ਭਾਵ-ਪ੍ਰਬੰਧ ਦੀ ਰਚਨਾ ਕਰਦੀਆਂ ਹਨ| ਇਥੇ 'ਮੈਂ' ਔਰਤਮੁਖੀ ਦੇਹ ਨਹੀਂ ਸਗੋਂ ਔਰਤਮੁਖੀ ਸ੍ਵੈ ਹੈ ਅਤੇ 'ਤੂੰ' ਮਰਦਮੁਖੀ ਦੇਹ, ਮਨ, ਮਸਤਕ ਅਤੇ ਸਮੁੱਚੇ ਮੁਆਸ਼ਰਾਤੀ ਅਮਲਾਂ ਦਾ ਸਿਲਸਿਲਾ ਹੈ| ਹੁਣ ਸੁਆਲ ਮਰਦ ਦਾ ਨਹੀਂ 'ਮਰਦਮੁਖਤਾ' ਦਾ ਹੈ| ਇਸੇ ਕਰਕੇ ਇਹ 'ਮਰਦ' ਸਿਰਫ਼ ਦੇਹ ਰੂਪ ਨਹੀਂ ਸਗੋਂ ਪ੍ਰਤੀਕ ਰੂਪ| ਇਸ ਪ੍ਰਤੀਕ ਰੂਪ ਨੂੰ ਸਮਰਪਤ ਔਰਤ ਦੀ ਦੇਹ ਵੀ ਇਸੇ 'ਮਰਦ ਮੁਖਤਾ' ਦਾ ਹਿੱਸਾ ਬਣਕੇ ਪੇਸ਼ ਹੁੰਦੀ ਹੈ ਅਤੇ ਇਹ ਸਿਲਸਿਲਾ ਨਿਰੰਤਰ ਗਤੀਸ਼ੀਲ ਰਹਿੰਦਾ ਹੈ| ਦੂਜੇ ਸ਼ਬਦਾਂ ਵਿਚ 'ਤੇਰੇ ਬਗ਼ੈਰ' ਰਹਿਣ ਦੀ ਕਲਪਨਾ ਮਰਦ ਤੋਂ ਬਗ਼ੈਰ ਰਹਿਣ ਤੱਕ ਸੀਮਤ ਨਹੀਂ ਸਗੋਂ ਇਸ ਧਰਤੀ ਉੱਤੇ ਰੱਬ ਤੋਂ ਬਗ਼ੈਰ ਰਹਿਣ ਦੇ ਬਰਾਬਰ ਹੈ| ਇਸ ਕਰਕੇ, ਇਹ ਕਵਿਤਾ ਪੰਜਾਬੀ ਕਾਵਿ ਵਿਚ ਅਤੇ ਵਿਸ਼ੇਸ਼ ਕਰਕੇ 'ਨਾਰੀ ਕਾਵਿ' ਵਿਚ ਨਵੇਂ ਪੈਰਾਡਾਈਮ ਦੀ ਰਚਨਾ ਕਰਦੀ ਹੈ| ਭਾਵੇਂ, ਇਸ ਪੈਰਾਡਾਈਮ ਦੀਆਂ ਆਪਣੀਆਂ ਸੀਮਾਵਾਂ ਹਨ, ਪਰ ਇਸਦੀਆਂ ਆਪਣੀਆਂ ਚੁਣੌਤੀਆਂ, ਚੇਤਾਵਨੀਆਂ ਅਤੇ ਵੰਗਾਰਾਂ ਵੀ ਹਨ| ਇਕ ਰੱਬ ਦੇ ਸਮਾਨਾਂਤਰ ਨਵੇਂ ਰੱਬ ਦੀ ਰੱਬਤਾ ਨੂੰ ਰਚਣ ਦੀ ਅਭਿਲਾਸ਼ਾ ਤੇ ਅਰਦਾਸ ਵਾਂਗ|

