ਨੀਲ-ਦਰਿਆ ਦਾ ਸੋਮਾ ਕਿਹੜਾ? /
ਹਰਜੀਤ ਅਟਵਾਲ /
ਹਜ਼ਾਰਾਂ ਸਾਲ ਤੋਂ ਵਗਦੇ ਨੀਲ-ਦਰਿਆ ਨੂੰ ਕੌਣ ਨਹੀਂ ਜਾਣਦਾ! ਇਸ ਬਾਰੇ ਅਨੇਕਾਂ ਕਿਤਾਬਾਂ, ਫਿਲਮਾਂ ਡਾਕੂਮੈਂਟਰੀਜ਼ ਮਿਲਦੀਆਂ ਹਨ। ਧਾਰਮਿਕ ਗਰੰਥਾਂ ਵੀ ਵਿੱਚ ਇਸਦਾ ਜ਼ਿਕਰ ਆਉਂਦਾ ਹੈ। ਅੰਗਰੇਜ਼ੀ ਵਿੱਚ ਇਸਨੂੰ ਨਾਇਲ ਕਹਿੰਦੇ ਹਨ। ਵੈਸੇ ਤਾਂ ਹਰ ਬੋਲੀ ਵਿੱਚ ਨੀਲ-ਦਰਿਆ ਲਈ ਵੱਖਰਾ ਹੀ ਨਾਂ ਵਰਤਿਆ ਜਾਂਦਾ ਹੈ ਪਰ ਨੀਲ ਬਹੁਤਾ ਪ੍ਰਚਲੱਤ ਹੈ। ਨੀਲ ਅਰਬੀ-ਭਾਸ਼ਾ ਦਾ ਸ਼ਬਦ ਹੈ। ਮਿਸਰ ਦੀ ਸਭਿਅਤਾ ਦਾ ਜ਼ਾਮਨ ਇਹ ਦਰਿਆ ਦੁਨੀਆ ਦਾ ਸਭ ਤੋਂ ਵੱਡਾ ਦਰਿਆ ਹੈ। ਇਸ ਧਰਤੀ ਉਪਰ ਇਸਦੇ ਬਰਾਬਰ ਦਾ ਦਰਿਆ ਸਿਰਫ ਐਮਾਜ਼ੋਨ-ਦਰਿਆ (3997-ਮੀਲ) ਹੈ। ਨੀਲ ਦਾ ਮਨੁੱਖੀ ਇਤਿਹਾਸ ਵਿੱਚ ਬਹੁਤ ਮਹੱਤਵ ਹੈ। ਮਿਸਰ ਦੀ ਸਭਿਅਤਾ ਤੋਂ ਬਾਅਦ ਸੁਡਾਨੀ-ਕਿੰਗਡਮ ਦੇ ਵਧਣ-ਫੁੱਲਣ ਵਿੱਚ ਵੀ ਨੀਲ ਸਹਾਈ ਹੋਇਆ। ਇਹ ਇਥੋਪੀਆ, ਰਵਾਂਡਾ ਤੋਂ ਵਹਿੰਦਾ ਹੋਇਆ ਸੁਡਾਨ ਦੇ ਸਹਾਰਾ-ਮਾਰੂਥਲ ਵਿੱਚ ਦੀ ਲੰਘਦਾ ਹੋਇਆ ਮਿਸਰ ਪੁੱਜਦਾ ਹੈ। ਇਹ ਦਰਿਆ ਜਿਥੋਂ ਵੀ ਲੰਘਦਾ ਹੈ ਲੋਕਾਈ ਨੂੰ ਜੀਵਨ-ਦਾਨ ਬਖਸ਼ਦਾ ਲੰਘਦਾ ਹੈ। ਮਿਸਰ ਦੀ ਤਾਂ 90% ਅਬਾਦੀ ਨੀਲ ਦੇ ਕੰਢੇ ਹੀ ਵਸਦੀ ਹੈ। ਮਿਸਰ ਦੇ ਵੱਡੇ-ਵੱਡੇ ਪਿਰਾਮਿਡਾਂ ਨੂੰ ਬਣਾਉਣ ਵਿੱਚ ਵੀ ਨੀਲ-ਦਰਿਆ ਦਾ ਬਹੁਤ ਵੱਡਾ ਹੱਥ ਹੈ। ਅੱਜ ਵੀ ਮਿਸਰ ਦੀ ਆਰਥਿਕਤਾ ਵਿੱਚ ਨੀਲ ਅਹਿਮ ਭੂਮਿਕਾ ਨਿਭਾ ਰਿਹਾ ਹੈ। ਮਿਸਰ ਦੇ ਲੋਕ ਕਾਸ਼ਤਕਾਰੀ ਨੀਲ ਦੇ ਵਹਾਅ ਨਾਲ ਕਰਦੇ ਹਨ। ਜੁਲਾਈ ਦੇ ਅੱਧ ਵਿੱਚ ਇਸ ਵਿੱਚ ਹੜ੍ਹ ਆਉਂਦੇ ਹਨ ਤੇ ਹੜ੍ਹ ਉਪਜਾਊ ਮਿੱਟੀ ਮਿਸਰ ਦੇ ਖੇਤਾਂ ਵਿੱਚ ਖਿਲਾਰ ਜਾਂਦੇ ਹਨ। ਇਸ ਮਿੱਟੀ ਨੂੰ ਮਿਸਰੀ ਭਾਸ਼ਾ ਵਿੱਚ ‘ਔਰ’ ਆਖਦੇ ਹਨ ਜਿਸਦੇ ਮਾਹਿਨੇ ‘ਜੀਵਨ ਦਿੰਦੀ ਮਿੱਟੀ’ ਹਨ। ਗਰੀਕ ਇਤਿਹਾਸਕਾਰ ਹੈਰੋਡੋਟੁਸ, ਜੋ ਅੱਜ ਤੋਂ ਤਕਰੀਬਨ ਤਿੰਨ-ਹਜ਼ਾਰ ਸਾਲ ਪਹਿਲਾਂ ਹੋਇਆ, ਲਿਖਦਾ ਹੈ ਕਿ ਨੀਲ ਮਿਸਰ ਲਈ ਰੱਬ ਵਲੋਂ ਦਿੱਤਾ ਤੋਹਫਾ ਹੈ। ਉਸਨੇ ਇਹਵੀ ਲਿਖਿਆ ਕਿ ਐਡੇ ਵੱਡੇ ਦਰਿਆ ਦਾ ਸੋਮਾ ਤੈਅ ਕਰਨਾ ਸੌਖਾ ਨਹੀਂ ਹੁੰਦਾ। ਮਿਸਰ ਨੂੰ ਹੀ ਨਹੀਂ, ਨੀਲ ਆਪਣੇ ਸਮੁੱਚੇ ਚਾਰ ਹਜ਼ਾਰ ਮੀਲ ਤੋਂ ਵਧ ਦੇ ਸਫਰ ਦੁਰਮਿਆਨ ਆਲੇ-ਦੁਆਲੇ ਦੇ ਲੋਕਾਂ ਨੂੰ ਆਰਥਿਕ, ਸਭਿਆਚਾਰਕ ਤੇ ਧਾਰਮਿਕ ਤੌਰ ‘ਤੇ ਪ੍ਰਭਾਵਿਤ ਕਰਦਾ ਹੈ। ਬਹੁਤ ਸਾਰੇ ਲੋਕ ਨੀਲ ਨੂੰ ਧਰਮ ਜਾਂ ਰੱਬੀ ਸ਼ਕਤੀ ਨਾਲ ਜੋੜਕੇ ਵੀ ਦੇਖਦੇ ਹਨ। ਮਿਸਰ ਦੇ ਲੋਕ ਸੋਚਦੇ ਹਨ ਕਿ ਮੌਤ ਤੋਂ ਬਾਅਦ ਨੀਲ ਦਰਿਆ ਰਾਹੀਂ ਹੀ ਅਗਲੇ ਸਫਰ ਵੱਲ ਜਾਣਾ ਹੈ। ਇਸ ਵਿੱਚ ਰਹਿੰਦੇ ਮਗਰਮੱਛਾਂ ਨੂੰ ਰੱਬ ਦੇ ਦੂਤ ਸਮਝਦੇ ਹਨ। ਕਿਸੇ ਵੇਲੇ ਇਕ ਮੰਦਿਰ ਵਿੱਚ ਮਗਰਮੱਛ ਨੂੰ ਗਹਿਣੇ ਪੁਆਕੇ ਰਖਿਆ ਜਾਂਦਾ ਸੀ ਤੇ ਉਸ ਦੀ ਪੂਜਾ ਕੀਤੀ ਜਾਂਦੀ ਸੀ।
