ਸਨੋਅ-ਮੈਨ
ਹਰਜੀਤ ਅਟਵਾਲ
ਬਰਫ ਪੈਂਦਿਆਂ ਦੇਖਣਾ, ਬਰਫ ਵਿੱਚ ਘੁੰਮਣਾ, ਬਰਫ ਵਿੱਚ ਖੇਡਣਾ ਇਹਨਾਂ ਸਭ ਦਾ ਆਪਣਾ ਹੀ ਨਜ਼ਾਰਾ ਹੁੰਦਾ ਹੈ। ਬਰਫ ਉਪਰ ਏਨੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਕਿ ਇਕ Eਲੰਪਿਕ ਵਿੱਚ ਨਹੀਂ ਸਮਾ ਸਕਦੀਆਂ। ਇਸ ਲਈ ਵਿੰਟਰ-Eਲੰਪਿਕ ਅਲੱਗ ਸ਼ੁਰੂ ਕਰਨ ਦੀ ਜ਼ਰੂਰਤ ਪੈਂਦੀ ਹੈ। ਇਵੇਂ ਬਰਫ ਦੇ ਬਹੁਤ ਸਾਰੇ ਅਨੰਦਾਂ ਵਿੱਚ ਇਕ ਅਨੰਦ ਹੈ-ਸਨੋਅ-ਮੈਨ ਬਣਾਉਣਾ। ਮੈਨੂੰ ਸਨੋਅ-ਮੈਨ ਬਣਾਉਣ ਦਾ ਪਹਿਲਾਂ ਤੋਂ ਹੀ ਬਹੁਤ ਸ਼ੌਂਕ ਰਿਹਾ ਹੈ ਪਰ ਅਫਸੋਸ ਕਿ ਬਹੁਤ ਸਾਲਾਂ ਤੋਂ ਲੰਡਨ ਵਿੱਚ ਬਰਫ ਹੀ ਨਹੀਂ ਪੈ ਰਹੀ।
ਜਿਸ ਸਾਲ ਮੈਂ ਇੰਗਲੈਂਡ ਆਇਆ ਉਹਨਾਂ ਸਰਦੀਆਂ ਵਿੱਚ ਬਹੁਤ ਬਰਫ ਪਈ ਸੀ। ਇਕ ਦਿਨ ਜਦ ਬਰਫ ਪੈਣ ਤੋਂ ਬਾਅਦ ਜ਼ਰਾ ਕੁ ਮੌਸਮ ਠੀਕ ਹੋਇਆ ਤਾਂ ਤਾਕੀ ਰਾਹੀਂ ਮੈਂ ਦੇਖਿਆ ਕਿ ਮੇਰਾ ਗਵਾਂਢੀ ਟੈੱਡ ਆਪਣੇ ਬੱਚਿਆਂ ਨੂੰ ਲੈ ਕੇ ਗਾਰਡਨ ਵਿੱਚ ਸਨੋਅ-ਮੈਨ ਬਣਾ ਰਿਹਾ ਹੈ। ਮੈਂ ਵੀ ਭਾਰੇ ਕਪੜੇ ਪਾਏ ਤੇ ਉਹਨਾਂ ਨੂੰ ਸਨੋਅ-ਮੈਨ ਬਣਾਉਂਦਿਆਂ ਦੇਖਣ ਲੱਗਾ। ਟੈੱਡ ਬੱਚਿਆਂ ਨੂੰ ਦੱਸ ਰਿਹਾ ਸੀ ਕਿ ਸਨੋਅ-ਮੈਨ ਬਣਾਉਣ ਲਈ ਬਰਫ ਦੇ ਦੋ ਗੋਲੇ ਬਣਾਏ ਜਾਂਦੇ ਹਨ, ਇਕ ਵੱਡਾ ਤੇ ਇਕ ਛੋਟਾ। ਛੋਟੇ ਦਾ ਮੂੰਹ ਤੇ ਵੱਡੇ ਦਾ ਧੜ। ਅਮਰੀਕਾ ਵਿੱਚ ਤਿੰਨ ਗੋਲਿਆਂ ਦਾ ਸਨੋਅ-ਮੈਨ ਬਣਾਉਣ ਦਾ ਰਿਵਾਜ ਹੈ। ਟੈੱਡ ਨੇ ਬੱਚਿਆਂ ਨਾਲ ਰਲ਼ ਕੇ ਬਰਫ ਇਕੱਠੀ ਕੀਤੀ। ਇਕ ਵੱਡਾ ਗੋਲਾ ਬਣਾਇਆ ਤੇ ਫਿਰ ਇਕ ਛੋਟਾ ਬਣਾ ਕੇ ਉਪਰ ਰੱਖ ਦਿੱਤਾ। ਉਪਰਲੇ ਗੋਲੇ ਵਿੱਚ ਅੱਖਾਂ ਥਾਵੇਂ ਦੋ ਕਾਲੇ ਬਟਣ ਲਾਏ, ਨੱਕ ਦੀ ਥਾਂ ਗਾਜਰ ਫਸਾ ਦਿੱਤੀ, ਇਵੇਂ ਹੀ ਮੂੰਹ ਕਿਸੇ ਕਾਲੀ ਜਿਹੀ ਚੀਜ਼ ਨਾਲ ਬਣਾ ਦਿੱਤਾ ਤੇ ਬਾਹਾਂ ਦੀ ਥਾਂ ਰੁੱਖ ਦੀਆਂ ਟਾਹਣੀਆਂ ਗੱਡ ਦਿੱਤੀਆਂ। ਬਸ, ਬਣ ਗਿਆ ਸਨੋਅ-ਮੈਨ। ਫਿਰ ਗਲ਼ ਵਿੱਚ ਸਕਾਰਫ ਪਾ ਦਿੱਤਾ ਤੇ ਸਿਰ ‘ਤੇ ਟੋਪੀ ਦੇ ਦਿੱਤੀ। ਮੂੰਹ ਵਿੱਚ ਕੋਈ ਪੁਰਾਣਾ ਜਿਹਾ ਤਮਾਖੂ-ਪਾਈਪ ਫਸਾ ਦਿੱਤਾ। ਬੱਚੇ ਖੁਸ਼ੀ ਵਿੱਚ ਤਾੜੀਆਂ ਮਾਰ ਰਹੇ ਸਨ। ਉਹਨਾਂ ਵੱਲ ਦੇਖ ਕੇ ਮੈਂ ਵੀ ਆਪਣੇ ਗਾਰਡਨ ਵਿੱਚ ਬਰਫ ਇਕੱਠੀ ਕਰ ਕੇ ਸਨੋਅ-ਮੈਨ ਬਣਾ ਲਿਆ। ਉਸ ਤੋਂ ਬਾਅਦ ਮੈਂ ਹਰ ਸਾਲ ਸਨੋਅ-ਮੈਨ ਬਣਾਉਂਦਾ ਰਿਹਾ ਹਾਂ। ਮੈਂ ਵੀ ਟੈੱਡ ਵਾਂਗ ਆਪਣੇ ਬੱਚਿਆਂ ਨੂੰ ਸਨੋਅ-ਮੈਨ ਬਣਾਉਣਾ ਸਿਖਾਇਆ ਸੀ। ਪਰ ਹੁਣ ਬਹੁਤ ਸਾਲਾਂ ਤੋਂ ਲੰਡਨ ਵਿੱਚ ਬਰਫ ਪੈਂਦੀ ਹੀ ਨਹੀਂ, ਜੇ ਪੈਂਦੀ ਵੀ ਹੈ ਤਾਂ ਸਨੋਅ-ਮੈਨ ਬਣਾਉਣ ਜੋਗੀ ਨਹੀਂ ਹੁੰਦੀ। ਸਨੋਅ-ਮੈਨ ਨਾ ਬਣਾ ਸਕਣ ਦਾ ਵਿਗੋਚਾ ਅੱਧਾ ਲੰਡਨ ਮਹਿਸੂਸ ਕਰ ਰਿਹਾ ਹੈ। ਭਲਿਆਂ ਵੇਲਿਆਂ ਵਿੱਚ ਲੰਡਨ ਵਿੱਚ ਬਰਫ ਪੈਣ ਦਾ ਸਮਾਂ ਅਕਤੂਬਰ ਤੋਂ ਮਾਰਚ ਤੱਕ ਦਾ ਸੀ। ਲੋਕ ਪਹਿਲੀ ਸਨੋਅ ‘ਤੇ ਹੀ ਸਨੋਅ-ਮੈਨ ਬਣਾਉਣੇ ਸ਼ੁਰੂ ਕਰ ਦਿੰਦੇ। ਮੀਂਹ ਜਾਂ ਮੌਸਮ ਬਦਲਣ ਨਾਲ ਇਹ ਖੁਰ ਵੀ ਜਾਂਦੇ ਪਰ ਲੋਕ ਫਿਰ ਬਣਾ ਲੈਂਦੇ। ਪਾਰਕਾਂ ਵਿੱਚ, ਘਰਾਂ ਦੇ ਫਰੰਟ ਗਾਰਡਨ ਜਾਂ ਪਿਛਲੇ ਗਾਰਡਨ ਵਿੱਚ ਜਾਣੀ ਕਿ ਥਾਂ ਥਾਂ ਤੁਹਾਨੂੰ ਸਨੋਅ-ਮੈਨ ਖੜੇ ਦਿਸਦੇ। ਸਰਦੀਆਂ ਨੂੰ ਹਰ ਕੋਈ ਕਲਾਕਾਰ ਬਣ ਜਾਂਦਾ ਤੇ ਇਕ ਦੂਜੇ ਤੋਂ ਵਧੀਆ ਸਨੋਅ-ਮੈਨ ਬਣਾ ਕੇ ਆਪਣੀ ਕਲਾ ਦਾ ਜੌਹਰ ਦਿਖਾਉਣ ਦੀ ਕੋਸਿ਼ਸ਼ ਕਰਦਾ। ਹੁਣ ਕਈ ਸਾਲਾਂ ਤੋਂ ਲੰਡਨ ਇਸ ਕਲਾ ਤੋਂ ਮਹਿਰੂਮ ਹੈ।
ਸਨੋਅ-ਮੈਨ ਬਰਫ ਦਾ ਬਣਾਇਆ ਜਾਣ ਵਾਲਾ ਸਕਰੱਪਲਚਰ ਜਾਂ ਬੁੱਤ ਹੈ। ਇਹ ਉਹਨਾਂ ਇਲਾਕਿਆਂ ਵਿੱਚ ਪ੍ਰਚੱਲਤ ਹੈ ਜਿਹਨਾਂ ਵਿੱਚ ਕਾਫੀ ਮਾਤਰਾ ਵਿੱਚ ਬਰਫ ਪੈਂਦੀ ਹੈ। ਸਨੋਅ-ਮੈਨ ਇਹਨਾਂ ਮੁਲਕਾਂ ਦੇ ਸਰਦ ਮੌਸਮ ਦੇ ਜਸ਼ਨ ਦਾ ਪ੍ਰਤੀਕ ਹੈ ਤੇ ਸਭਿਅਚਾਰ ਦਾ ਹਿੱਸਾ ਵੀ। ਕ੍ਰਿਸਮਸ ਦੀ ਵੀ ਇਹ ਨਿਸ਼ਾਨੀ ਹੈ। ਤੁਸੀਂ ਕ੍ਰਿਸਮਸ ਦੇ ਕਾਰਡਾਂ ਉਪਰ ਸਨੋਅ-ਮੈਨ ਦੀ ਫੋਟੋ ਦੇਖੀ ਹੀ ਹੋਵੇਗੀ। ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਸਨੋਅ-ਮੈਨ ਦੇ ਦੁਆਲੇ ਇਕੱਠੇ ਹੋ ਕੇ ਲੋਕ ਕ੍ਰਿਮਸ ਦੇ ਗੀਤ ਵੀ ਗਾਉਂਦੇ ਹਨ ਜਿਵੇਂ ਅਸੀਂ ਅੱਗ ਦੁਆਲੇ ਲੋਹੜੀ ਗਾਉਂਦੇ ਹਾਂ।
ਇਸ ਬਾਰੇ ਲਿਖਤੀ ਰੂਪ ਵਿੱਚ ਬਹੁਤਾ ਪਤਾ ਨਹੀਂ ਚਲਦਾ ਕਿ ਸਨੋਅ-ਮੈਨ ਬਣਾਏ ਜਾਣ ਦਾ ਰਿਵਾਜ ਕਦੋਂ ਕੁ ਤੋਂ ਪਿਆ। ਬੌਬ ਏਕਸਟੀਨ ਨੇ ਇਕ ਕਿਤਾਬ ਲਿਖੀ ਹੈ- ‘ਦਾ ਹਿਸਟਰੀ ਔਫ ਸਨੋਅ-ਮੈਨ’, ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਸਨੋਅ-ਮੈਨ ਬਣਾਉਣ ਦਾ ਰਿਵਾਜ ਮੱਧ-ਯੁੱਗ ਤੋਂ ਪਹਿਲਾਂ ਦਾ ਹੈ। ਯੌਰਪ ਦੀਆਂ ਕੁਝ ਲਾਇਬ੍ਰੇਰੀਆਂ ਤੇ ਗੈਲਰੀਆਂ ਵਿੱਚ ਸਨੋਅ-ਮੈਨ ਦੇ ਪੋਰਟਰੇਟ ਆਦਿ ਮਿਲਦੇ ਹਨ। ਇਸ ਦਾ ਸਭ ਤੋਂ ਪਹਿਲਾ ਜਿ਼ਕਰ ਚੌਧਵੀਂ ਸਦੀ ਦੀ ਇਕ ਕਿਤਾਬ ਵਿੱਚ ਮਿਲਦਾ ਹੈ ਜੋ ਹੇਗ ਵਿੱਚੋਂ ਮਿਲੀ ਸੀ। ਬਣਾਏ ਹੋਏ ਸਨੋਅ-ਮੈਨ ਦੀ ਪਹਿਲੀ ਫੋਟੋ ਮੈਰੀ ਡਿਲਵਿਨ ਨਾਂ ਦੀ ਇਕ ਵੈਲਸ਼ ਫੋਟੋਗ੍ਰਾਫਰ ਨੇ 1853 ਵਿੱਚ ਖਿਚੀ। ਉਹਨਾਂ ਦਿਨਾਂ ਵਿੱਚ ਹਾਲੇ ਕੈਮਰੇ ਈਜਾਦ ਹੀ ਹੋਏ ਸਨ। ਇਹ ਫੋਟੋ ਨੈਸ਼ਨਲ ਲਾਇਬ੍ਰੇਰੀ ਵੇਲਜ਼ ਵਿੱਚ ਪਈ ਹੈ। 1867 ਦੀ ਖਿੱਚੀ ਇਕ ਤਸਵੀਰ ਵੀ ਮਿਲਦੀ ਹੈ ਜਿਸ ਵਿੱਚ ਸਨੋਅ-ਮੈਨ ਦੇ ਨਾਲ ਉਸ ਦਾ ਪਰਿਵਾਰ ਵੀ ਹਾਜ਼ਰ ਹੈ। ਭਾਵ ਉਸ ਦੀ ਪਤਨੀ ਤੇ ਬੱਚਿਆਂ ਦੇ ਬਰਫ ਦੇ ਬੁੱਤ ਵੀ ਬਣਾਏ ਹੋਏ ਹਨ। ਕਲਾਕਾਰ ਦੀ ਕਲਪਨਾ ਕਿਧਰੇ ਵੀ ਉਡਾਰੀ ਮਾਰ ਸਕਦੀ ਹੈ। ਕਲਾਕਾਰਾਂ ਨੇ ਸਨੋਅ-ਮੈਨ ਨੂੰ ਬਰਫ ਦੇ ਬੱੁਤ ਬਣਾਉਣ ਵਿੱਚ ਹੀ ਨਹੀਂ ਵਰਤਿਆ ਸਗੋਂ ਫਿਲਮਾਂ, ਗੀਤਾਂ, ਕਹਾਣੀਆਂ ਵਿੱਚ ਵੀ ਕਿਰਦਾਰ ਬਣਾ ਕੇ ਵੀ ਇਸ ਦੀ ਭਰਪੂਰ ਪੇਸ਼ਕਾਰੀ ਕੀਤੀ ਹੈ। ਕਿਸੇ ਨੇ ਆਪਣੀ ਲਿਖਤ ਵਿੱਚ ਸਨੋਅ-ਮੈਨ ਦਾ ਨਾਂ ਫਰੌਸਟੀ ਰੱਖਿਆ ਤੇ ਫਿਰ ਇਸੇ ਨਾਂ ਦਾ ਗੀਤ ਵੀ ਬਣਿਆਂ- ‘ਫਰੌਸਟੀ ਦਾ ਸਨੋਅ-ਮੈਨ’ ਜੋ ਆਪਣੇ ਵੇਲੇ ਬਹੁਤ ਮਸ਼ਹੂਰ ਹੋਇਆ। ਫਿਰ ਇਸੇ ਕਿਰਦਾਰ ਨੂੰ ਇਕ ਫਿਲਮ ਵਿੱਚ ਵੀ ਲਿਆਂਦਾ ਗਿਆ ਜਿਸ ਵਿੱਚ ਜਾਦੂ ਨਾਲ ਇਸ ਨੂੰ ਜਿਉਂਦਾ ਕਰ ਲਿਆ ਜਾਂਦਾ ਹੈ। ਯੌਰਪ ਵਿੱਚ ਇਸ ਨੂੰ ਲੈ ਕੇ ਬਹੁਤ ਸਾਰੀਆਂ ਐਨੀਮੇਟਿਡ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ ਜੋ ਕਿ ਬੱਚਿਆਂ ਵਿੱਚ ਬਹੁਤ ਪ੍ਰਚੱਲਤ ਹੋਈਆਂ। ਸਨੋਅ-ਮੈਨ ਬਾਰੇ ਇਕ ਪੂਰੀ ਫੀਚਰ ਫਿਲਮ ਬਣੀ ਜਿਸ ਵਿੱਚ ਇਸ ਦਾ ਨਾਂ ‘ਚਿੱਲੀ’ ਰੱਖਿਆ ਗਿਆ ਸੀ।
1996 ਵਿੱਚ ਜੈਕ ਫਰੌਸਟ ਨੇ ਇਕ ਫਿਲਮ ਬਣਾਈ ਜਿਸ ਵਿੱਚ ਇਕ ਖਤਰਨਾਕ ਕਾਤਲ ਆਪਣੇ ਆਪ ਨੂੰ ਸਨੋਅ-ਮੈਨ ਵਿੱਚ ਤਬਦੀਲ ਕਰ ਲੈਂਦਾ ਹੈ। ਫਿਰ ਉਸ ਨੇ ਇਕ ਹੋਰ ਫਿਲਮ ਬਣਾਈ ਜਿਸ ਵਿੱਚ ਐਕਟਰ ਮਾਈਕਲ ਕੀਟਨ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ, ਬਾਅਦ ਵਿੱਚ ਉਹ ਸਨੋਅ-ਮੈਨ ਬਣ ਕੇ ਜਾਗਦਾ ਹੈ। ਇਕ ਹੋਰ ਫਿਲਮ ਵੀ ਆਈ ਜਿਸ ਵਿੱਚ ਜੌਨੀ ਨਾਂ ਦਾ ਸਨੋਅ-ਮੈਨ ਆਈਸਕਰੀਮ ਵੇਚਦਾ ਹੈ। ਫਿਲਮ ‘ਦਾ ਸਨੋਅ-ਮੈਨ’ ਵਿੱਚ ਇਕ ਮੁੰਡਾ ਸਨੋਅ-ਮੈਨ ਬਣਾਉਂਦਾ ਹੈ, ਉਸ ਸਨੋਅ-ਮੈਨ ਵਿੱਚ ਜਾਨ ਪੈ ਜਾਂਦੀ ਹੈ ਤੇ ਉਹ ਮੁੰਡੇ ਨੂੰ ਨੌਰਥ-ਪੋਲ ਦੀ ਸੈਰ ਕਰਾਉਂਦਾ ਹੈ। ਡੈਨਿਸ ਜੁਰਜੈਂਸਨ ਦੀ ਇਕ ਡਰਾਉਣੀ ਕਹਾਣੀ ਵਾਲੀ ਫਿਲਮ ਵਿੱਚ ਇਕ ਮੁੰਡਾ ਫਰੀਜ਼ਰ ਵਿੱਚ ਬੰਦ ਹੋ ਜਾਂਦਾ ਹੈ ਤੇ ਸਨੋਅ-ਮੈਨ ਬਣਕੇ ਬਾਹਰ ਨਿਕਲਦਾ ਹੈ। 2013 ਵਿੱਚ ਆਈ ਫਿਲਮ ‘ਫਰੋਜ਼ਨ’ ਵਿੱਚ ਇਕ ਸਨੋਅ-ਮੈਨ ਦਾ ਕਿਰਦਾਰ ਹੈ ਜੋ ਗਰਮੀਆਂ ਦੇਖਣ ਨੂੰ ਤਰਸਦਾ ਹੈ। ਇਸ ਵਿੱਚ ਇਕ ਗੀਤ ਵੀ ਹੈ, ‘ਡੂ ਯੂ ਵੌਂਟ ਟੂ ਬਿਲਡ ਏ ਸਨੋਅ-ਮੈਨ?’