          'ਤੇਰੇ ਬਗ਼ੈਰ' ਕਾਵਿ-ਸੰਗ੍ਰਹਿ ਵਿਚ ਇਸ ਰੱਬਤਾ ਨੂੰ ਰਚਣ ਦਾ ਆਹਰ ਦੋ ਘੇਰਿਆਂ ਵਿਚ ਸਰਗਰਮ ਹੁੰਦਾ ਹੈ| ਪਹਿਲਾ ਘੇਰਾ 'ਤੇਰੇ ਬਗ਼ੈਰ' ਅਰਥ ਪੂਰਨ ਹੋਣ ਦੀਆਂ ਸੰਭਾਵਨਾਵਾਂ ਦੀ ਨਿਸ਼ਾਨਦੇਹੀ ਅਤੇ ਨਿਰਮਾਣਕਾਰੀ ਕਰਦਾ ਹੈ, ਜਦਕਿ, ਦੂਜਾ ਘੇਰਾ ਇਹਨਾਂ ਸੰਭਾਵਨਾਵਾਂ ਪ੍ਰਤਿ ਚੇਤੰਨ ਹੋਣ ਉਪਰੰਤ ਦਰਪੇਸ਼ ਦੁਬਿਧਾ, ਦੋਚਿੱਤੀ ਅਤੇ ਇਕੱਲਤਾ ਨੂੰ ਸਭ ਨਾਲ ਸਾਂਝਾ ਕਰਨ ਦੀ ਕਸ਼ਮਕਸ਼ ਦੀ ਪੇਸ਼ਕਾਰੀ ਕਰਦਾ ਹੈ| ਹਾਲਾਂਕਿ, ਦੂਜਾ ਘੇਰਾ ਪਹਿਲੀ ਮਨੋਸਥਿਤੀ ਦਾ ਸੂਚਕ ਹੈ ਅਤੇ ਪਹਿਲਾ ਦੂਜੀ ਦਾ| ਪਰ, ਇਸ ਕਾਵਿ-ਸੰਗ੍ਰਹਿ ਵਿਚ ਕਵਿਤਾਵਾਂ ਦਾ ਕ੍ਰਮ ਦੇਣ ਸਮੇਂ ਅਜਿਹਾ ਸੁਚੇਤ ਯਤਨ ਹੋਇਆ ਹੈ ਜਿਸ ਅਧੀਨ 'ਤੇਰੇ ਬਗ਼ੈਰ' ਸੰਭਵ ਹੋਣ ਵਾਲੀ ਆਜ਼ਾਦੀ, ਸੰਪੂਰਨਤਾ ਅਤੇ ਅਰਥ-ਪੂਰਨਤਾ ਨੂੰ ਅਰਥਪੂਰਨਤਾ ਨੂੰ ਪੇਸ਼ ਕਰਨ ਵਾਲੀਆਂ ਕਵਿਤਾਵਾਂ ਦੀ ਅਜਿਹੀ ਫ਼ਸੀਲ ਤਿਆਰ ਕੀਤੀ ਗਈ ਹੈ, ਜਿਸ ਦੀ ਚਾਰ ਦੁਆਰੀ ਵਿਚ 'ਤੇਰੇ ਸਾਥ' ਦੇ ਅਧੂਰੇਪਣ ਤੇ ਸਰੱਖਿਆ ਨਾਲ ਵਰੋਸਾਏ ਹੋਏ 'ਨਿਸ਼ਕਰਮਕ' ਖਿਆਲ ਕੈਦ ਹੋ ਜਾਂਦੇ ਹਨ| ਇਸ ਕਰਕੇ, ਕਾਵਿ-ਸੰਗ੍ਰਹਿ ਦਾ ਆਗਾਜ਼ 'ਤੇਰੇ ਬਗ਼ੈਰ-1' ਤੋਂ ਲੈ ਕੇ 'ਤੇਰੇ ਬਗ਼ੈਰ-11' ਤੱਕ ਦੀ ਨਜ਼ਮ ਲੜੀ ਨਾਲ ਹੁੰਦਾ ਹੈ ਅਤੇ ਅਖ਼ੀਰ ਇਸੇ ਭਾਵ ਵਾਲੀ ਲੰਮੀ ਬਿਰਤਾਂਤਕ ਕਵਿਤਾ 'ਮਹਾਂ ਦੇਵੀ' ਨਾਲ| ਇਸਦੇ ਅੰਦਰਵਾਰ ਉਹ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਹਨ, ਜੋ ਤੇਰੇ ਸਾਥ ਦੀ ਤਲਬ, ਨਿਰਾਸ਼ਾ ਅਤੇ ਵਿਸ਼ਾਦ ਨੂੰ ਬਿਆਨ ਕਰਦੇ ਹਨ| ਜਿਵੇਂ:

ਆਗਾਜ਼ :                                                                         ਅਖ਼ੀਰ

1æ  ਖ਼ਾਮੋਸ਼ੀ 'ਚ ਗੂੰਜ ਰਹੇ                            1æ ਮੈਂ ਆਸਵੰਦ ਹਾਂ ਕੋਈ ਲਾਚਾਰ ਸਖਸ਼ ਨਹੀਂ

    ਤੇਰੇ ਬੋਲੇ æææ|                                      ਸੂਲਾਂ ਦੀ ਪੀੜ ਸਹਿ ਕੇ ਵੀ

   ਉਦਾਸੀ 'ਚ ਰਾਹਤ ਦਾ ਆਲਮ                        ਖਿੜਿਆ ਗੁਲਜ਼ਾਰ ਹਾਂ,              

   ਤੇਰੇ ਬਗੈਰ                                  

2æ ਕਿਉਂ ਨਾ ਇਸ ਜਗ ਉੱਪਰ ਆਪਣੀ                 2æ ਕਿੰਨੀ ਕਮਜ਼ੋਰ ਸਾਂ, ਮਹਿਫੂਜ਼ ਸਾਂ

   ਹੋਂਦ ਦਾ ਬੀਜ ਉਗਾਵੇਂ                                  ਤੇਰੇ ਨਾਲ, ਕਿੰਨੀ ਮਜ਼ਬੂਤ ਹਾਂ

   ਤੂੰ ਜਨਣੀ ਹੈਂ, ਸਿਰਜਣਹਾਰ,                          ਤੇਰੇ ਬਗੈਰ

   ਘੜ੍ਹ ਆਪਣੀ ਤੂੰ ਕੋਈ ਕਹਾਣੀ


       ਦਿਲਚਸਪ ਗੱਲ ਤਾਂ ਇਹ ਹੈ ਕਿ ਇਥੇ ਆਪਣੀ 'ਕਹਾਣੀ ਘੜ੍ਹਣ' ਦੀ ਅਭਿਲਾਸ਼ਾ ਦੇ ਪਿਛੇ ਆਪਣੀ 'ਬਣੀ ਕਹਾਣੀ' ਮੌਜੂਦ ਹੈ, ਜਿਸਨੂੰ ਦੇਵਿੰਦਰ ਕੌਰ ਦੇ ਲਫਜ਼ਾਂ ਵਿਚ 'ਤੇਰੇ ਸਾਥ' ਨੇ ਬਣਾਇਆ ਹੈ| ਹੁਣ ਜ਼ਰਾ ਇਸ ਬਣੀ ਕਹਾਣੀ ਦਾ ਦ੍ਰਿਸ਼ ਵੀ ਵੇਖ ਲਿਆ ਜਾਵੇ;

1æ ਕਿੱਥੇ ਗਏ ਪਰਿੰਦੇ ?                            2æ ਮਹਿਬੂਬ ਦੀਆਂ ਬਾਹਾਂ 'ਚ

  ਕਿਥੇ ਉਨ੍ਹਾਂ ਦੀ ਚਹਿਚਹਾਅਟ                         ਮਰਮਰੀ ਬਾਹਾਂ  

  ਠੰਡੀ ਯਖ਼ ਸੁੰਨ                                       ਦੇਸ ਕਾਲ ਇਕ ਹੋਏ

   ਘਰਾਂ ਦੀਆਂ ਖਿੜਕੀਆਂ, ਦਰਵਾਜ਼ੇ ਬੰਦ              ਔਹ ਹੁਣੇ ਧਮਾਕਾ ਹੋਇਆ

   ਠੰਡੀ ਹਵਾ ਤੋਂ ਡਰਦੇ ਬਦਨ                         ਈਸਾ ਦਾ ਪੁੱਤ ਧਾਹੀਂ ਮਾਰ ਰੋਇਆ

   ਗਰਮ ਘਰਾਂ ਵਿਚ                                   ਕੈਸਾ ਆਸ਼ਕ ਹੈ

    ਹੋਰ ਠੰਡੇ ਹੋ ਗਏ।5                                ਜ਼ਿੰਦਗੀ ਦਾ ਮਲਾਹ ?

                                                        ਮਹਿਬੂਬ ਦੀਆਂ ਬਾਹਾਂ 'ਚ

                                                                          ਕਿਉਂ ਸੂਲੀ ਬਣੇ ਸਾਹ|6


         ਸਪਸ਼ਟ ਹੈ ਕਿ ਇਸ ਕਾਵਿ-ਸੰਗ੍ਰਹਿ ਵਿਚਲੀ ਕਾਵਿ-ਯਾਤਰਾ 'ਠੰਡੇ ਹੋ ਗਏ' ਅਤੇ 'ਸੂਲੀ ਬਣੇ ਸਾਹਾਂ' ਦੀ ਬਣ ਚੁੱਕੀ ਕਹਾਣੀ ਵਿਚੋਂ ਸ੍ਵੈ' ਦੀ ਸਿਰਜਨਹਾਰ ਬਣਨ ਦੀ 'ਕਹਾਣੀ ਘੜ੍ਹਨ' ਦਾ ਸਫ਼ਰ ਹੈ| ਇਹ ਸਫ਼ਰ ਅਜਿਹੇ ਰਾਹ ਉੱਤੇ ਸਰਗਰਮ ਹੈ, ਜਿਥੇ ਰਾਹਗੀਰ ਦੇ ਪੈਰਾਂ ਥੱਲੇ ਬੀਤੇ ਦੀ ਅਜਿਹੀ ਦਾਸਤਾਨ ਹੈ, ਜਿਸਨੂੰ ਉਹ ਵਰਤਮਾਨ ਦੇ ਅਫ਼ਸਾਨੇ ਰਾਹੀਂ ਢੱਕ ਕੇ ਨਵੇਂ ਰਾਹ ਦੀ ਰਚਨਾਕਾਰੀ ਨਾਲ ਰੂਪਗਤ ਕਰਨ ਲਈ ਸਰਗਰਮ ਹੈ| ਇਹ ਹੀ ਇਸ ਕਵਿਤਾ ਲਈ ਚੁਣੌਤੀ ਤੇ ਵੰਗਾਰ ਹੈ ਕਿ ਉਹ ਅਤੀਤ ਦੀ ਦਾਸਤਾਨ ਵਿਚੋਂ ਤ੍ਰਿਪ-ਤ੍ਰਿਪ ਚੋਅ ਰਹੀ ਉਦਾਸੀ, ਅਰਥਹੀਣਤਾ, ਨਿਰਾਸ਼ਾ ਅਤੇ ਵਿਸ਼ਾਦ ਨੂੰ ਵਰਤਮਾਨ ਦੀ ਰਚਨਾਕਾਰੀ ਨਾਲ ਫਿਰ ਤੋਂ 'ਰੁਸ਼ਨਾਅ ਕੇ' 'ਅਰਥਪੂਰਨ', 'ਮਜ਼ਬੂਤ' ਅਤੇ 'ਅਨੰਦੀ ਜੁਸਤਜੂ' ਨਾਲ ਲਬਰੇਜ਼ 'ਸ੍ਵੈ' ਦੀ ਕਹਾਣੀ ਬਣਾ ਸਕੇ;