ਨੀਲ ਅਫਰੀਕਾ ਤੋਂ ਉਤਰ ਵੱਲਨੂੰ ਵਹਿੰਦਾ ਹੋਇਆ 4132-ਮੀਲ ਦਾ ਸਫਰ ਤੈਅ ਕਰਕੇ ਮੈਡੇਟਰੇਨੀਅਨ ਸਾਗਰਾਂ ਵਿੱਚ ਆ ਪੈਂਦਾ ਹੈ। ਇਹ ਨੌਂ ਅਫਰੀਕੀ ਮੁਲਕਾਂ ਵਿੱਚ ਦੀ ਲੰਘਦਾ ਹੈ ਤੇ ਗਿਆਰਾਂ ਮੁਲਕਾਂ ਦਾ ਵਾਧੂ ਪਾਣੀ ਸਾਂਭਦਾ ਹੈ। ਇਸਦੇ ਹੜ੍ਹ ਸੁਡਾਨ ਤੇ ਮਿਸਰ ਉਪਰ ਬਹੁਤੀ ਮਾਰ ਕਰਦੇ ਹਨ। ਦਰਿਆ-ਨੀਲ ਲਗਭਗ ਤੇਰਾਂ ਲੱਖ ਵਰਗ-ਮੀਲ ਧਰਤੀ ਆਪਣੇ ਹੇਠ ਲੈਂਦਾ ਹੈ ਜੋ ਅਫਰੀਕਾ ਦਾ ਦਸਵਾਂ ਹਿੱਸਾ ਬਣਦਾ ਹੈ। ਇਸ ਦਰਿਆ ਦਾ ਅਸਲੀ ਮਾਲਕ ਕੌਣ ਹੈ, ਇਸ ਬਾਰੇ ਵੀ ਛੇਆਂ ਮੁਲਕਾਂ ਵਿੱਚ ਝਗੜਾ ਰਹਿੰਦਾ ਹੈ। 1929 ਵਿੱਚ ਹੋਈ ਇਕ ਟਰੀਟੀ ਅਨੁਸਾਰ ਸੁਡਾਨ ਤੇ ਮਿਸਰ ਦਾ ਇਸ ਉਪਰ ਵੱਡਾ ਹੱਕ ਹੈ। ਇਸ ਦਰਿਆ ਉਪਰ ਕਈ ਡੈਮ ਬਣੇ ਹੋਏ ਹਨ। ਇਥੋਪੀਆ ਵਲੋਂ ਬਣਾਇਆ ਡੈਮ ਬਹਿਸ ਦਾ ਕਾਰਨ ਬਣਿਆਂ ਹੋਇਆ ਹੈ ਕਿਉਂਕਿ ਇਸ ਕਾਰਨ ਪਾਣੀ ਰੁਕਦਾ ਹੈ। ਇਸਦੇ ਰਾਹ ਵਿੱਚ ਹੀ ਮੈਨ-ਮੇਡ ਨਾਸਿਰ ਝੀਲ ਵੀ ਪੈਂਦੀ ਹੈ।
ਨੀਲ-ਦਰਿਆ ਬਾਰੇ ਤਾਂ ਸਾਰੀ ਦੁਨੀਆ ਜਾਣਦੀ ਹੈ ਪਰ ਇਹ ਦਰਿਆ ਨਿਕਲਦਾ ਕਿਥੋਂ ਹੈ ਜਾਂ ਇਸਦੇ ਸੋਮੇ ਕਿੱਥੇ ਹਨ ਇਸ ਬਾਰੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਹਨ। ਇਹ ਸਵਾਲ ਨਵੇਂ ਨਹੀਂ ਸਗੋਂ ਹਜ਼ਾਰਾਂ ਸਾਲ ਪੁਰਾਣੇ ਹਨ। ਮਿਸਰ ਦੀ ਸਭਿਅਤਾ ਪੰਜ ਹਜ਼ਾਰ ਸਾਲ ਪੁਰਾਣੀ ਹੈ ਤੇ ਨੀਲ ਉਸ ਤੋਂ ਪਹਿਲਾਂ ਦਾ ਵਗਦਾ ਆ ਰਿਹਾ ਹੈ। ਕਿਹਾ ਜਾਂਦਾ ਹੈਕਿ ਮਿਸਰ ਕੰਢੇ ਪਹਿਲਾ ਮਨੁੱਖ ਅੱਠ ਹਜ਼ਾਰ ਸਾਲ ਪਹਿਲਾਂ ਵਸਿਆ। ਪੁਰਾਣੇ ਜ਼ਮਾਨੇ ਤੋਂ ਹੀ ਲੋਕਾਂ ਨੂੰ ਜਗਿਆਸਾ ਰਹੀ ਹੈ ਕਿ ਨੀਲ ਦਰਿਆ ਕਿਥੋਂ ਨਿਕਲਦਾ ਹੋਇਆ। ਕੁਝ ਖੋਜ-ਮੁਹਿੰਮਾਂ ਇਸ ਨੂੰ ਲੱਭਣ ਲਈ ਭੇਜੀਆਂ ਵੀ ਗਈਆਂ ਪਰ ਕੋਈ ਕਾਮਯਾਬੀ ਨਾ ਮਿਲੀ। ਇਕ ਵਾਰ ਇਥੋਪੀਆ ਤੋਂ ਮਿਸਰ ਆਏ ਇਕ ਵਿਓਪਾਰੀ ਡਿਓਗੇਨਜ਼ ਨੇ ਦੱਸਿਆ ਕਿ ਨੀਲ ਦਾ ਸੋਮਾ ਇਥੋਂ ਪੱਚੀ ਦਿਨ ਤੁਰਨ ਦੀ ਦੂਰੀ ‘ਤੇ ਪੈਂਦੀਆਂ ਮੂਨ-ਹਿੱਲਜ਼ ਨਾਮੀ ਪਹਾੜੀਆਂ ਵਿੱਚ ਹੈ, ਉਥੇ ਵੱਡੀਆਂ-ਵੱਡੀਆਂ ਝੀਲਾਂ ਵੀ ਹਨ। ਲੋਕਾਂ ਨੇ ਇਸੇ ਨੂੰ ਸੱਚ ਮੰਨ ਲਿਆ ਤੇ ਗਰੀਕ ਤੇ ਰੋਮਨ ਦੇ ਭੂਗੋਲ-ਵਿਗਿਆਨੀ ਇਸੇ ਹਵਾਲੇ ਨਾਲ ਗੱਲ ਕਰਨ ਲੱਗੇ। ਉਹਨਾਂ ਦਿਨਾਂ ਵਿੱਚ ਜਾਂ ਉਸ ਤੋਂ ਬਾਅਦ ਬਣੇ ਨਕਸ਼ਿਆਂ ਵਿੱਚ ਵੀ ਨੀਲ ਨੂੰ ਉਸ ਪਾਸਿਓਂ ਨਿਕਲਦਾ ਦਿਖਾਇਆ ਜਾਣ ਲੱਗਾ। ਉਸ ਵੇਲੇ ਅਫਰੀਕਾ ਬਾਰੇ ਲੋਕਾਂ ਨੂੰ ਬਹੁਤੀ ਜਾਣਕਾਰੀ ਨਹੀਂ ਸੀ। ਤਿੰਨ ਸੌ ਬੀ.ਸੀ. ਵਿੱਚ ਫਿਲਾਡੈਲਫਸ ਨਾਂ ਦੇ ਰਾਜੇ ਨੇ ਇਕ ਟੀਮ ਮੂਨ-ਹਿੱਲਜ਼ ਭਾਵ ਨੀਲ ਦੇ ਸੋਮੇ ਵੱਲ ਭੇਜੀ ਸੀ ਤਾਂ ਜੋ ਕਿਸੇ ਤਰ੍ਹਾਂ ਹੜ੍ਹ ਰੋਕੇ ਜਾ ਸਕਣ। ਉਹ ਟੀਮ ਵੀ ਬਹੁਤਾ ਅੱਗੇ ਨਾ ਜਾ ਸਕੀ। ਨੀਲ ਦੇ ਇਥੋਪੀਆ ਦੀਆਂ ਪਹਾੜੀਆਂ ਵਿੱਚੋਂ ਆਉਣ ਦੀ ਗੱਲ ਜ਼ਰੂਰ ਪੱਕੀ ਹੋ ਗਈ ਸੀ। ਬਲਿਊ-ਨੀਲ ਸ਼ੁਰੂ ਦੇ ਨੌਂ-ਸੌ ਮੀਲ ਇਥੋਪੀਆ ਦੀਆਂ ਪਹਾੜੀ-ਖੱਡਾਂ ਵਿੱਚ ਵਗਦਾ ਹੈ। ਇਸਦੇ ਦੁਆਲੇ ਦੋ-ਦੋ ਮੀਲ ਉੱਚੀਆਂ-ਸਿੱਧੀਆਂ ਪਹਾੜੀਆਂ ਹਨ ਤੇ ਪਾਣੀ ਦਾ ਵਹਾਅ ਵੀ ਬਹੁਤ ਤੇਜ਼ ਹੈ ਇਸ ਕਰਕੇ ਇਸ ਰਸਤੇ ਨੀਲ ਦੇ ਸੋਮੇ ਤੱਕ ਪੁੱਜਣਾ ਅਸੰਭਵ ਸੀ। ਸੋ ਇਥੋਂ ਤੀਕ ਪੁੱਜਣ ਲਈ ਹਜ਼ਾਰਾਂ ਸਾਲ ਲੱਗ ਗਏ ਪਰ ਫਿਰ ਪਤਾ ਚਲਿਆ ਕਿ ਇਹ ਵੀ ਨੀਲ ਦਾ ਸੋਮਾ ਨਹੀਂ ਤਾਂ ਇਸ ਬਾਰੇ ਮੁੜ ਸਵਾਲ ਖੜੇ ਹੋ ਗਏ। ਨੀਲ ਦਾ ਸੋਮਾ ਲੱਭਣ ਵਾਲੇ ਇਸਦੇ ਵਹਾਅ ਦੇ ਉਲਟ ਚੱਲਦੇ ਸਨ, ਕਿਉਂਕਿ ਇਹਨਾਂ ਵਿੱਚੋਂ ਬਹੁਤੇ ਯੌਰਪੀਅਨ ਲੋਕ ਸਨ ਤੇ ਉਹਨਾਂ ਨੇ ਉਲਟੀ ਦਿਸ਼ਾ ਵਲੋਂ ਜਾਣਾ ਹੁੰਦਾ ਸੀ। ਜਦੋਂ ਤੋਂ ਅਖ਼ਬਾਰਾਂ ਜਾਂ ਮੀਡੀਏ ਦਾ ਸੰਚਾਰ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਨੀਲ ਦੇ ਸੋਮੇ ਬਾਰੇ ਬਹਿਸਾਂ ਸ਼ੁਰੂ ਮਿਲਦੀਆਂ ਹਨ। ਮੀਡੀਏ ਵਿੱਚ ਸਵਾਲ ਉਠਦਾ ਕਿ ਮਨੁੱਖ ਨੇ ਅਮਰੀਕਾ, ਇੰਡੀਆ, ਅਸਟਰੇਲੀਆ ਲੱਭ ਲਿਆ ਪਰ ਇਹ ਨਹੀਂ ਪਤਾ ਕਰ ਸਕਿਆ ਕਿ ਨੀਲ ਕਿਥੋਂ ਨਿਕਲਦਾ ਹੈ।
ਜੇ ਵਆਹ ਤੋਂ ਉਲਟ ਨੀਲ ਰਾਹੀਂ ਜਾਇਆ ਜਾਵੇ ਤਾਂ ਸੁਡਾਨ ਦੀ ਰਾਜਧਾਨੀ ਖਰਟੌਮ ਤੋਂ ਅੱਗੇ ਦੋ ਨੀਲ ਬਣ ਜਾਂਦੇ ਹਨ, ਬਲਿਊ-ਨੀਲ (ਨੀਲਾ-ਨੀਲ) ਤੇ ਵਾਈਟ-ਨੀਲ (ਚਿੱਟਾ-ਨੀਲ)। ਜਾਂ ਇਵੇਂ ਕਹਿ ਲਓ ਕਿ ਅਫਰੀਕਾ ਵਲੋਂ ਦੋ ਨੀਲ ਆਉਂਦੇ ਹਨ ਤੇ ਖਰਟੌਮ ਆਕੇ ਇਕ ਹੋ ਜਾਂਦੇ ਹਨ। ਬਲਿਊ-ਨੀਲ ਦਾ ਪਾਣੀ ਵੈਸੇ ਤਾਂ ਮਟਮੈਲ਼ਾ ਹੈ ਪਰ ਹੜ੍ਹਾਂ ਦੇ ਦਿਨਾਂ ਵਿੱਚ ਇਹ ਨੀਲਾ ਹੋ ਜਾਂਦਾ ਹੈ। ਵਾਈਟ-ਨੀਲ ਦਾ ਪਾਣੀ ਆਮ-ਸਫੈਦ ਹੈ। ਜਿਥੇ ਇਹ ਦੋਵੇਂ ਦਰਿਆ ਆਕੇ ਮਿਲਦੇ ਹਨ, ਕਈ ਮੀਲ ਤਕ ਇਹ ਆਪੋ-ਆਪਣੀ ਹੋਂਦ ਬਣਾਈ ਰੱਖਦੇ ਹਨ। ਖਰਟੌਮ ਤੋਂ ਅੱਗੇ ਜਾ ਕੇ ਨੀਲ ਵਿੱਚ ਐਟਬਾਰਾ ਨਾਂ ਦਾ ਦਰਿਆ ਵੀ ਰਲ਼ ਜਾਂਦਾ ਹੈ। ਕਿਆਰੋ (ਮਿਸਰ) ਆਕੇ ਨੀਲ ਇਕ ਵਾਰ ਫਿਰ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ। ਇਸਦੀ ਪੱਛਮ ਵੱਲ ਦੀ ਸ਼ਾਖਾ ਨੂੰ ਰੋਸੈਟ-ਬਰਾਂਚ ਆਖਦੇ ਹਨ ਤੇ ਪੂਰਬ ਵੱਲਦੀ ਡਾਮੀਟਾ-ਬਰਾਂਚ। ਇਹ ਦੋਵੇਂ ਸ਼ਾਖਾਵਾਂ ਡੈਲਟਾ ਬਣਾਉਂਦੀਆਂ ਹੋਈਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ। ਇਕ ਯੈਲੋ-ਨੀਲ ਵੀ ਸੀ ਪਰ ਉਹ ਸੁੱਕ ਗਿਆ ਸੀ। ਕਈ ਵਾਰ ਰੈਡ-ਨੀਲ ਨਾਂ ਪੜ੍ਹਨ ਨੂੰ ਵੀ ਮਿਲ ਜਾਂਦਾ ਹੈ।
1870 ਵਿੱਚ ਡੇਵਿਡ ਲਿਵਿੰਗਸਟੋਨ ਤੇ ਹੈਨਰੀ ਸਟੈਨਲੇ ਨੇ ਇਹ ਪੁਸ਼ਟੀ ਕੀਤੀ ਕਿ ਬਲਿਊ-ਨੀਲ ਇਥੋਪੀਆ ਦੀ ਟਾਨਾ-ਝੀਲ ਵਿੱਚੋਂ ਨਿਕਲਦਾ ਹੈ। ਅਗਲੀ ਖੋਜ ਤੋਂ ਪਤਾ ਲੱਗਾ ਕਿ ਬਲਿਊ-ਨੀਲ ਟਾਨਾ-ਝੀਲ ਦੇ ਹੀ ਨੇੜੇ ਪੈਂਦੇ ‘ਗੀਸ਼ ਐਬੇ’ ਨਾਂ ਦੇ ਪਿੰਡ ਵਿੱਚੋਂ ਇਕ ਚਸ਼ਮੇ ਵਾਂਗ ਫੁੱਟਦਾ ਹੈ। ਹੈਰਾਨੀ ਵਾਲੀ ਗੱਲ ਇਹ ਸੀ ਕਿ ਉਸ ਚਸ਼ਮੇ ਦੇ ਕੰਢੇ 1618 ਤੋਂ ਹੀ ਇਕ ਸਪੈਨਿਸ਼-ਪਾਦਰੀ ਦਾ ਕਾਇਮ ਕੀਤਾ ਚਰਚ ਚਲਦਾ ਆ ਰਿਹਾ ਸੀ ਤੇ ਅੱਜ ਵੀ ਕਾਇਮ ਹੈ। ਸਗੋਂ ਹੁਣ ਤਾਂ ਇਹ ਚਰਚ ਇਸਾਈ-ਧਰਮ ਦਾ ਮਸ਼ਹੂਰ ਸਿਖਿਆ-ਕੇਂਦਰ ਬਣਿਆਂ ਹੋਇਆ ਹੈ। ਨੀਲ-ਦਰਿਆ ਦੇ ਇਸ ਚਸ਼ਮੇ ਨੂੰ ਬਹੁਤ ਪਵਿੱਤਰ ਮੰਨਿਆਂ ਜਾਂਦਾ ਹੈ। ਇਸ ਉਪਰ ਟੀਨ ਦੀ ਸ਼ੈੱਡ ਪਾਈ ਹੋਈ ਹੈ ਤੇ ਔਰਤਾਂ ਦੇ ਅੰਦਰ ਜਾਣ ਤੋਂ ਮਨਾਹੀ ਹੈ। ਲੋਕ ਇਥੋਂ ਗੰਗਾਜਲ ਵਾਂਗ ਬੋਤਲਾਂ ਜਾਂ ਕੇਨੀਆਂ ਭਰ-ਭਰ ਕੇ ਲੈ ਜਾਂਦੇ ਹਨ। ਇਹ ਪਵਿੱਤਰ-ਪਾਣੀ ਬੈਪਟਾਈਜ਼ (ਧਾਰਮਿਕ-ਰਸਮ) ਕਰਨ ਲਈ ਵਰਤਿਆ ਜਾਂਦਾ ਹੈ। ਕੁਝ ਸਾਲ ਪਹਿਲਾਂ ਕੁਝ ਅਮਰੀਕਨ ਨੈਵੀਗੇਟਰਜ਼ ਨਵੀਂ ਟੈਕਨੌਲੌਜੀ ਨਾਲ ਬਲਿਊ-ਨੀਲ ਦਾ ਸੋਮਾ ਲੱਭਦੇ-ਲੱਭਦੇ ਇਥੇ ਪੁੱਜੇ ਸਨ, ਉਹਨਾਂ ਦੀ ਇਸ ਖੋਜ ‘ਤੇ ਅਧਾਰਤ ਫਿਲਮ ਵੀ ਬਣੀ ਸੀ ਜਿਸਦਾ ਨਾਂ ਸੀ, ‘ਦਾ ਮਿਸਟਰੀ ਔਫ ਦਾ ਨਾਈਲ’। ਬਲਿਊ-ਨੀਲ ਜਿਵੇਂ-ਜਿਵੇਂ ਇਹ ਅੱਗੇ ਵਧਦਾ ਜਾਂਦਾ ਹੈ ਇਹ ਵੱਡਾ ਹੁੰਦਾ ਜਾਂਦਾ ਹੈ। ਪਹਾੜੀਆਂ ਦਾ ਬਰਸਾਤੀ-ਪਾਣੀ ਇਸ ਵਿੱਚ ਪੈਂਦਾ ਹੈ। ਇਹ ਪਾਣੀ ਹੀ ਹੜ੍ਹਾਂ ਦਾ ਮੁੱਖ ਕਾਰਨ ਬਣਦਾ ਹੈ। ਬਰਸਾਤਾਂ ਦੇ ਦਿਨਾਂ ਵਿੱਚ ਬਲਿਊ-ਨੀਲ ਮੁੱਖ-ਨੀਲ ਦੇ ਪਾਣੀ ਵਿੱਚ 80 ਫੀ ਸਦੀ ਹਿੱਸਾ ਪਾਉਂਦਾ ਹੈ।
ਬਲਿਊ-ਨੀਲ ਦਾ ਸੋਮਾ ਮਿੱਥੇ ਜਾਣ ਤੋਂ ਬਾਅਦ ਖੋਜੀਆਂ ਦਾ ਸਾਰਾ ਧਿਆਨ ਵਾਈਟ-ਨੀਲ ਦੇ ਸੋਮੇ ਵੱਲ ਹੋ ਗਿਆ। ਖੋਜੀ ਰਿਚਰਡ ਫਰਾਂਸਿਸ ਬਰਟਨ ਬਹੁਤ ਘੁੰਮਿਆਂ-ਫਿਰਿਆ ਬੰਦਾ ਸੀ। ਉਹ ਚਿੱਟੇ ਕਪੜੇ ਪਾਕੇ ਪਸ਼ਤੂਨ ਦੇ ਭੇਸ ਵਿੱਚ ਮੱਕੇ ਵੀ ਜਾ ਚੁੱਕਾ ਸੀ। ਉਹ ਬਾਰਾਂ ਜ਼ਬਾਨਾਂ ਜਾਣਦਾ ਸੀ। ‘ਅਰੇਬਿਕ ਨਾਈਟਸ’, ‘ਕਾਮਾ ਸੂਤਰਾ’ ਤੇ ‘ਦਾ ਪਰਫਿਊਮਿਡ ਗਾਰਡਨ’ ਵਰਗੀਆਂ ਕਿਤਾਬਾਂ ਉਸਨੇ ਹੀ ਅੰਗਰੇਜ਼ੀ ਵਿੱਚ ਤਰਜਮਾਈਆਂ ਸਨ। ਉਸਨੇ ਵਾਈਟ-ਨੀਲ ਦੇ ਸੋਮੇ ਦੀ ਤਾਲਾਸ਼ ਕਰਨ ਦੀ ਠਾਣੀ। ਆਪਣੇ ਨਾਲ ਬ੍ਰਿਟਿਸ਼-ਇੰਡੀਅਨ ਆਰਮੀ ਦੇ ਅਫਸਰ ਜੌਹਨ ਹੈਨਿੰਗ ਸਪੈੱਕ ਨੂੰ ਲੈ ਲਿਆ ਤੇ 1855 ਵਿੱਚ ਵਾਈਟ-ਨੀਲ ਦੇ ਸੋਮੇ ਨੂੰ ਲੱਭਣ ਲਈ ਮੁਹਿੰਮ ਸ਼ੁਰੂ ਕੀਤੀ। ਇਕ ਪੂਰੀ ਟੀਮ ਬਣਾਈ ਜਿਸ ਵਿੱਚ ਭਾਰ ਚੁੱਕਣ ਵਾਲਿਆਂ ਤੋਂ ਲੈਕੇ ਖਾਣਾ ਬਣਾਉਣ ਵਾਲੇ ਤੇ ਗਾਈਡ ਵੀ ਸਨ। ਇਹ ਟੀਮ ਜਦ ਯੁਗੰਡਾ ਦੇ ਜੰਗਲਾਂ ਵਿੱਚ ਗਈ ਤਾਂ ਸਥਾਨਕ ਲੋਕਾਂ ਨੇ ਇਹਨਾਂ ਉਪਰ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਹ ਖੋਜ-ਕਾਰਜ ਵਿਚਕਾਰ ਛੱਡ ਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ। ਅਗਲੇ ਸਾਲ ਉਹ ਫਿਰ ਚਲੇ ਗਏ। ਉਹ ਟਾਂਕਾਨੀਕਾ-ਝੀਲ ਉਪਰ ਪੁੱਜ ਗਏ। ਉਹਨਾਂ ਨੇ ਹਿਸਾਬ ਲਾ ਲਿਆ ਕਿ ਇਹ ਝੀਲ ਵਾਈਟ-ਨੀਲ ਦਾ ਸੋਮਾ ਨਹੀਂ ਹੋ ਸਕਦੀ। ਇਥੇ ਹੀ ਰਿਚਰਾਡ ਬਰਟਨ ਬਿਮਾਰ ਹੋ ਗਿਆ ਤੇ ਅੱਗੇ ਨਾ ਜਾ ਸਕਿਆ ਪਰ ਜੌਹਨ ਸਪੈੱਕ ਨੇ ਆਪਣਾ ਸਫਰ ਜਾਰੀ ਰੱਖਿਆ ਤੇ ਉਹ ਵਿਕਟੋਰੀਆ-ਝੀਲ ਉਪਰ ਪੁੱਜ ਗਿਆ ਤੇ ਉਸਨੇ ਐਲਾਨ ