top of page
Writer's pictureਸ਼ਬਦ

ਬਲਦੇਵ ਬਾਵਾ/

ਦੋ ਕਵਿਤਾਵਾਂ/


1æ ਕਿਤਾਬਾਂ/


ਟਟਹਿਣਿਆਂ ਲੱਦੀਆਂ ਜਗਮਗਾਉਂਦੀਆਂ ਬੇਰੀਆਂ

ਰਾਤ ਨੂੰ ਤਾਰਿਆਂ ਦੇ ਹੁੰਘਾਰੇ ਭਰਦੀਆਂ,

ਚਾਨਣੀ ਦੀਆਂ ਅਰਸ਼ੀ ਮੂਕ ਆਬਸ਼ਾਰਾਂ

ਮੁਨੀ-ਮੰਡਲੀਆਂ ਇਸ਼ਨਾਨ ਕਰਦੀਆਂ,

ਸਹਿਜ ਆਨੰਦ ਵਿੱਚ ਕੂੰਜਾਂ ਦੀਆਂ ਡਾਰਾਂ

ਹੰਸਾਂ ਵਿਹੜੇ ਕਾਵਾਂ ਦੀ ਜੰਜ ਵਰਗੀਆਂ,

ਰਾਹਬਰਾਂ ਨੂੰ ਜੱਫੀ ਲੈਣ ਸੋਚਵਾਨ ਸੰਝਾਂ

ਪੀਰਾਂ ਸਿਰ ਹੱਥ ਦੇਣ ਲਾਲ ਸਰਘੀਆਂ।


ਕਿਤਾਬਾਂ ਦੇ ਝਰੋਖਿਆਂ 'ਚੋਂ ਤੱਕਦੇ ਨੇ ਸ਼ਾਇਰ

ਇਨ੍ਹਾਂ ਵਿੱਚ ਜਾਬਰੀ ਜਿੱਤਾਂ ਵੀ ਨੇ ਦਾਇਰ,

ਸੁਣਦੀ ਪਈ ਦਾਸੀਆਂ ਦੇ ਰੋਣ ਦੀ ਅਵਾਜ਼

ਰਖੇਲਾਂ ਪਿੰਡੇ ਲਾਸਾਂ ਪਾਉਂਦੀ ਛਮਕਾਂ ਦੀ ਮਾਰ,

ਢਾਹ ਨਾ ਲੈਣੀ ਕਿਲਿਆਂ ਦੇ ਢਹਿਣ ਦੀ ਉਮੀਦ

ਮੰਨਣੀ ਨਹੀਂ ਮਹਿਲਾਂ ਦੀਆਂ ਨੀਹਾਂ ਦੀ ਸਦੀਵ।


ਕਿਤਾਬਾਂ ਵਿੱਚ ਬਾਗੀਆਂ ਦੇ ਮੋਢ੍ਹੇ ਸੂਲੀਆਂ

ਪੀਰਾਂ ਦੀਆਂ ਦਾਹੜੀਆਂ ਤੇ ਪੱਗਾਂ ਧੂੜੀਆਂ,

ਜੇ ਪੈਂਡਾ ਹੈ ਅਮੁੱਕ ਤਾਂ ਹੈ ਚਾਲ ਵੀ ਅਟੁੱਟ

ਕਾਠ ਚੱਬਣੀ ਤੇ ਮਾਰਨਾ ਵਗਾਹ ਕੇ ਚੂਰੀਆਂ।


ਕਿਤਾਬਾਂ ਦੀਆਂ ਵਾਦੀਆਂ 'ਚ ਸੂਫੀ ਵੱਸਦੇ

ਝੂਠ ਅਤੇ ਸੱਚ ਦੀਆਂ ਗੱਲਾਂ ਦੱਸਦੇ,

ਕਿਤਾਬਾਂ ਦਿਆਂ ਅੰਬਰਾਂ 'ਚੋਂ ਰੱਬ ਝਾਕਦਾ

ਸ਼ਹੀਦਾਂ ਤੇ ਮੁਰੀਦਾਂ ਲਈ ਦੀਵੇ ਬਾਲ਼ਦਾ।

(ਸ਼ਨਿਚਰਵਾਰ 26, 2020)