ਲਗਾਤਾਰ ਖੋਜਦੀ ਰਹੀ

ਆਪਦੇ ਆਪ ਨੂੰ

ਤੇਰੇ ਸੰਗ ਰਹਿੰਦਿਆਂ

ææææææææææææææææææææ

ਹੁਣ ਜਦ

ਨਾ ਤੇਰਾ ਸੰਗ ਹੈ, ਨਾ ਸਾਥ ਹੈ

ਤੇ ਨਾ ਕਿਸੇ ਤੋਂ

ਏਹੋ ਜਿਹੀ ਆਸ ਹੈ

ਬਸ ਆਪਣਾ ਆਪ ਹੀ

ਮੇਰੇ ਪਾਸ ਹੈ|7


           ਮਸਲਾ ਆਪੇ ਦੇ ਗੁਆਚਣ ਦਾ ਨਹੀਂ ਸਗੋਂ ਇਸ ਨੂੰ ਪੁਨਰ-ਪ੍ਰਾਪਤ ਕਰਨ ਦਾ ਹੈ| ਇਹਨਾਂ ਕਵਿਤਾਵਾਂ ਦੀ ਵਿਲੱਖਣਤਾ ਹੀ ਇਹ ਹੈ ਕਿ ਇਹ ਸਾਨੂੰ 'ਸ੍ਵੈ' ਦੇ ਖੰਡਿਤ ਹੋਣ ਅਤੇ ਗੁਆਚਣ ਦੀ ਪੀੜਾ ਪ੍ਰਤਿ ਚੇਤੰਨ ਕਰਕੇ ਉਸ ਨਾਲ ਜੀਣ-ਥੀਣ ਦੇ ਪ੍ਰਤਿਮਾਨ ਨੂੰ ਤੋੜਦੀ ਹੈ| ਅਸੀਂ ਦੁਖਾਂਤ ਨੂੰ 'ਅੰਤ' ਭਾਵ ਦੁੱਖ ਜਰਨ ਜਾਂ ਸਹਿਣ ਕਰਨ ਦੀ ਅੰਤਲੀ ਪੌੜੀ ਦੇ ਰੂਪ ਵਿਚ ਦੇਖਣ ਦੇ ਆਦੀ ਹਾਂ। ਇਸੇ ਕਰਕੇ ਦੁੱਖ ਤੋਂ ਪਾਰ ਜਾਣ ਦੀ ਕਸੌਟੀ ਸਾਡੀ ਸਿਰਜਣਾਤਮਕਤਾ ਦਾ ਹਿੱਸਾ ਨਹੀਂ ਬਣਦੀ| ਅਸੀਂ ਕਬੀਰ ਸਾਹਿਬ ਦੀ ਮੰਜ਼ਿਲ 'ਜਿਸ ਮਰਨੇ ਤੇ ਜਗੁ ਡਰੈ, ਮੇਰੇ ਮਨੁ ਆਨੰਦ' ਨੂੰ ਕਦੋਂ ਦੇ ਭੁੱਲ ਚੁੱਕੇ ਹਾਂ| ਇਸ ਦੇ ਉਲਟ ਅਸੀਂ ਜਾਂ ਤਾਂ ਡਰ ਰਹੇ ਹਾਂ ਜਾਂ ਫਿਰ ਖੌਫ਼ਜਦਾ ਹਾਂ| ਦੇਵਿੰਦਰ ਕੌਰ ਦੇ ਲਿਹਾਜ਼ ਨਾਲ ਇਹ ਕਿਸੇ ਦੇ ਸੰਗ ਰਹਿੰਦਿਆਂ 'ਖੀਣ' ਹੋ ਜਾਣ ਦੀ ਖੌਫ਼ਨਾਕ ਸਥਿਤੀ ਹੈ| ਪਰ (ਤੇਰੇ) ਸੰਗ ਰਹਿੰਦਿਆਂ 'ਆਪੇ' ਨੂੰ ਗੁਆ ਦੇਣ ਅਤੇ (ਤੇਰੇ) ਬਗ਼ੈਰ ਆਪਣੇ ਨੂੰ 'ਪਾਸ' ਮਹਿਸੂਸ ਕਰਨਾ ਦੁਖਾਂਤ ਤੋਂ ਪਰ੍ਹੇ ਜਾਣ ਦੀ ਸਥਿਤੀ ਹੈ|

          ਇਹ ਵੀ ਸੋਚਿਆ ਜਾ ਸਕਦਾ ਹੈ ਕਿ ਇਸ ਸਥਿਤੀ ਨੂੰ ਅਰਧ-ਦੁਖਾਂਤ ਭਾਵ ਮੈਲੋਡਰਾਮਾ ਮੰਨ ਲਿਆ ਜਾਵੇ| ਦੁਖਾਂਤ ਤੋਂ ਅੱਗੇ ਲੰਘ ਕੇ ਸੁਖ ਦੇ ਪਲਾਂ ਦਾ ਅਹਿਸਾਸ| ਪਰ, ਮੁਸ਼ਕਲ ਇਹ ਹੈ ਕਿ ਇਥੇ 'ਤੇਰਾ ਜਾਣਾ' ਦੁੱਖਮਈ ਅਨੁਭਵ ਨਹੀਂ ਬਣਦਾ| ਇਸਦੇ ਉਲਟ ਇਥੇ ਤੇਰਾ ਸਾਥ ਇਸੇ ਕਰਕੇ ਅਧੂਰਾ ਅਤੇ ਕਸ਼ਟਮਈ ਅਨੁਭਵ ਬਣਦਾ ਹੈ ਕਿਉਂਕਿ 'ਤੂੰ' ਆਪਣੀ ਮੌਜੂਦਗੀ ਨੂੰ ਹੀ ਦਮਨਕਾਰੀ ਬਣਾ ਦਿੰਦਾ ਹੈ| ਜ਼ਿੰਦਗੀ ਦੇ ਉਹ ਅਹਿਸਾਸ ਜੋ ਕਦੇ ਮੋਜ਼ੂਦਗੀ ਦੇ ਸਾਥ ਦੇ ਆਨੰਦ ਅਤੇ ਸ੍ਵੈ ਨੂੰ ਰੌਸ਼ਨ ਕਰਨ ਦਾ ਆਧਾਰ ਬਣ ਸਕਦੇ ਸਨ| ਤੇਰੇ ਸਾਥ ਵਿਚ ਉਹ ਹੀ ਦੁਖਾਂਤਕ ਅਨੁਭਵਾਂ ਵਿਚ ਰੂਪਾਂਤਰਿਤ ਹੁੰਦੇ ਰਹਿੰਦੇ ਹਨ| ਇਸੇ ਕਰਕੇ 'ਤੇਰੇ ਬਗ਼ੈਰ' ਚਲ ਰਹੀ ਜ਼ਿੰਦਗੀ ਵਿਚਲੀ ਰਚਨਾਤਮਕਤਾ ਉਸ ਦਮਨ ਦੀ ਅਣਹੋਂਦ ਵਿਚੋਂ ਹੀ ਸਿਰਜਤ ਹੁੰਦੀ ਹੈ; ਕੁਕਨੁਸ ਦੀ ਰਾਖ਼ ਵਿਚੋਂ ਨਵੇਂ ਅੰਡੇ ਦੇ ਨਿਕਲਣ ਵਾਂਗ, ਫਨਹਾ ਹੋ ਜਾਣ ਤੋਂ ਬਾਅਦ ਪੁਨਰ-ਸੁਰਜੀਤ ਹੋਣ ਦੇ ਅਮਲ ਦੀ ਤਰ੍ਹਾਂ|

