top of page
Writer's pictureਸ਼ਬਦ

ਮੁੜਿਆ ਯੂਕੇ ਵੱਲ ਚਿੱਟੀ ਪੂਛ ਵਾਲਾ ਬਾਜ਼ /

ਹਰਜੀਤ ਅਟਵਾਲ /

ਜੀ ਹਾਂ, ਤਕਰੀਬਨ ਢਾਈ ਸੌ ਸਾਲ ਬਾਅਦ ਚਿੱਟੀ ਪੂਛ ਵਾਲਾ ਬਾਜ਼ ਮੁੜ ਯੂਕੇ ਆਸਮਾਨਾਂ ਵਿੱਚ ਉਡਦਾ ਦੇਖਿਆ ਗਿਆ ਹੈ। ਇਸ ਖ਼ਬਰ ਨਾਲ ਯੂਕੇ ਦੇ ਪੰਛੀ-ਪਾਲਣ ਵਿਭਾਗ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਹੋਰ ਵੀ ਪੰਛੀਆਂ ਨੂੰ ਪਿਆਰ ਕਰਨ ਵਾਲੇ ਲੋਕ ਇਸ ਖ਼ਬਰ ਨੂੰ ਸ਼ੁੱਭ ਮੰਨ ਰਹੇ ਹਨ। ਫੋਟੋਗ੍ਰਾਫਰ ਇਸ ਦੀਆਂ ਤਸਵੀਰਾਂ ਖਿੱਚਣ ਲਈ ਕਾਹਲੇ ਪੈ ਰਹੇ ਹਨ। ਚਿੱਟੀ ਪੂਛ ਵਾਲੇ ਬਾਜ਼ ਨੂੰ ਸਭ ਤੋਂ ਵੱਡਾ ਪੰਛੀ ਮੰਨਿਆਂ ਜਾਂਦਾ ਹੈ। ਇਸ ਦੀ ਸਿਰ ਤੇ ਗਰਦਣ ਹਲਕੇ ਪੀਲੇ ਰੰਗ ਦੀ ਹੁੰਦੀ ਹੈ। ਜਦ ਇਹ ਖੰਭ ਖਿਲਾਰਦਾ ਹੈ ਤਾਂ ਇਹਨਾਂ ਦੀ ਲੰਬਾਈ ਅੱਠ ਫੁੱਟ ਜਾਂ ਢਾਈ ਮੀਟਰ ਹੁੰਦੀ ਹੈ। ਵੈਸੇ ਤਾਂ ਬਾਜ਼ ਹੈ ਹੀ ਸ਼ਹਿਨਸ਼ਾਹ ਪੰਛੀ ਪਰ ਚਿੱਟੀ ਪੂਛ ਵਾਲਾ ਬਾਜ਼ ਦੁਰਲੱਭ ਹੈ। ਬਾਕੀ ਬਾਜ਼ ਤਾਂ ਲੂੰਬੜੀਆਂ, ਬੱਕਰੀਆਂ ਵਰਗੇ ਜ਼ਮੀਨ ‘ਤੇ ਦੌੜੇ ਜਾਂਦੇ ਜਾਨਵਰ ਚੁੱਕਦੇ ਹਨ ਪਰ ਇਹ ਪਾਣੀ ਵਿੱਚੋਂ ਮੱਛੀਆਂ ਚੁੱਕਣ ਦੀ ਸਮਰਥਾ ਵੀ ਰੱਖਦਾ ਹੈ। ਇਹ ਗਿੱਲੇ ਖੰਭਾਂ ਨਾਲ ਵੀ ਉਡਾਰੀ ਭਰ ਲੈਂਦਾ ਹੈ, ਇਸ ਲਈ ਇਸ ਨੂੰ ਸੀ-ਈਗਲ ਵੀ ਕਿਹਾ ਜਾਂਦਾ ਹੈ। ਕੋਈ ਵੇਲਾ ਸੀ ਕਿ ਯੂਕੇ ਦੇ ਆਸਮਾਨਾਂ ਵਿੱਚ ਇਸ ਪੰਛੀ ਦਾ ਬੋਲ ਬਾਲਾ ਹੁੰਦਾ ਸੀ। ਯੂਕੇ ਭਰ ਦੇ ਦਰਖਤਾਂ ਉਪਰ ਇਸ ਦੇ ਆਲ੍ਹਣੇ ਹੁੰਦੇ ਸਨ। ਬਾਜ਼ ਦਾ ਆਲ੍ਹਣਾ ਕੋਈ ਆਮ ਆਲ੍ਹਣਾ ਨਹੀਂ ਹੁੰਦਾ। ਇਸ ਵਿੱਚ ਹੋਰ ਪੰਛੀਆਂ ਵਾਂਗ ਘਾਹ-ਫੂਸ ਨਾਲੋਂ ਸੋਟੀਆਂ-ਡੰਡੇ ਜ਼ਿਆਦਾ ਹੁੰਦੇ ਹਨ। ਇਸ ਦੇ ਆਲ੍ਹਣੇ ਦਾ ਭਾਰ ਇਕ ਟਨ ਤੱਕ ਹੋ ਸਕਦਾ ਹੈ। ਵੈਸੇ ਤਾਂ ਇਹ ਪੰਛੀ ਸਮੁੰਦਰੀ ਤੱਟਾਂ ਦੇ ਨੇੜੇ ਜ਼ਿਆਦਾ ਰਹਿੰਦਾ ਹੈ ਕਿਉਂਕਿ ਇਸ ਨੇ ਪਾਣੀ ਵਿੱਚੋਂ ਵਧੇਰੇ ਸ਼ਿਕਾਰ ਕਰਨਾ ਹੁੰਦਾ ਹੈ ਪਰ ਪੁਰਾਣੇ ਵੇਲਿਆਂ ਵੇਲੇ ਯੂਕੇ ਭਰ ਵਿੱਚ ਇਸ ਦੇ ਆਲ੍ਹਣੇ ਦੇਖੇ ਜਾ ਸਕਦੇ ਸਨ ਕਿਉਂਕਿ ਯੂਕੇ ਦੀ ਧਰਤੀ ਤੋਂ ਕਿਤਿਓਂ ਵੀ ਸਮੁੰਦਰ ਬਹੁਤੀ ਦੂਰ ਨਹੀਂ ਪੈਂਦਾ ਕਿ ਬਾਜ਼ ਵਰਗੇ ਪੰਛੀ ਦੀ ਪਹੁੰਚ ਤੋਂ ਬਾਹਰ ਹੋਵੇ। ਫਿਰ ਝੀਲਾਂ ਤੇ ਦਰਿਆਵਾਂ ਦੀ ਵੀ ਕਮੀ ਨਹੀਂ ਹੈ। ਇਕ ਸਮਾਂ ਅਜਿਹਾ ਆਇਆ ਕਿ ਇਹ ਪੰਛੀ ਅਚਾਨਕ ਗਾਇਬ ਹੋ ਗਿਆ। ਯੂਕੇ ਵਿੱਚੋਂ ਇਸ ਦਾ ਨਾਂ ਨਿਸ਼ਾਨ ਹੀ ਖਤਮ ਹੋ ਗਿਆ। ਇਸ ਪੰਛੀ ਨੂੰ ਯੂਕੇ ਵਿੱਚੋਂ ਗਾਇਬ ਹੋਏ ਨੂੰ ਵੀ ਲੱਗਭੱਗ ਢਾਈ ਸਦੀਆਂ ਬੀਤ ਗਈਆਂ ਹਨ।

ਇਸ ਪੰਛੀ ਨੂੰ ਆਖਰੀ ਵਾਰ ਸੰਨ ੧੭੮੦ ਵਿੱਚ ‘ਆਈਯਲ ਔਫ ਵਾਈਟ’ ਨਾਮੀ ਛੋਟੇ ਜਿਹੇ ਜਜ਼ੀਰੇ ਦੇ ਕਲਵਿਰ-ਕਲਿੱਫ ‘ਤੇ ਜੋ ਕਿ ਦੱਖਣੀ ਇੰਗਲੈਂਡ ਵਿੱਚ ਪੈਂਦਾ ਹੈ, ਦੇਖਿਆ ਗਿਆ ਸੀ ਜਾਣੀਕਿ ਦੌ ਸੌ ਚਾਲੀ ਸਾਲ ਪਹਿਲਾਂ। ਪਹਿਲਾਂ ਇਹ ਉਤਰੀ ਇੰਗਲੈਂਡ ਵਿੱਚੋਂ ਗਾਇਬ ਹੋਣ ਹੋਇਆ ਤੇ ਫਿਰ ਇਸ ਦੀ ਗੈਰਹਾਜ਼ਿਰੀ ਬਾਕੀ ਦੇ ਯੂਕੇ ਵਿੱਚ ਵੀ ਪੈਣ ਲੱਗੀ। ਇਵੇਂ ਅਖੀਰ ਵਿੱਚ ਇਹ ਪੰਛੀ ਆਈਯਲ ਔਫ ਵਾਈਟ ਤੱਕ ਸੀਮਤ ਹੋ ਕੇ ਉਥੋਂ ਵੀ ਖਤਮ ਹੋ ਗਿਆ। ਪਹਿਲਾਂ ਤਾਂ ਇਸ ਪੰਛੀ ਦੀ ਗੈਰ ਹਾਜ਼ਿਰੀ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਗਿਆ ਪਰ ਜਿਵੇਂ ਜਿਵੇਂ ਪੰਛੀਆਂ ਬਾਰੇ ਮਨੁੱਖ ਦੀ ਚੇਤਨਤਾ ਵਧਦੀ ਗਈ ਤਾਂ ਇਸ ਪੰਛੀ ਦਾ ਫਿਕਰ ਹੋਣ ਲੱਗਾ। ਪਹਿਲਾਂ ਤਾਂ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਬਾਜ਼ ਦੀ ਇਹ ਨਸਲ ਧਰਤੀ ਤੋਂ ਹੀ ਖਤਮ ਹੋ ਗਈ ਹੈ ਪਰ ਫਿਰ ਪਤਾ ਚੱਲਿਆ ਕਿ ਨੌਰਵੇ, ਗਰੀਨਲੈਂਡ ਤੇ ਆਈਸਲੈਂਡ ਵਰਗੇ ਮੁਲਕਾਂ ਵਿੱਚ ਹਾਲੇ ਵੀ ਇਹ ਪੰਛੀ ਮਿਲਦਾ ਹੈ ਤਾਂ ਇਸ ਸਵਾਲ ਦੇ ਜਵਾਬ ਲੱਭੇ ਜਾਣ ਲੱਗੇ ਕਿ ਯੂਕੇ ਵਿੱਚੋਂ ਹੀ ਇਹ ਪੰਛੀ ਕਿਉਂ ਗਾਇਬ ਹੋਇਆ ਹੈ। ਇਸ ਦੇ ਕਈ ਜਵਾਬ ਮਿਲਦੇ ਹਨ। ਸਭ ਤੋਂ ਸੌਖਾ ਜਵਾਬ ਇਹ ਹੈ ਕਿ ਸਥਾਨਕ ਲੋਕਾਂ ਨੇ ਇਸ ਪੰਛੀ ਦਾ ਸ਼ਿਕਾਰ ਕਰ ਕਰਕੇ ਇਸ ਨੂੰ ਖਤਮ ਕਰ ਦਿੱਤਾ ਹੈ। ਕਿਸਾਨ ਇਸ ਪੰਛੀ ਤੋਂ ਦੁਖੀ ਸਨ ਕਿ ਇਹ ਉਹਨਾਂ ਦੇ ਜਾਨਵਰ ਚੁੱਕ ਲੈ ਜਾਂਦਾ ਸੀ। ਸਮੁੰਦਰੀ ਤੱਟਾਂ ਦੇ ਕੋਲ ਵਸਦੇ ਲੋਕ ਇਸ ਕਰਕੇ ਦੁਖੀ ਸਨ ਕਿ ਉਹਨਾਂ ਦੇ ਹਿੱਸੇ ਦੀ ਬਹੁਤ ਸਾਰੀ ਮੱਛੀ ਇਹ ਜਾਨਵਰ ਖਾ ਜਾਂਦਾ ਸੀ। ਪਰ ਜੇ ਹੋਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਦੇ ਕਾਰਨ ਮਨੁੱਖ ਦੀ ਤਰੱਕੀ ਵਿੱਚ ਪਏ ਹਨ। ੧੭੮੦ ਦਾ ਸਮਾਂ ਉਹ ਸਮਾਂ ਸੀ ਜਦ ਇੰਗਲੈਂਡ ਵਿੱਚ ਸਨਅੱਤੀ ਇਨਕਲਾਬ ਆ ਰਿਹਾ ਸੀ। ਧੜਾ ਧੜ ਫੈਕਟਰੀਆਂ ਲੱਗ ਰਹੀਆਂ ਸਨ। ਲੋਹਾ ਢਾਲਣ ਲਈ ਫਾਊਂਡਰੀਆਂ ਬਣ ਗਈਆਂ ਜਿਹਨਾਂ ਵਿੱਚੋਂ ਬਹੁਤ ਵੱਡੀ ਮਿਕਦਾਰ ਵਿੱਚ ਧੂੰਆ ਨਿਕਲਦਾ ਸੀ। ਇਹ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਸੀ, ਹਵਾ ਵਿੱਚ ਜ਼ਹਿਰ ਭਰਦਾ ਸੀ। ਇਹ ਜ਼ਹਿਰ ਆਸਮਾਨ ਵਿੱਚ ਉਡਦੀ ਸੀ। ਕਿਉਂਕਿ ਇਸ ਪੰਛੀ ਨੇ ਉਚਾ ਉਡਣਾ ਹੁੰਦਾ ਹੈ ਇਸ ਲਈ ਧੂੰਏਂ ਦੀ ਜ਼ਹਿਰ ਨਾਲ ਇਹ ਪੰਛੀ ਖਤਮ ਹੋਣ ਲੱਗਾ। ਹੇਠਲੇ ਦਰਖਤਾਂ ਦੇ ਪੰਛੀਆਂ ਉਪਰ ਏਨਾ ਅਸਰ ਨਹੀਂ ਸੀ ਹੋਇਆ। ਜੇ ਇਸ ਪੰਛੀ ਦੇ ਖਤਮ ਹੋਣ ਦਾ ਨਕਸ਼ਾ ਦੇਖਿਆ ਜਾਵੇ ਤਾਂ ਪਹਿਲਾਂ ਇਹ ਉਤਰੀ ਇੰਗਲੈਂਡ ਵਿੱਚੋਂ ਖਤਮ ਹੋਇਆ ਜਿਥੇ ਫਾਊਂਡਰੀਆਂ ਦੀ ਬਹੁਤਾਤ ਸੀ। ਇਵੇਂ ਇਸ ਦਾ ਖਾਤਮਾ ਹੋਣਾ ਹੇਠਾਂ ਨੂੰ ਹੁੰਦਾ ਆਇਆ ਤੇ ਅਖੀਰ ਵਿੱਚ ਆਇਯਲ ਔਫ ਵਾਈਟ ਵਿੱਚ ਇਸ ਨੂੰ ਦੇਖਿਆ ਗਿਆ ਜੋ ਯੂਕੇ ਦੇ ਬਿਲਕੁਲ ਦੱਖਣ ਵਿੱਚ ਹੈ। ਮੈਂ ਵੀ ਇਸ ਪੰਛੀ ਦੇ ਖਾਤਮੇ ਨੂੰ ਸਨਅਤੀ ਇਨਕਲਾਬ ਨਾਲ ਪੈਦਾ ਹੋਏ ਪ੍ਰਦੂਸ਼ਣ ਨਾਲ ਜੋੜ ਕੇ ਦੇਖਦਾ ਹਾਂ। ਇਹ ਗੱਲ ਝੂਠ ਵੀ ਨਹੀਂ ਹੈ। ਸਨਅਤੀ ਇਨਕਲਾਬ ਤੋਂ ਬਾਅਦ ਲੜਾਈਆਂ ਵਿੱਚ ਵੀ ਅੰਨੇਵਾਹ ਗੋਲਾ-ਬਾਰੂਦ ਵਰਤਿਆ ਜਾਂਦਾ ਰਿਹਾ ਹੈ। ਉਨੀਵੀਂ ਸਦੀ ਵਿੱਚ ਯੌਰਪ ਦੇ ਦੇਸ਼ਾਂ ਵਿੱਚ ਲੜਾਈਆਂ ਚਲਦੀਆਂ ਰਹੀਆਂ। ਵੀਹਵੀਂ ਸਦੀ ਵਿੱਚ ਦੋ ਸੰਸਾਰ-ਯੁੱਧ ਚੱਲੇ ਜਿਸ ਕਰਕੇ ਇਹ ਪੰਛੀ ਦੂਰ ਕਿਤੇ ਛੁਪਿਆ ਰਿਹਾ। ਹੁਣ ਪਿਛਲੇ ਸਾਲ ਚਿੱਟੀ ਪੂਛ ਵਾਲਾ ਬਾਜ਼ ਨੂੰ ਮੁੜ ਕੇ ਇੰਗਲੈਂਡ ਵਿੱਚ ਦੇਖਣ ਦੀ ਖ਼ਬਰ ਉਦੋਂ ਆਈ ਸੀ ਜਦ ਕਾਰੋਨਾ ਵਾਇਰਸ ਕਾਰਨ ਲੌਕਡਾਊਨ ਲੱਗਣ ਕਾਰਨ ਪ੍ਰਦੂਸ਼ਣ ਘੱਟ ਹੋਇਆ ਸੀ ਭਾਵ ਕਿ ਪ੍ਰਦੂਸ਼ਣ ਨਾਲ ਇਸ ਦੇ ਗਾਇਬ ਹੋਣ ਦਾ ਸਿੱਧਾ ਵਾਹ ਹੈ। ਮੈਂ ਇਸ ਪੰਛੀ ਦੇ ਮੁੜਨ ‘ਤੇ ਬਹੁਤ ਸਾਰੇ ਲੋਕਾਂ ਨਾਲੋਂ ਜ਼ਿਆਦਾ ਉਤਸ਼ਾਹਿਤ ਹਾਂ, ਇਸ ਦਾ ਕਾਰਨ ਇਹ ਹੈ ਕਿ ਇਸ ਦਾ ਮੁੜਨਾ ਮੇਰੀ ਇਕ ਕਹਾਣੀ ‘ਮਸਤ’ ਦਾ ਆਧਾਰ ਬਣਿਆਂ ਹੈ। ਮੇਰੀ ਇਸ ਕਹਾਣੀ ਦੀ ਮੁੱਖ ਪਾਤਰਾ ਟੀਆ ਇਕ ਨੇਚੁਰਿਸਟ ਹੈ ਜੋ ਕੁਦਰਤ ਦੇ ਨੇੜੇ ਰਹਿਣਾ ਚਾਹੁੰਦੀ ਹੈ। ਉਸ ਨੂੰ ਪ੍ਰਦੂਸ਼ਣ ਭਰੀ ਦੁਨੀਆ ਪਸੰਦ ਨਹੀਂ ਹੈ। ਕਹਾਣੀ ਵਿੱਚ ਮੈਂ ਟੀਆ ਤੇ ਇਸ ਪੰਛੀ ਨੂੰ ਰਲ਼ਾ ਕੇ ਦੇਖਣ ਦੀ ਕੋਸ਼ਿਸ਼ ਕੀਤੀ ਹੈ।

੧੭੮੦ ਤੋਂ ਲੈ ਕੇ ੧੯੧੮ ਤੱਕ ਇਸ ਪੰਛੀ ਬਾਰੇ ਬਹੁਤਾ ਫਿਕਰ ਹੀ ਨਹੀਂ ਸੀ ਕੀਤਾ ਗਿਆ। ਫਿਰ ਸੋਚਿਆ ਜਾਣ ਲੱਗਾ ਕਿ ਇਸ ਪੰਛੀ ਨੂੰ ਦੁਬਾਰਾ ਯੂਕੇ ਦੇ ਆਸਮਾਨਾਂ ਵਿੱਚ ਲਿਆਂਦਾ ਜਾਵੇ। ਸਭ ਤੋਂ ਪਹਿਲਾਂ ਇਸ ਨੂੰ ਸਕੌਟਲੈਂਡ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਹੁਤੀ ਕਾਮਯਾਬੀ ਨਾ ਮਿਲੀ। ਜਿਵੇਂ ਜਿਵੇਂ ਪੰਛੀਆਂ ਬਾਰੇ ਮਨੁੱਖ ਦੀ ਸੋਝੀ ਵਧਦੀ ਗਈ ਤਾਂ ਗਾਇਬ ਹੋ ਰਹੀਆਂ ਨਸਲਾਂ ਨੂੰ ਮੁੜ ਯੂਕੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ। ਯੂਕੇ ਵਿੱਚ ਪੰਛੀਆਂ ਦੇ ਮੁੜ-ਵਸੇਬੇ ਲਈ ਕਈ ਵਿਭਾਗ ਬਣੇ ਹੋਏ ਹਨ ਜਿਵੇਂ ਕਿ ‘ਰੇਅਰ ਬਰੀਡਿੰਗ ਬਰਡਜ਼ ਪੈਨਲ’, ‘ਬਰਿਟਿਸ਼ ਟਰੱਸਟ ਫਾਰ ਔਰਨੀਥੋਲੋਜੀ’ ਆਦਿ। ਇਹਨਾਂ ਵਲੋਂ ਬਹੁਤ ਸਾਰੇ ਪੰਛੀਆਂ ਦੇ ਫਾਰਮ ਬਣੇ ਹੋਏ ਹਨ ਜਿਹਨਾਂ ਵਿੱਚ ਉਲੂ, ਬਾਜ਼ ਤੇ ਹੋਰ ਬਹੁਤ ਸਾਰੇ ਪੰਛੀਆਂ ਦੀ ਬਰੀਡਿੰਗ ਹੁੰਦੀ ਹੈ। ਇਹਨਾਂ ਦੀ ਨਸਲ ਕਾਇਮ ਰੱਖਣ ਦੇ ਇੰਤਜ਼ਾਮ ਕੀਤੇ ਜਾਂਦੇ ਹਨ ਪਰ ਚਿੱਟੀ ਪੂਛ ਵਾਲੇ ਬਾਜ਼ ਦੇ ਮਾਮਲੇ ਵਿੱਚ ਇਹ ਵਿਭਾਗ ਫੇਹਲ ਰਿਹਾ ਹੈ। ਇਸ ਪੰਛੀ ਨੂੰ ਹੋਰ ਦੇਸ਼ਾਂ ਵਿੱਚੋਂ ਲਿਆ ਕੇ ਯੂਕੇ ਵਿੱਚ ਛੱਡ ਤਾਂ ਦਿੱਤਾ ਜਾਂਦਾ ਹੈ ਪਰ ਇਸ ਦੀ ਨਸਲ ਨਹੀਂ ਵਧਦੀ। ਇਕ ਸੰਸਥਾ ਜਿਸ ਦਾ ਨਾਂ ਹੈ ‘ਦਾ ਰਾਏ ਡੈਨਿਸ ਵਾਈਲਡ ਲਾਈਫ ਫਾਊਂਡੇਸ਼ਨ’ ਤੇ ਇਕ ਹੋਰ ਸੰਸਥਾ ‘ਦਾ ਫੌਰੇਸਟਰੀ ਔਫ ਇੰਗਲੈਂਡ’ ਵਲੋਂ ਸਾਂਝੇ ਤੌਰ ‘ਤੇ ਇਕ ਪ੍ਰੋਜੈਕਟ ਤਿਆਰ ਕੀਤਾ ਗਿਆ ਕਿ ਇਸ ਪੰਛੀ ਨੂੰ ਮੁੜ ਕੇ ਯੂਕੇ ਦੀ ਧਰਤੀ ‘ਤੇ ਲਿਆਉਣ ਲਈ ਠੋਸ ਕਦਮ ਚੁੱਕੇ ਜਾਣ। ਪਹਿਲੀ ਸੰਸਥਾ ਦੇ ਸੰਚਾਲਕ ਰਾਏ ਡੈਨਿਸ ਨੇ ਤਾਂ ਆਪਣੀ ਸਾਰੀ ਉਮਰ ਇਸ ਪੰਛੀ ਨੂੰ ਮੁੜ ਯੂਕੇ ਵਿੱਚ ਲਿਆਉਣ ਦੀਆਂ ਕੋਸ਼ਿਸ਼ਾਂ ਵਿੱਚ ਹੀ ਲਾ ਦਿੱਤੀ ਹੈ, ਜਦ ਉਸ ਨੇ ਯੂਕੇ ਵਿੱਚ ਕੁਦਰਤੀ ਤੌਰ ‘ਤੇ ਮੁੜੇ ਚਿੱਟੀ ਪੂਛ ਵਾਲੇ ਬਾਜ਼ ਦੀ ਖ਼ਬਰ ਸੁਣੀ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਵੇਂ ਹੀ ‘ਦਾ ਫੌਰਿਸਟਰੀ ਔਫ ਇੰਗਲੈਂਡ’ ਦੇ ਸੰਚਾਲਕ ਬਰੂਸ ਰੌਥਨਿਕ ਨੇ ਵੀ ਇਸ ਪੰਛੀ ਦੇ ਕੁਦਰਤੀ ਮੁੜਨ ‘ਤੇ ਬਹੁਤ ਉਤਸ਼ਾਹ ਦਿਖਾਇਆ ਹੈ। ਇਸ ਖੁਸ਼ੀ ਦਾ ਕਾਰਨ ਇਹ ਵੀ ਹੈ ਕਿ ਇਸ ਪੰਛੀ ਨੂੰ ਹੋਰ ਦੇਸ਼ਾਂ ਤੋਂ ਲਿਆ ਕੇ ਯੂਕੇ ਵਿੱਚ ਵਸਾਉਣ ਦੀਆਂ ਕੋਸ਼ਿਸ਼ਾਂ ਬਹੁਤੀਆਂ ਕਾਮਯਾਬ ਨਹੀਂ ਰਹੀਆਂ। ੧੯੭੦ ਵਿੱਚ ਇਕ ਵਾਰ ਫਿਰ ਸਕੌਟਲੈਂਡ ਵਿੱਚ ਇਸ ਪੰਛੀ ਦੀ ਬਰੀਡਿੰਗ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ। ਸੰਨ ੧੯੭੫ ਤੋਂ ੮੫ ਤੱਕ ਇਸ ਨਸਲ ਦੇ ੮੨ ਪੰਛੀ ਲਿਆ ਕੇ ਇਥੇ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਤਾਂ ਸਾਇੰਸ ਦੀ ਤਰੱਕੀ ਦੇ ਹਿਸਾਬ ਨਾਲ ਪੰਛੀਆਂ ਦੇ ਜਾਨਵਰਾਂ ਦੇ ਟਰੈਕਰ ਲਾ ਦਿੱਤੇ ਜਾਂਦੇ ਹਨ ਜਿਸ ਨਾਲ ਉਹਨਾਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਦਾ ਰਹਿੰਦਾ ਹੈ ਜਿਸ ਨਾਲ ਉਹਨਾਂ ਦੇ ਸੁਭਾਅ ਤੇ ਆਦਤਾਂ ਨੂੰ ਸਮਝ ਕੇ ਉਹਨਾਂ ਨੂੰ ਢੁਕਵਾਂ ਮਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਪਿਛਲੇ ਕੁਝ ਸਾਲਾਂ ਤੋਂ ਆਈਯਲ ਔਫ ਵਾਈਟ ਨੂੰ ਇਸ ਪੰਛੀ ਦਾ ਘਰ ਬਣਾ ਕੇ ਇਸ ਨੂੰ ਪਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨਾਲ ਸਬੰਧਤ ਫਾਊਂਡੇਸ਼ਨ ਨੇ ਕੁਝ ਸਾਲ ਪਹਿਲਾਂ ਕੁਲ ਤੇਰਾਂ ਬਾਜ਼ ਲਿਆਂਦੇ ਸਨ। ਜਿਹਨਾਂ ਵਿੱਚੋਂ ਛੇ ਹਾਲੇ ਜਿਉਂਦੇ ਹਨ। ਤਿੰਨ ਮਰ ਗਏ ਤੇ ਬਾਕੀ ਦੇ ਗਾਇਬ ਹੋ ਗਏ।

ਵੈਸੇ ਤਾਂ ਇਹ ਪੰਛੀ ਜੋੜਿਆਂ ਵਿੱਚ ਰਹਿੰਦੇ ਹਨ ਤੇ ਜੋੜਾ ਰਲ਼ ਕੇ ਆਲ੍ਹਣਾ ਬਣਾਉਂਦਾ ਹੈ ਪਰ ਇਸ ਦਾ ਸੁਭਾਅ ਸਮਝਣ ਲਈ ਇਹਨਾਂ ਨੂੰ ਇਕ ਇਕ ਕਰਕੇ ਛੱਡਿਆ ਜਾ ਰਿਹਾ ਹੈ। ਹਰ ਪੰਛੀ ਨੂੰ ਇਕ ਨੰਬਰ ਦਿੱਤਾ ਜਾਂਦਾ ਹੈ ਜਿਵੇਂ ਕਿ ਜੀ੨੭੪, ਜੀ੩੧੮ ਬਗੈਰਾ। ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਹੈ, ਮਨੁੱਖਾਂ ਦੀਆਂ ਗਤੀਵਿਧੀਆਂ ਸੀਮਤ ਹੋ ਗਈਆਂ ਹਨ ਤਾਂ ਇਹ ਪੰਛੀ ਕੁਝ ਖੁੱਲ੍ਹਾਂ ਮਾਣ ਸਕਦਾ ਹੈ। ਪਿਛਲੇ ਮਹੀਨਿਆਂ ਵਿੱਚ ਛੱਡੇ ਗਏ ਇਹਨਾਂ ਪੰਛੀਆਂ ਵਿੱਚੋਂ ਕੋਈ ੨੬੫ ਮੀਲ ਦੀ ਉਡਾਰੀ ਭਰ ਕੇ ਵਾਪਸ ਆਪਣੇ ਟਿਕਾਣੇ ‘ਤੇ ਮੁੜ ਆਉਂਦਾ ਹੈ ਤੇ ਕੋਈ ਆਈਯਲ ਔਫ ਵਾਈਟ ਵਿੱਚ ਹੀ ਰਹਿੰਦਾ ਹੈ। ਇਕ ਬਾਜ਼ ਪੱਕੇ ਤੌਰ ‘ਤੇ ਯੌਰਕਸ਼ਾਇਰ ਵਿੱਚ ਵੀ ਸੈਟਲ ਹੋ ਗਿਆ ਹੈ। ਕੁਝ ਗੁਆਚ ਗਏ ਹਨ ਤੇ ਕੁਝ ਮਰੇ ਵੀ ਹਨ। ਇਕ ਬਾਜ਼ ਜਿਸ ਨੂੰ ਜਿਸ ਨੂੰ ਗੁੰਮ ਹੋਇਆ ਸਮਝਿਆ ਜਾ ਰਿਹਾ ਸੀ ਸਤਾਰਾਂ ਮਹੀਨੇ ਬਾਅਦ ਮੁੜ ਆਇਆ। ਇਹ ਪੰਛੀ ਪਬਲਿਕ ਵਿੱਚ ਬਹੁਤਾ ਨਜ਼ਰ ਨਹੀਂ ਆਉਂਦਾ। ਰਾਏ ਡੈਨਿਸ ਵਾਲਿਆਂ ਦਾ ਕਹਿਣਾ ਹੈ ਕਿ ਜੇ ਤੁਹਾਡੇ ਘਰ ਦੇ ਬਗੀਚੇ ਜਾਂ ਬਨੇਰੇ ਵਿੱਚ ਚਿੱਟੀ ਪੂਛ ਵਾਲਾ ਬਾਜ਼ ਨਜ਼ਰ ਆਵੇ ਤਾਂ ਇਸ ਖੁਸ਼ੀ ਦੀ ਖ਼ਬਰ ਨੂੰ ਉਹਨਾਂ ਦੀ ਸੰਸਥਾ ਨਾਲ ਇਕ ਦਮ ਸਾਂਝੀ ਕਰੋ। ਇਸ ਸੰਸਥਾ ਦਾ ਪ੍ਰੋਗਰਾਮ ਹੈ ਕਿ ਹਰ ਸਾਲ ਛੇ ਪੰਛੀ ਛੱਡਿਆ ਕਰਨਗੇ। ਹਾਲੇ ਤੱਕ ਇਹਨਾਂ ਨੇ ਯੂਕੇ ਵਿੱਚ ਕੋਈ ਆਲ੍ਹਣਾ ਨਹੀਂ ਬਣਾਇਆ ਪਰ ਫਿਰ ਵੀ ਉਮੀਦ ਹੈ ਕਿ ਅਗਲੇ ਤਿੰਨ ਚਾਰ ਸਾਲ ਤੱਕ ਚਿੱਟੀ ਪੂਛ ਵਾਲਾ ਬਾਜ਼ ਯੂਕੇ ਵਿੱਚ ਆਪਣੀ ਨਸਲ ਅੱਗੇ ਵਧਾਉਣ ਵਿੱਚ ਕਾਮਯਾਬ ਹੋ ਜਾਵੇਗਾ।



Kommentare


bottom of page