2æ ਕਵੀ ਦੇ ਅਥਰੂ


ਸਮੁੰਦਰ ਨੇ ਕਿਹਾ,

ਕਿੱਦਾਂ ਦੇ ਦਿਆਂ ਘੁੱਟ ਪਾਣੀ ਦਾ ਕਿਸੇ ਨੂੰ,

ਮੇਰੀ ਤਾਂ ਆਪਣੀ ਪਿਆਸ ਨਹੀਂ ਬੁੱਝਦੀ।


ਮਾਰੂਥਲ ਨੇ ਕਿਹਾ,

ਮੈਂ ਝੰਬਿਆ ਉਡੀਕਾਂ ਦਾ,

ਇਕ ਪੱਤ ਵੀ ਪੱਲੇ ਨਹੀਂ

ਮੀਂਹ ਲਈ ਅਰਦਾਸ ਕਰਨ ਦਾ ਨੇਮ ਮਹਿਜ਼ ਭੁਲੇਖਾ ਸੀ।

ਧਰਤੀ ਨੇ ਕਿਹਾ

ਲਾਲਚ ਮੁਹਰੇ ਹਾਰ ਗਈ ਮੈਂ,

ਹੁਣ ਬਾਂਝ ਹੋ ਜਾਣ ਦੀ ਚਿੰਤਾ ਨਹੀਂ ਖਾਂਦੀ।

ਅਸਮਾਨ ਨੇ ਕਿਹਾ,

ਬੇਨੂਰਿਆਂ ਨੂੰ ਲੋਅ ਦੀ ਕਦਰ ਨਾ ਕੋਈ,

ਨੀਲੀ ਛੱਤ ਦੀਆਂ ਕੰਦੀਲਾਂ ਬੁੱਝ ਵੀ ਜਾਣ ਤਾਂ ਦੁੱਖ ਕਾਹਦਾ!


ਕਵੀ ਬੋਲਿਆ,

ਕਬਰਾਂ ਵਾਲੀ ਛਪੜੀ 'ਤੇ ਵਜ਼ੂ ਕਰਨ ਲਈ

ਤਾਰੇ ਅਰਸ਼ੋਂ ਉਤਰਦੇ ਰਹਿਣਗੇ,

ਚਹੁੰ ਮੰਜਿਆਂ ਜੇਡੇ ਰੇਤਲੇ ਧੋੜੇ ਉਪਰ

ਬੱਚੇ ਰੇਤੇ ਦੀਆਂ ਘੋੜੀਆਂ ਬਣਾਉਂਦੇ ਰਹਿਣਗੇ,

ਪੰਜ ਗਿੱਠ ਚੌਂਕੇ 'ਚੋ ਖਿੱਲਰਦੀ ਖੰਨੀਆਂ ਦੀ ਮਹਿਕ

ਧੁਰ ਦਰਗਾਹ ਤੱਕ ਜਾਂਦੀ ਰਹੇਗੀ,

ਕਾਇਨਾਤ ਨੂੰ ਜਗਦਾ ਰੱਖਣ ਲਈ, ਅਕੀਦਤ,

ਦੂਣੀਆਂ ਚੌਣੀਆਂ ਮਸ਼ਾਲਾਂ ਬਾਲ਼ ਬਾਲ਼ ਟਿਕਾਉਂਦੀ ਰਹੇਗੀ।

ਕਵੀ ਦੇ ਅੱਥਰੂ ਜਦ ਸਮੁੰਦਰ ਦਾ ਕੰਢਾ,

ਮਾਰੂਥਲ ਦਾ ਮੱਥਾ, ਧਰਤੀ ਦੀ ਹਿੱਕ,

'ਤੇ ਅਸਮਾਨ ਦਾ ਪੱਲਾ ਤਰ ਕਰ ਗਏ,

ਤਾਂ ਬ੍ਰਹਿਮੰਡ ਦੇ ਵੱਡੇ ਚੁੱਪ ਕਰ ਗਏ।



Comments


bottom of page