        ਜ਼ਾਹਿਰ ਹੈ ਕਿ ਇਹ ਸਥਿਤੀ ਮੈਲੋਡਰਾਮਾ ਜਾਂ ਦੁਖਾਂਤਕ ਅਨੁਭਵਾਂ ਤੋਂ ਪਾਰ ਦੀ ਸਥਿਤੀ ਹੈ| ਜ਼ਿੰਦਗੀ ਦੀ ਕਰੂਰ ਹਕੀਕਤ ਨੂੰ ਸਰਲ ਬਣਾਉਣ ਦੀ ਥਾਂ ਉਸ ਦੀ ਕਰੂਰਤਾ ਨਾਲ ਮੱਥਾ ਲਾਉਣ ਅਤੇ ਮਾਨਵੀ ਸਮਰੱਥਾ ਨਾਲ ਉਸ ਨੂੰ ਨਵੇਂ ਸਿਰੇ ਤੋਂ ਰੂਪਗਤ ਕਰਨ ਦੀ| ਦੇਵਿੰਦਰ ਕੌਰ ਦਾ ਵਰਤਾਮਨ ਕਾਵਿ-ਸੰਗ੍ਰਹਿ ਸਮਕਾਲੀ ਪੰਜਾਬੀ ਕਵਿਤਾ ਵਿਚ ਇਸ ਨਵੇਂ ਭਾਵ-ਪ੍ਰਬੰਧ ਦਾ ਆਗਾਜ਼ ਕਰਦਾ ਹੈ| ਹਾਲਾਂਕਿ ਇਹ ਭਾਵ-ਪ੍ਰਬੰਧ 'ਤੇਰੇ ਸਾਥ' ਦੀਆਂ ਅਭਿਲਾਸ਼ਾਵਾਂ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਹੋ ਸਕਿਆ, ਪਰ ਇਹ ਉਸ ਲਈ ਤਲਬਗ਼ਾਰ ਵੀ ਦਿਖਾਈ ਨਹੀਂ ਦਿੰਦਾ| ਇਹ ਭਾਵ-ਪ੍ਰਬੰਧ ਉਚੇਚੇ ਰੂਪ ਵਿਚ 'ਸ੍ਵੈ' ਦੀ ਪਛਾਣ, 'ਸ੍ਵੈ' ਦੀ ਸਥਾਪਤੀ ਅਤੇ 'ਸ੍ਵੈ' ਦੀ ਨਿਆਂਸ਼ੀਲਤਾ ਨੂੰ ਸਿਰਜਣ ਲਈ ਯਤਨਸ਼ੀਲ ਹੈ, ਕਿਸੇ ਦੇ ਸਾਥ ਦੇ ਰੂਪ ਵਿਚ ਵੀ ਅਤੇ ਉਸਤੋਂ ਬਗ਼ੈਰ ਵੀ, ਇਸ ਕਥਨ ਦੇ ਰੂਪ ਵਿਚ;


