ਯੂæ ਕੇ ਦਾ ਬਲੈਕ ਹਿਸਟਰੀ ਮਹੀਨਾ /
ਹਰਜੀਤ ਅਟਵਾਲ /
ਲੰਘਿਆ ਮਹੀਨਾ ਅਕਤੂਬਰ ਬ੍ਰਤਾਨੀਆ ਦੇ ਅੱਜ ਦੇ ਇਤਿਹਾਸ ਵਿੱਚ ਬਹੁਤ ਅਹਿਮ ਮਹੀਨਾ ਹੈ। ਇਹ ਮਹੀਨਾ ਅਫਰੀਕਨ ਤੇ ਕਰੈਬੀਅਨ ਲੋਕਾਂ ਦੀ ਬ੍ਰਤਾਨੀਆ ਵਿੱਚ ਹੋਂਦ ਦੇ ਜਸ਼ਨ ਦੇ ਰੂਪ ਵਿੱਚ ਹਰ ਸਾਲ ਹੀ ਪੂਰੇ ਜੋਸ਼-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਕਾਲ਼ੀ ਨਸਲ ਦੇ ਲੋਕਾਂ ਦਾ ਬ੍ਰਤਾਨੀਆ ਦੇ ਸਮਾਜ, ਸਭਿਆਚਾਰ, ਆਰਥਿਕ ਵਿਵਸਥਾ, ਇਤਿਹਾਸ ਨੂੰ ਬਹੁਤ ਦੇਣ ਹੈ। ਪਰ ਇਤਿਹਾਸ ਵਿੱਚ ਇਹਨਾਂ (ਕਾਲ਼ੀ ਨਸਲ ਦੇ) ਲੋਕਾਂ ਨਾਲ ਕੀ ਵਾਪਰਿਆ ਹੈ, ਇਸ ਦੀ ਚਰਚਾ ਕੀਤੇ ਬਿਨਾਂ ਇਸ ਮਹੀਨੇ ਦੀ ਅਹਿਮੀਅਤ ਨਹੀਂ ਬਣਦੀ। ਚਿੱਟੀ ਨਸਲ ਦੇ ਲੋਕਾਂ ਨੇ ਦੁਨੀਆ ਭਰ ਦੀਆਂ ਦੂਜੀਆਂ ਨਸਲਾਂ ਉਪਰ ਬਹੁਤ ਜ਼ੁਲਮ ਕੀਤੇ ਹਨ। ਜ਼ੁਲਮ ਕਰਨ ਵਾਲੇ ਇਹਨਾਂ ਲੋਕਾਂ ਵਿੱਚੋਂ ਬਹੁਤਿਆਂ ਦੀਆਂ ਜੜ੍ਹਾਂ ਬ੍ਰਤਾਨੀਆ ਨਾਲ ਹੀ ਜੁੜਦੀਆਂ ਹਨ। ਅਮਰੀਕਾ, ਕਨੇਡਾ, ਨਿਊਜ਼ੀਲੈਂਡ, ਅਸਟਰੇਲੀਆ ਵਰਗੇ ਮੁਲਕਾਂ ਦੇ ਮੂਲਵਾਸੀਆਂ ਦੀਆਂ ਨਸਲਾਂ ਤਾਂ ਤਕਰੀਬਨ ਤਬਾਹ ਹੀ ਕਰ ਦਿੱਤੀਆਂ ਗਈਆਂ ਹਨ ਪਰ ਕਾਲ਼ੀ ਨਸਲ ਦੇ ਲੋਕ ਗਿਣਤੀ ਵਿੱਚ ਜ਼ਿਆਦਾ ਹੋਣ ਕਰਕੇ ਬਚ ਗਏ। ਅੱਜ ਆਪਣੇ ਬਿਜ਼ੁਰਗਾਂ ਉਪਰ ਹੋਏ ਜ਼ੁਲਮਾਂ ਨੂੰ ਚੇਤੇ ਕਰਨ ਤੇ ਬਾਕੀ ਦੀ ਦੁਨੀਆ ਨੂੰ ਚੇਤੇ ਕਰਾਉਣ ਲਈ ਕਾਇਮ ਹਨ। ਇਸ ਕੰਮ ਲਈ ਅਕਤੂਬਰ ਦਾ ਮਹੀਨਾ ਤੈਅ ਕੀਤਾ ਹੋਇਆ ਹੈ। ਹਰ ਸਾਲ ਅਕਤੂਬਰ ਵਿੱਚ ਬਲੈਕ ਹਿਸਟਰੀ ਮਹੀਨਾ ਮਨਾ ਕੇ ਉਹ ਸਭ ਚੇਤੇ ਕੀਤਾ ਕਰਾਇਆ ਜਾਂਦਾ ਹੈ ਜੋ ਨਹੀਂ ਸੀ ਵਾਪਰਨਾ ਚਾਹੀਦਾ।
ਵੈਸੇ ਤਾਂ ਗੁਲਾਮ ਵਿਵਸਥਾ ਅਰਬ ਮੁਲਕਾਂ ਤੋਂ ਸ਼ੁਰੂ ਹੁੰਦੀ ਹੈ। ਪਰ ਜਦ ਗੋਰੀ ਨਸਲ ਦੀਆਂ ਕੌਮਾਂ ਦੀ ਚੜ੍ਹਤ ਦਾ ਦੌਰ ਸ਼ੁਰੂ ਹੋਇਆ ਤਾਂ ਉਹਨਾਂ ਨੇ ਅਫਰੀਕਨਾਂ ਨੂੰ ਗੁਲਾਮ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਦਾ ਗੁਲਾਮ ਬਣਾਉਣ ਦਾ ਤਰੀਕਾ ਕਾਲ਼ੇ ਰੰਗ ਦੇ ਇਨਸਾਨਾਂ ਦਾ ਜਾਨਵਰਾਂ ਵਾਂਗ ਸ਼ਿਕਾਰ ਕਰ ਕੇ, ਫੜ ਕੇ ਪਿੰਜਰੇ ਵਿੱਚ ਪਾ ਲੈਣਾ ਹੁੰਦਾ ਸੀ। ਫਿਰ ਉਹਨਾਂ ਨੂੰ ਅੱਗੇ ਮੰਡੀਆਂ ਵਿੱਚ ਲੈ ਜਾ ਕੇ ਵੇਚ ਦਿੱਤਾ ਜਾਂਦਾ। ਬੰਦੇ ਦੀ ਸਿਹਤ ਅਨੁਸਾਰ ਕੀਮਤ ਲੱਗਦੀ ਜਿਵੇਂ ਬੌਲਦਾਂ/ਘੋੜਿਆਂ ਦੀ ਲਗਦੀ ਹੈ, ਇਹਨਾਂ ਦੀ ਬੋਲੀ ਹੁੰਦੀ, ਇਹਨਾਂ ਦੇ ਗੋਰੇ ਮਾਲਕ ਇਕ ਦੂਜੇ ਤੋਂ ਵੱਧ ਕੇ ਕੀਮਤ ਲਗਾਉਂਦੇ। ਇਹਨਾਂ ਤੋਂ ਉਮਰ ਭਰ ਮੁਫਤ ਦੀ ਮੁਸ਼ਕੱਤ ਕਰਵਾਈ ਜਾਂਦੀ। ਜਾਨਵਰਾਂ ਵਾਂਗ ਹੀ ਇਹਨਾਂ ਨੂੰ ਅੱਗੇ ਤੋਂ ਅੱਗੇ ਵੇਚ ਵੀ ਦਿੱਤਾ ਜਾਂਦਾ। ਇਹ ਕੰਮ ਚਾਰ-ਪੰਜ ਸੌ ਚਲਦਾ ਰਿਹਾ। ਬਹੁਤ ਸਾਰੇ ਗੋਰੇ ਇੰਜ ਕਾਲ਼ੇ ਇਨਸਾਨਾਂ ਨੂੰ ਬੰਦੀ ਬਣਾ ਕੇ ਤੇ ਵੇਚ ਕੇ ਲੱਖਾਂਪਤੀ ਬਣ ਗਏ। ਇਹ ਸਭ ਇਤਿਹਾਸ ਵਿੱਚ ਪਿਆ ਹੈ। ਅੰਗਰੇਜ਼ਾਂ ਵਿੱਚ ਅਜਿਹੇ ਲੋਕਾਂ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ। ਇਹਨਾਂ ਲੋਕਾਂ ਦੇ ਕਈ ਥਾਂ ਬੁੱਤ ਵੀ ਲਗਾਏ ਜਾਂਦੇ। ਪਿਛਲੇ ਮਹੀਨਿਆਂ ਇੰਗਲੈਂਡ ਦੇ ਸ਼ਹਿਰ ਬ੍ਰਿਸਟਲ ਵਿੱਚ ਐਡਵਰਡ ਕੋਲਸਟਨ ਦੇ ਤੋੜੇ ਗਏ ਬੁੱਤ ਪਿੱਛੇ ਇਹੋ ਇਤਿਹਾਸ ਖੜਾ ਸੀ। ਐਡਵਰਡ ਕੋਲਸਟਨ ਨੇ ਹਜ਼ਾਰਾਂ ਅਫਰੀਕਨਾਂ ਦਾ ਸ਼ਿਕਾਰ ਕਰ ਕੇ ਗੁਲਾਮ ਬਣਾਇਆ ਤੇ ਉਹਨਾਂ ਨੂੰ ਅੱਗੇ ਵੇਚ ਕੇ ਬਹੁਤ ਸਾਰੇ ਪੈਸੇ ਕਮਾਏ ਤੇ ਬ੍ਰਿਸਟਲ ਸ਼ਹਿਰ ਵਿੱਚ ਅਨੇਕਾਂ ਜਾਇਦਾਦਾਂ ਬਣਾਈਆਂ। ਸ਼ਹਿਰ ਵਾਸੀਆਂ ਨੇ ਉਸ ਦੇ 'ਮਹਾਨ ਕੰਮ' ਨੂੰ ਚੇਤੇ ਰੱਖਣ ਲਈ ਸ਼ਹਿਰ ਦੀ ਪ੍ਰਮੁੱਖ ਥਾਂ 'ਤੇ ਉਸ ਦਾ ਬੁੱਤ ਲਾ ਦਿੱਤਾ। ਇਸੇ ਬੁੱਤ ਨੂੰ ਪਿਛਲੇ ਜੂਨ ਵਿੱਚ ਤੋੜ ਦਿੱਤਾ ਗਿਆ ਸੀ। ਇਹ ਬਲੈਕ ਹਿਸਟਰੀ ਨੂੰ ਚੇਤੇ ਰੱਖਣ/ਰਖਾਉਣ ਅਧੀਨ ਹੀ ਹੋਇਆ ਸੀ। ਹਾਲੇ ਵੀ ਉਸ ਬੁੱਤ ਵਾਂਗ ਹੋਰ ਵੀ ਇੰਗਲੈਂਡ ਵਿੱਚ ਬਹੁਤ ਸਾਰੇ ਅਜਿਹੇ ਬੁੱਤ ਹਨ ਜਿਹਨਾਂ ਨੂੰ ਉਥੋਂ ਹਟਾ ਦਿੱਤੇ ਜਾਣ ਦੀ ਲੋੜ ਹੈ।
ਕਾਲੇæ ਲੋਕਾਂ ਦੀ ਬ੍ਰਤਾਨੀਆ ਵਿੱਚ ਹਾਜ਼ਰੀ ਬਾਰੇ ਸਹੀ ਕੁਝ ਨਹੀਂ ਪਤਾ ਪਰ ਇੰਗਲੈਂਡ ਦੀਆਂ ਚੈਡਰ ਗੁਫਾਵਾਂ, ਜਿਹਨਾਂ ਨੂੰ ਹਜ਼ਾਰਾਂ ਸਾਲ ਪੁਰਾਣੀਆਂ ਕਿਹਾ ਜਾਂਦਾ ਹੈ, ਵਿੱਚੋਂ ਬਹੁਤ ਸਾਰੇ ਇਨਸਾਨੀ ਹੱਡੀਆਂ ਦੇ ਢਾਂਚੇ ਮਿਲੇ ਸਨ ਉਹਨਾਂ ਵਿੱਚ ਇਕ ਢਾਂਚਾ ਕਾਲ਼ੇ ਰੰਗ ਦੇ ਬੰਦੇ ਦਾ ਵੀ ਸੀ ਜਿਸ ਨੂੰ 'ਚੈਡਰ ਮੈਨ' ਦਾ ਨਾਂ ਦਿੱਤਾ ਗਿਆ ਸੀ। ਭਾਰਤੀ ਲੋਕਾਂ ਦੀ ਇਸ ਮੁਲਕ ਵਿੱਚ ਹਾਜ਼ਰੀ ਬਾਰੇ ਇਕ ਅਲੱਗ ਲੇਖ ਵਿੱਚ ਗੱਲ ਕਰਾਂਗਾ, ਸਾਡੇ ਵਾਂਗ ਕਾਲ਼ੇ ਵੀ ਸੋਲਵੀਂ-ਸਤਾਰਵੀਂ ਸਦੀ ਤੋਂ ਹੀ ਬ੍ਰਤਾਨੀਆ ਵਿੱਚ ਆਏ ਸਨ। ਇਹ ਗੁਲਾਮ ਬਣਾ ਕੇ ਵੀ ਲਿਆਂਦੇ ਗਏ ਤੇ ਨੌਕਰ ਬਣਾ ਕੇ ਵੀ। ਫਿਰ ਫੈਕਟਰੀਆਂ ਵਿੱਚ ਗੰਦੇ ਕੰਮ ਕਰਨ ਲਈ ਵੀ। ਅਫਰੀਕਨ ਲੋਕ ਇਸ ਮੁਲਕ ਵਿੱਚ ਬਹੁਤ ਦੇਰ ਤੋਂ ਹਨ ਪਰ ਇਤਿਹਾਸ ਵਿੱਚ ਇਹਨਾਂ ਨੂੰ ਕੋਈ ਖਾਸ ਜਗਾਹ ਨਹੀਂ ਮਿਲਦੀ। ਜੌਹਨ ਕੈਂਟ ਪਹਿਲਾ ਕਾਲ਼ੀ ਨਸਲ ਦਾ ਬੰਦਾ ਸੀ ਜਿਸ ਨੇ ਬ੍ਰਤਾਨਵੀ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾਇਆ। ਉਹ ਉਨੀਵੀਂ ਸਦੀ (1835-46) ਵਿੱਚ ਇਥੋਂ ਦੀ ਪੁਲੀਸ ਵਿੱਚ ਸਿਪਾਹੀ ਸੀ। ਇਸ ਤੋਂ ਬਾਅਦ ਸਮੇਂ ਸਮੇਂ ਬਹੁਤ ਸਾਰੇ ਅਫਰੀਕਨ ਤੇ ਵੈੱਸਟ ਇੰਡੀਅਨ ਇਥੋਂ ਦੇ ਵਿਸ਼ੇਸ਼ ਵਿਅਕਤੀ ਬਣ ਕੇ ਉਭਰਦੇ ਰਹੇ ਹਨ। ਰੌਏ ਫਰਾਂਸਿਸ ਕਾਲ਼ੇ ਰੰਗ ਦਾ ਰਘਬੀ ਦਾ ਖਿਡਾਰੀ ਸੀ ਜੋ 1947-55 ਤੱਕ ਇੰਗਲੈਂਡ ਲਈ ਖੇਡਦਾ ਰਿਹਾ ਤੇ ਫਿਰ ਇਥੇ ਹੀ ਰਘਬੀ ਦਾ ਕੋਚ ਵੀ ਬਣਿਆਂ। 1936 ਵਿੱਚ ਅਫਰੀਕਾ ਵਿੱਚ ਜੰਮਿਆਂ ਵਿਲਫਰੈੱਡ ਡੈਨੀਸਨਵੁੱਡ ਕਰਾਈਡਨ ਦਾ ਬਿਸ਼ਪ (1985-2003) ਭਾਵ ਪਾਦਰੀ ਰਿਹਾ ਹੈ। ਫਰੈਂਕ ਆਰਥਰ ਬੇਲੀ ਲੰਡਨ ਦੇ ਫਾਇਰ ਬ੍ਰਗੇਡ ਵਿੱਚ ਸੀ ਜੋ ਬੜੇ ਸਨਮਾਨ ਨਾਲ ਆਪਣੀ ਨੌਕਰੀ ਤੋਂ ਰਿਟਾਇਰ ਹੋਇਆ ਸੀ। ਫਰੈਂਕ ਪਿਛਲੇ ਸਾਲ ਹੀ ਨੱਬੇ ਸਾਲ ਦੀ ਉਮਰ ਭੋਗ ਕੇ ਪੂਰਾ ਹੋਇਆ ਹੈ। ਤਰਾਸਦੀ ਸਦਾ ਇਹੋ ਰਹੀ ਹੈ ਕਿ ਕਾਲ਼ੇ (ਸਮੇਤ ਭਾਰਤੀ) ਕਿਸੇ ਵੀ ਆਹੁਦੇ 'ਤੇ ਪੁੱਜ ਜਾਣ, ਨਸਲਵਾਦ ਦਾ ਸਾਹਮਣਾ ਉਹਨਾਂ ਨੂੰ ਸਦਾ ਹੀ ਕਰਨਾ ਪਿਆ ਹੈ। ਵਿਲਸਟਨ ਜੈਕਸਨ ਪਹਿਲਾ ਕਾਲ਼ਾ ਟਰੇਨ ਡਰਾਈਵਰ ਸੀ। ਉਸ ਨੇ 1962 ਵਿੱਚ ਟਰੇਨ ਡਰਾਈਵਰ ਵਜੋਂ ਨੌਕਰੀ ਸ਼ੁਰੂ ਕੀਤੀ ਸੀ, ਉਸ ਨੂੰ ਆਪਣੇ ਸਹਿਕਾਮਿਆਂ ਵਲੋਂ ਏਨਾ ਨਸਲਵਾਦ ਝੱਲਣਾ ਪਿਆ ਕਿ ਉਹ ਨੌਕਰੀ ਛੱਡ ਕੇ ਵਾਪਸ ਰੋਡੇਸ਼ੀਆ (ਹੁਣ ਜ਼ਿੰਬਾਵੇ) ਚਲੇ ਗਿਆ। ਉਥੇ ਆਪਣੇ ਮੁਲਕ ਦੇ ਰੇਲ ਮਹਿਕਮੇ ਨੂੰ ਉੱਨਤ ਕਰਨ ਵਿੱਚ ਲੱਗ ਗਿਆ। ਬਰਨੀ ਗਰਾਂਟ ਪਹਿਲਾ ਕਾਲ਼ਾ ਐਮæ ਪੀæ ਸੀ ਜੋ ਪਾਰਲੀਮੈਂਟ ਵਿੱਚ ਗਿਆ। ਇੱਕੀਵੀਂ ਸਦੀ ਵਿੱਚ ਆ ਕੇ ਬ੍ਰਤਾਨੀਆ ਵਿੱਚ ਨਸਲਵਾਦ ਨੂੰ ਕੁਝ ਕੁ ਠੱਲ ਪਈ ਤਾਂ ਬਹੁਤ ਸਾਰੇ ਕਾਲ਼ੇ ਵੱਡੀਆਂ ਵੱਡੀਆਂ ਪਦਵੀਆਂ ਤੱਕ ਰਸਾਈ ਕਰਨ ਲੱਗੇ। ਸਿਆਸਤ ਵਿੱਚ ਵੀ ਇਹਨਾਂ ਦੀ ਗਿਣਤੀ ਸਾਡੇ ਲੋਕਾਂ ਵਾਂਗ ਹੀ ਕਾਫੀ ਹੈ। ਇਹ ਬ੍ਰਤਾਨਵੀ ਇਤਿਹਾਸ ਨੂੰ ਸਿਰਜਣ ਵਿੱਚ ਆਪਣਾ ਭਰਪੂਰ ਹਿੱਸਾ ਪਾ ਰਹੇ ਹਨ। ਇਸੇ ਗੱਲ ਪ੍ਰਮੋਟ ਕਰਨ ਲਈ ਹਰ ਸਾਲ ਅਕਤੂਬਰ ਨੂੰ ਬਲੈਕ ਹਿਸਟਰੀ ਮੰਥ ਦੇ ਤੌਰ 'ਤੇ ਮਨਾਇਆ ਜਾਂਦਾ ਹੈ।
ਇਹ ਨਾਹਰਾ ਜਾਂ ਇਹ ਵਿਚਾਰ ਸੰਨ 1980 ਵਿੱਚ ਲੌਂਚ ਕੀਤਾ ਗਿਆ ਸੀ। ਇਸ ਦਾ ਨਿਸ਼ਾਨਾ ਲੋਕਲ ਕੁਮਿਨਟੀਆਂ ਨੂੰ ਨਸਲਵਾਦ ਦੇ ਖਿਲਾਫ ਚੈਲੰਜ ਦੇਣਾ ਤੇ ਆਪਣੇ ਆਪ ਨੂੰ ਕਾਲ਼ਾ ਹੋਣ ਦੀ ਮਹੱਤਤਾ ਨੂੰ ਸਮਝਾਉਣਾ ਸੀ ਕਿ ਕਾਲ਼ਾ ਇਨਸਾਨ ਕਿਸੇ ਨਾਲੋਂ ਘੱਟ ਨਹੀਂ ਹਨ। ਇਸ ਵਿਚਾਰ ਦਾ ਇਕ ਮੰਤਵ ਇਹ ਵੀ ਸੀ ਕਿ ਜੋ ਕੁਝ ਸਕੂਲਾਂ ਵਿੱਚ ਨਹੀਂ ਪੜ੍ਹਾਇਆ ਜਾਂਦਾ ਉਸ ਦੀ ਤਾਲੀਮ ਦਿੱਤੀ ਜਾਵੇ। ਬੱਚਿਆਂ ਨੂੰ ਗੁਲਾਮ-ਕਾਰੋਬਾਰ ਬਾਰੇ ਪੜ੍ਹਾਇਆ ਜਾਵੇ।
ਵੈਸੇ ਬਲੈਕ ਹਿਸਟਰੀ ਮੰਥ ਪਹਿਲਾਂ 'ਨੀਗਰੋ ਹਿਸਟਰੀ ਵੀਕ' ਵਜੋਂ ਮਨਾਇਆ ਜਾਣਾ ਸ਼ੁਰੂ ਹੋਇਆ ਜਿਸ ਨੂੰ ਕਾਰਟਰ ਵੁੱਡਸਨ ਨੇ ਅਰੰਭਿਆ ਸੀ ਜੋ ਅਫਰੀਕੀ ਹਿਸਟੋਰੀਅਨ, ਸਕੌਲਰ ਤੇ ਪ੍ਰਕਾਸ਼ਕ ਸੀ। ਇਹ ਵਰ੍ਹਾ 1926 ਦਾ ਸੀ। ਸੰਨ 1976 ਇਸ ਨੂੰ ਮਹੀਨਾ ਭਰ ਮਨਾਇਆ ਜਾਣ ਲੱਗਾ ਸੀ। ਅਮਰੀਕਾ ਦੇ ਉਸ ਵੇਲੇ ਦੇ ਪ੍ਰਧਾਨ ਗੇਲਾਰਡ ਫੋਰਡ ਨੇ ਵੀ ਇਸ ਨੂੰ ਪ੍ਰਵਾਨਗੀ ਦਿੱਤੀ ਸੀ। ਅਮਰੀਕਾ ਵਿੱਚ ਫਰਬਰੀ ਮਹੀਨਾ ਇਸ ਸੰਦਰਭ ਵਿੱਚ ਮਨਾਇਆ ਜਾਂਦਾ ਹੈ। ਫਰਬਰੀ ਇਸ ਕਰਕੇ ਕਿ ਇਬਰਾਹਿਮ ਲਿੰਕਨ (12 ਫਰਬਰੀ) ਫਰੈਡਰਿਕ ਡੱਗਲੱਸ (14 ਫਰਬਰੀ) ਦੇ ਜਨਮਦਿਨ ਇਸ ਮਹੀਨੇ ਪੈਂਦੇ ਹਨ। ਇਹਨਾਂ ਸ਼ਖਸੀਅਤਾਂ ਨੇ ਗੁਲਾਮ ਵਿਵਸਥਾ ਦਾ ਡੱਟ ਕੇ ਵਿਰੋਧ ਕੀਤਾ ਸੀ ਤੇ ਅਮਰੀਕਾ ਵਿੱਚ ਕਾਲ਼ੇ ਲੋਕਾਂ ਦੇ ਜੀਵਨ-ਪੱਧਰ ਦੀ ਬਿਹਤਰੀ ਲਈ ਬਹੁਤ ਸਾਰੇ ਕੰਮ ਕੀਤੇ ਸਨ। ਬਲੈਕ ਹਿਸਟਰੀ ਦੀ ਮਹੱਤਤਾ ਬਾਰੇ ਵਿਚਾਰ-ਵਟਾਂਦਰਾ ਵਾਲੀ ਸਥਿਤੀ ਅਮਰੀਕਾ ਤੋਂ ਬਾਅਦ ਦੁਨੀਆ ਭਰ ਵਿੱਚ ਫੈਲਣ ਲੱਗੀ। ਬ੍ਰਤਾਨੀਆ ਵਿੱਚ ਪਿਛਲੇ ਤੀਹ ਕੁ ਸਾਲਾਂ ਤੋਂ ਅਕਤੂਬਰ ਮਹੀਨੇ ਨੂੰ ਇਸ ਮਕਸਦ ਨਾਲ ਮਨਾਇਆ ਜਾਂਦਾ ਆ ਰਿਹਾ ਹੈ।
ਬ੍ਰਤਾਨੀਆ ਵਿੱਚ ਜਿਵੇਂ ਜਿਵੇਂ ਨਸਲਵਾਦ ਦੇ ਦੈਂਤ ਉਪਰ ਕੁਝ ਕਾਬੂ ਪੈ ਰਿਹਾ ਹੈ ਗੋਰੇ ਲੋਕਾਂ ਨੂੰ ਵੀ ਸਮਝ ਪੈਣ ਲੱਗ ਪੈ ਰਹੀ ਹੈ ਕਿ ਬ੍ਰਤਾਨੀਆ ਬਹੁ-ਨਸਲੀ ਦੇਸ਼ ਹੈ ਤੇ ਹੁਣ ਇਸ ਨੇ ਬਹੁ-ਨਸਲੀ ਹੀ ਰਹਿਣਾ ਹੈ ਇਸ ਲਈ ਸ਼ਾਂਤੀ ਕਾਇਮ ਰੱਖਣ ਖਾਤਰ ਸਾਨੂੰ ਸਭ ਕੁਮਿਨਟੀਆਂ, ਨਸਲਾਂ, ਰੰਗਾਂ ਤੇ ਧਰਮਾਂ ਦਾ ਆਦਰ ਕਰਨਾ ਹੋਵੇਗਾ। ਵੱਡੇ ਵੱਡੇ ਲੀਡਰ ਬਲੈਕ ਹਿਸਟਰੀ ਮੰਥ ਬਾਰੇ ਆਪਣੇ ਬਿਆਨ ਦੇ ਰਹੇ ਹਨ। ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਪਿੱਛੇ ਜਿਹੇ ਕਿਹਾ ਸੀ ਕਿ ਕਾਲ਼ੇ ਲੋਕ ਕਈ ਪੀੜ੍ਹੀਆਂ ਤੋਂ ਬ੍ਰਤਾਨਵੀ ਇਤਿਹਾਸ ਨੂੰ ਸਿਰਜਣ ਵਿੱਚ ਲੱਗੇ ਹੋਏ ਹਨ। ਪਰ ਸੱਚ ਇਹ ਵੀ ਹੈ ਕਿ ਹਾਲੇ ਵੀ ਕਾਲ਼ੇ ਲੋਕਾਂ ਨਾਲ ਬਹੁਤ ਫਰਕ ਹੋ ਰਿਹਾ ਹੈ। ਇਹਨਾਂ ਦੀ ਹਾਜ਼ਰੀ ਨੂੰ ਸਹੀ ਤਰੀਕੇ ਕਬੂਲ ਨਹੀਂ ਕੀਤਾ ਜਾ ਰਿਹਾ। ਟੈਲੀਵੀਯਨ ਦੇ ਪ੍ਰੋਗਰਾਮਾਂ ਜਾਂ ਫਿਲਮਾਂ ਵਿੱਚ ਇਹਨਾਂ ਦੀ ਇਸ ਸਮਾਜਕ ਹਾਜ਼ਰੀ ਦਾ ਚਿਤਰਣ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ। ਪੁਲੀਸ ਵਾਲੇ ਗੋਰਿਆਂ ਦੇ ਮੁਕਾਬਲੇ ਕਾਲ਼ੇ ਲੋਕਾਂ ਦੀ ਜ਼ਿਆਦਾ ਤਲਾਸ਼ੀ ਲੈਂਦੇ, ਰੋਕਦੇ ਹਨ। ਕਾਲ਼ੇ ਲੋਕਾਂ ਦੇ ਇਲਾਕਿਆਂ ਵਿੱਚ ਬਹੁਤੀ ਗਰੀਬੀ ਹੈ ਤੇ ਇਹ ਇਲਾਕੇ ਬਹੁਤ ਸਾਰੀਆਂ ਸੁਵਿਧਾਵਾਂ ਤੋਂ ਵਾਂਝੇ ਹਨ। ਅਮਰੀਕਾ ਵਿੱਚ ਤਾਂ ਪੁਲੀਸ ਕਾਲ਼ੇ ਬੰਦੇ ਨੂੰ ਗੋਲ਼ੀ ਮਾਰਨ ਵਿੱਚ ਇਕ ਵਾਰ ਸੋਚਦੀ ਵੀ ਨਹੀਂ ਹੈ। ਹਰ ਸਾਲ ਹੀ ਕੋਈ ਨਹੱਕਾ ਕਤਲ ਪੁਲੀਸ ਵਲੋਂ ਉਥੇ ਹੋ ਜਾਂਦਾ ਹੈ ਤੇ ਦੰਗੇ ਭੜਕ ਉਠਦੇ ਹਨ। ਇਸ ਸਾਲ ਵੀ ਜੌਰਜ ਫਲੌਆਇਡ ਦੇ ਪੁਲੀਸ ਵਲੋਂ ਕਤਲ ਨੇ ਅਮਰੀਕਾ ਭਰ ਵਿੱਚ ਦੰਗੇ ਭੜਕਾ ਦਿੱਤੇ ਸਨ। ਦੁਨੀਆ ਭਰ ਵਿੱਚ ਇਸ ਦੇ ਖਿਲਾਫ ਮੁਜ਼ਾਹਰੇ ਹੋਏ। ਜੌਰਜ ਫਲੌਆਇਡ ਨੂੰ ਕਿਸੇ ਕੇਸ ਵਿੱਚ ਪੁਲੀਸ ਨੇ ਉਸ ਨੂੰ ਫੜ ਲਿਆ ਸੀ, ਇਕ ਪੁਲੀਸਮੈਨ ਨੇ ਉਸ ਦੀ ਗਰਦਣ ਉਪਰ ਇਵੇਂ ਆਪਣਾ ਗੋਡਾ ਰੱਖਿਆ ਕਿ ਉਸ ਦਾ ਸਾਹ ਬੰਦ ਹੋ ਗਿਆ। ਉਸ ਨੇ ਬਹੁਤ ਰੌਲ਼ਾ ਪਾਇਆ ਕਿ ਮੈਨੂੰ ਸਾਹ ਨਹੀਂ ਆ ਰਿਹਾ ਪਰ ਉਸ ਦੀ ਕਿਸੇ ਨੇ ਨਾ ਸੁਣੀ ਤੇ ਉਸ ਦੀ ਮੌਤ ਹੋ ਗਈ। ਉਸ ਦੇ ਆਖਰੀ ਬੋਲੇ ਸ਼ਬਦ, 'ਮੈਨੂੰ ਸਾਹ ਨਹੀਂ ਆ ਰਿਹਾ' ਇਕ ਮੁਹਾਵਰਾ ਬਣ ਗਏ। ਪੰਜਾਬੀ ਵਿੱਚ ਵੀ ਇਸ ਬਾਰੇ ਕਵਿਤਾਵਾਂ ਲਿਖੀਆਂ ਗਈਆਂ। ਇਸ ਘਟਨਾ ਦਾ ਸਾਹਮਣਾ ਕਰਨ ਲਈ ਇਕ ਹੋਰ ਨਾਹਰਾ ਵੀ ਉਭਰਿਆ, 'ਬਲੈਕ ਲਾਈਵਜ਼ ਮੈਟਰ'। ਵੈਸੇ ਇਹ ਨਾਹਰਾ ਪਹਿਲੀ ਵਾਰ 2013 ਵਿੱਚ ਵਰਤਿਆ ਗਿਆ ਸੀ।
ਇਸ ਸਾਲ ਬਲੈਕ ਹਿਸਟਰੀ ਮੰਥ ਵਿੱਚ ਕਾਫੀ ਗਹਿਮਾ ਗਹਿਮੀ ਰਹੀ। ਜੌਰਜ ਫਲੌਆਇਡ ਦੇ ਕਤਲ ਕਾਰਨ ਵੀ ਲੋਕਾਂ ਵਿੱਚ ਉਤਸ਼ਾਹ ਸੀ। ਨੈਟਫਲੈਕਸ ਨੇ ਇਸ ਮਹੀਨੇ ਦੇ ਮਹੱਤਵ ਨੂੰ ਮੁਹਰੇ ਰੱਖਦਿਆਂ ਆਪਣੀਆਂ ਫਿਲਮਾਂ ਤੇ ਹੋਰ ਪਰੋਗਰਾਮਾਂ ਵਿੱਚ ਇਸ ਨੂੰ ਕਾਫੀ ਜਗਾਹ ਦਿੱਤੀ ਹੈ। ਬ੍ਰਤਾਨਵੀ ਮੀਡੀਏ ਨੇ ਵੀ ਇਸ ਦਾ ਵਿਸ਼ੇਸ਼ ਨੋਟਿਸ ਲਿਆ ਹੈ। ਫੁੱਟਬਾਲ ਦੀ ਪ੍ਰੀਮੀਅਰ ਲੀਗ ਦੇ ਮੈਚਾਂ ਵਿੱਚ ਖਿਡਾਰੀਆਂ ਨੇ ਗੋਡਿਆਂ ਭਾਰੇ ਹੋ ਕੇ ਇਸ ਵਿਚਾਰ ਨਾਲ ਆਪਣੀ ਸਹਿਮਤੀ ਦਿਖਾਈ। ਮੇਰੇ ਕੰਮ 'ਤੇ ਬਾਰਕਲੇ ਬੈਂਕ ਵਲੋਂ ਹਰ ਈਮੇਲ ਉਪਰ ਬਲੈਕ ਹਿਸਟਰੀ ਮੰਥ ਬਾਰੇ ਲੌਗੋ ਹੁੰਦਾ। ਇਸ ਵਿਚਾਰ ਨੂੰ ਹੋਰ ਵੀ ਬਹੁਤ ਸਾਰੇ ਮੰਚ ਮਿਲੇ ਹਨ ਜਿਸ ਤੋਂ ਇਸ ਨਾਲ ਜੁੜੇ ਲੋਕ ਕਾਫੀ ਖੁਸ਼ ਹਨ। ਪਰ ਹਾਲੇ ਵੀ ਇਸ ਨੂੰ ਹੋਰ ਅੱਗੇ ਲੈ ਜਾਣ ਦੀ ਲੋੜ ਹੈ। ਇਸ ਨੂੰ ਮਿਊਜ਼ੀਮਜ਼, ਗੈਲਰੀਜ਼, ਸਕੂਲਾਂ, ਯੂਨੀਵਰਸਟੀਆਂ, ਪਬਲਿਕ ਥਾਵਾਂ, ਕੁਮਿਨਟੀਆਂ ਆਦਿ ਵਿੱਚ ਪਹੁੰਚਾਉਣ ਦੀ ਲੋੜ ਹੈ।
Comments