ਸਨੋਅ-ਮੈਨ ਨੂੰ ਕਲਾਕਾਰਾਂ ਨੇ ਆਪੋ ਆਪਣੀ ਕਲਪਨਾ ਦੇ ਹਿਸਾਬ ਨਾਲ ਕਿਰਦਾਰ ਬਣਾਇਆ ਹੈ, ਕਿਸੇ ਨੇ ਡਰਾਉਣਾ, ਕਿਸੇ ਨੇ ਹਸਾਉਣਾ ਤੇ ਕਿਸੇ ਨੇ ਕੁਝ ਹੋਰ। ਸਨੋਅ-ਮੈਨ ਨੂੰ ਥੀਮ ਦੇ ਤੌਰ ‘ਤੇ ਵੀ ਬਹੁਤ ਵਰਤਿਆ ਗਿਆ ਹੈ। ਖਿਡਾਉਣੇ, ਡੈਕੋਰੇਸ਼ਨ, ਕੌਸਚੂਐਮ, ਚਾਕਲੇਟ, ਸਵੀਟਾਂ, ਆਈਸਕਰੀਮ ਤੇ ਪਤਾ ਨਹੀਂ ਹੋਰ ਕੀ ਕੀ ਇਸ ਨੂੰ ਲੈ ਕੇ ਬਣਾਏ ਹਨ।
ਲੋਕ ਸਨੋਅ-ਮੈਨ ਬਣਾਉਣ ਦਾ ਮੁਕਾਬਲਾ ਵੀ ਕਰਦੇ ਹਨ। 2015 ਵਿੱਚ ਅਮਰੀਕਾ ਵਿੱਚ ਬਣਾਇਆ 22 ਫੁੱਟ ਉੱਚਾ ਤੇ 12 ਫੁੱਟ ਚੌੜਾ ਸਨੋਅ-ਮੈਨ ਬਹੁਤ ਖਿੱਚ ਦਾ ਕਾਰਨ ਰਿਹਾ। 2008 ਵਿੱਚ ਬੇਥੇਲ, ਮਾਇਨੇ (ਅਮਰੀਕਨ ਸਟੇਟ) ਵਿੱਚ ਸਭ ਤੋਂ ਉੱਚੀ ਇਕ ਸਨੋਅ-ਵੋਮੈਨ ਬਣਾਈ ਗਈ ਜੋ 122 ਫੁੱਟ ਤੇ 1 ਇੰਚ ਉੱਚੀ ਸੀ। ਇਸ ਦਾ ਨਾਂ Eਲੰਪੀਆ ਸਨੋਈ ਰੱਖਿਆ ਗਿਆ। ਇਸੇ ਨਾਂ ਦੀ ਉਸ ਇਲਾਕੇ ਦੀ ਅਮਰੀਕਾ ਦੀ ਸੈਨੇਟਰ ਹੁੰਦੀ ਸੀ, ਉਸੇ ਨੂੰ ਸ਼ਰਧਾਂਜਲੀ ਸੀ ਇਹ। ਇਸ ਤੋਂ ਪਹਿਲਾਂ 1999 ਵਿੱਚ ਵੀ ਉਸੇ ਸ਼ਹਿਰ ਹੀ ਰਿਕਾਰਡ ਉੱਚਾ ਸਨੋਅ-ਮੈਨ ਬਣਾਇਆ ਗਿਆ ਸੀ ਜਿਸ ਦੀ ਉਚਾਈ 113 ਫੁੱਟ, 7 ਇੰਚ ਸੀ ਤੇ ਇਸ ਦਾ ਭਾਰ ਚਾਰ ਹਜ਼ਾਰ ਟਨ ਤੋਂ ਵੀ ਵੱਧ ਸੀ। ਇਸ ਦਾ ਨਾਂ ਉਸ ਸਟੇਟ ਦੇ ਗਵਰਨਰ ਐਂਗੁਸ ਕਿੰਗ ਦੇ ਮਾਣ ਵਿੱਚ ਉਸ ਨਾਂ ‘ਤੇ ‘ਐਂਗੁਸ, ਕਿੰਗ ਔਫ ਦਾ ਮਾਊਂਟੇਨ’ ਰੱਖਿਆ ਸੀ। ਇਵੇਂ ਹੀ ਅਲਾਸਕਾ ਦੇ ਇਲਾਕੇ ਵਿੱਚ ਹਰ ਸਾਲ ਸਨੋਅ-ਜਿ਼ਲਾ ਨਾਂ ਦਾ ਇਕ ਵੱਡਾ ਸਨੋਅ-ਮੈਨ ਬਣਾਇਆ ਜਾਂਦਾ ਹੈ। ਜਿਵੇਂ ਵੱਡੇ ਵੱਡੇ ਸਨੋਅ-ਮੈਨ ਬਣਾਉਣ ਦਾ ਰਿਵਾਜ ਹੈ ਇਵੇਂ ਹੈ ਨਿੱਕੇ ਨਿੱਕੇ ਨਾਨੋ ਸਨੋਅ-ਮੈਨ ਵੀ ਬਣਾਏ ਜਾਂਦੇ ਹਨ।
ਜਪਾਨ ਵਿੱਚ ਵੀ ਸਨੋਅ-ਮੈਨ ਬਣਾਉਣ ਦੀ ਪ੍ਰੰਪਰਾ ਹੈ। ਉਥੇ ਇਸ ਨੂੰ ਯੁਕੀਡਰੁਮਾ ਕਹਿੰਦੇ ਹਨ। ਉਥੇ ਆਮ ਤੌਰ ‘ਤੇ ਖਰਗੋਸ਼ ਦਾ ਸਨੋਅ-ਰੈਬਿਟ ਬਣਾਉਂਦੇ ਹਨ। ਵੈਸੇ ਦਨੀਆਂ ਭਰ ਦੇ ਪਾਰਕਾਂ ਵਿੱਚ ਨਵੇਂ ਤੋਂ ਨਵੇਂ ਤੇ ਅਦੁਭੁੱਤ ਸਨੋਅ ਦੇ ਬੁੱਤ ਬਣਾਏ ਜਾਂਦੇ ਹਨ। ਕੋਈ ਕਾਰ ਬਣਾ ਕੇ ਆਪਣੀ ਕਲਾ ਦਾ ਜੌਹਰ ਦਿਖਾਉਂਦਾ ਹੈ ਤੇ ਕੋਈ ਜਹਾਜ਼ ਬਣਾ ਕੇ ਤੇ ਕੋਈ ਪਿਆਰ ਕਰਦੇ ਜੋੜੇ ਤੇ ਕੋਈ ਹੋਰ ਕੁਝ। ਲੰਡਨ ਵਿੱਚ ਵਿਚਰਦਿਆਂ ਇਹ ਸਾਰੇ ਦੇਖਣ ਨੂੰ ਬਹੁਤ ਸੁੰਦਰ ਲੱਗਦੇ ਹਨ। ਦੁੱਖ ਉਸ ਵੇਲੇ ਹੁੰਦਾ ਹੈ ਜਦ ਬਰਫ ਪਿਘਲਣ ਲੱਗਦੀ ਹੈ ਤੇ ਇਹ ਵੀ ਗਾਇਬ ਹੋਣੇ ਸ਼ੁਰੂ ਹੋ ਜਾਂਦੇ ਹਨ।
ਇਸ ਸਾਲ ਹਾਲੇ ਤੱਕ ਤਾਂ ਬਰਫ ਪੈਣ ਦੇ ਆਸਰ ਨਹੀਂ ਹਨ ਪਰ ਮੌਸਮ ਦਾ ਪਤਾ ਕੁਝ ਨਹੀਂ। ਜੇ ਇਹ ਲੇਖ ਛਪਣ ਤੱਕ ਲੰਡਨ ਵਿੱਚ ਬਰਫ ਪੈ ਗਈ ਤਾਂ ਮੈਂ ਆਪਣੇ ਗਾਰਡਨ ਵਿੱਚ ਸਨੋਅ-ਮੈਨ ਜ਼ਰੂਰ ਬਣਾ ਚੁੱਕਿਆ ਹੋਵਾਂਗਾ ਨਹੀਂ ਤਾਂ ਅਗਲੇ ਸਾਲ ਬਰਫ ਦੀ ਉਡੀਕ ਕਰਾਂਗਾ।
Kommentit