ਉੱਡ ਰਹੀ

ਪਰਵਾਜ਼ ਭਰ ਰਹੀ

ਹੌਂਸਲੇ ਸੰਗ

ਚਾਹਤ ਤੇਰੀ

ਤੇਰੇ ਬਗ਼ੈਰ|8


      ਇਸ ਤਰ੍ਹਾਂ ਦੇਵਿੰਦਰ ਕੌਰ ਦਾ ਕਾਵਿ-ਸੰਗ੍ਰਹਿ 'ਤੇਰੇ ਬਗ਼ੈਰ' ਸਮਾਕਾਲੀ ਪੰਜਾਬੀ ਕਵਿਤਾ ਵਿਚ ਵਿਲੱਖਣ ਭਾਵ-ਪ੍ਰਬੰਧ ਦੀ ਰਚਨਾਕਾਰੀ ਲਈ ਅਗਰਸਰ ਹੈ| ਜਿਥੇ ਹੁਣ ਤੱਕ ਦੀ ਪੰਜਾਬੀ ਸਿਰਜਣਾਤਮਕਤਾ 'ਤੇਰੇ ਸਾਥ' ਦੇ ਵੰਨ-ਸੁਵੰਨੇ ਦ੍ਰਿਸ਼ਾਂ ਵਿਚੋਂ ਉਭਰਦੇ ਖਿਆਲਾਂ ਦੀ ਪੇਸ਼ਕਾਰੀ ਕਰਦੀ ਹੋਈ, 'ਸਾਥ' ਦੀ ਰਮਣੀਕਤਾ ਅਤੇ ਅਣਹੋਂਦ ਦੇ ਵਿਸ਼ਾਦ ਦੀ ਪੇਸ਼ਕਾਰੀ ਕਰਦੀ ਹੈ| ਇਹ ਕਵਿਤਾ ਅਜਿਹੇ ਭਾਵ-ਪ੍ਰਬੰਧ ਦੀ ਉਸਾਰੀ ਕਰਦੀ ਹੈ, ਜਿਥੇ 'ਸਾਥ' ਵਿਚਲੀ ਮੌਜੂਦਗੀ ਦੇ ਦਮਨਕਾਰੀ ਸਿਲਸਿਲੇ ਸਾਥ ਨੂੰ ਸ੍ਵੈ ਦੇ ਸੰਗਠਨ ਦੀ ਥਾਂ ਵਿਗਠਨ ਵਿਚ ਰੂਪਾਂਤਰਿਤ ਕਰਦੇ ਵੇਖੇ ਜਾ ਸਕਦੇ ਹਨ| ਸਿੱਟੇ ਵਜੋਂ, ਇਥੇ ਇਹ ਭਾਵਨਾਤਮਕ ਅਤੇ ਅਸਤਿਤਵੀ ਉੱਦਾਤ ਦਾ ਆਧਾਰ ਬਣਨ ਦੀ ਥਾਂ ਵਿਭਾਜਨ ਅਤੇ ਦਮਨਕਾਰੀ ਸਿਲਸਿਲਾ ਬਣ ਜਾਂਦਾ ਹੈ| ਇਹ ਕਵਿਤਾ ਇਸ ਸਥਿਤੀ ਤੋਂ ਪਾਰ ਜਾਣ ਦੀ ਸੁਚੇਤ ਕੋਸ਼ਿਸ਼ ਕਰਦੀ ਹੋਈ ਮਨੁੱਖੀ ਹਸਤੀ, ਖ਼ਾਸ ਕਰਕੇ ਨਾਰੀਤਵ ਅਸਤਿਤਵ ਦੀ ਉਸ ਸਮਰੱਥਾ ਦੀ ਨਿਰਮਾਣਕਾਰੀ ਦੇ ਰਾਹੇ ਪੈਂਦੀ ਹੈ, ਜੋ ਵਿਭਾਜਤ ਸ੍ਵੈ ਨੂੰ ਫਿਰ ਤੋਂ ਸੰਗਠਿਤ ਤੇ ਸਿਰਜਣਾਤਮਕ ਸ੍ਵੈ ਵਿਚ ਰੂਪਾਂਤਰਿਤ ਕਰਨ ਦਾ ਰਾਹ ਦਸਦੀ ਹੈ| ਇਸ ਕਾਵਿ-ਸੰਗ੍ਰਹਿ ਦੀ ਇਹ ਰਚਨਾਤਮਕ ਸਿਫ਼ਤ ਹੀ, ਇਸ ਕਵਿਤਾ ਨੂੰ ਅਜਿਹੀ ਅਰਥ-ਵਿਉਂਤ ਬਖ਼ਸਦੀ ਹੈ, ਜਿਸ ਰਾਹੀਂ ਉਹ ਔਰਤ ਨੂੰ ਦੇਹ ਦੇ ਰੂਪ ਵਿਚ ਪਰਿਭਾਸ਼ਤ ਕਰਨ ਦੀ ਥਾਂ ਸ੍ਵੈ ਦੇ ਰੂਪ ਵਿਚ ਪਰਿਭਾਸ਼ਤ ਕਰਨ ਦੀਆਂ ਨਵੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਨ ਵਿਚ ਸਫ਼ਲ ਹੁੰਦੀ ਹੈ|


ਹਵਾਲੇ :

1æ ਦੇਵਿੰਦਰ ਕੌਰ, ਤੇਰੇ ਬਗ਼ੈਰ, ਨਵੀਂ ਦਿੱਲੀ, ਨੈਸ਼ਨਲ ਬੁੱਕ ਸ਼ਾਪ,2015, ਪੰਨਾ 15

2æ ਉਹੀ, ਪੰਨਾ 16

3æ ਉਹੀ, ਪੰਨਾ 83

4æ ਉਹੀ, ਪੰਨਾ 100

5æ ਉਹੀ, ਪੰਨਾ 39

6æ ਉਹੀ, ਪੰਨਾ 64

7æ ਉਹੀ, ਪੰਨਾ 69

8æ ਉਹੀ,ਪੰਨਾ 17

Comments


bottom of page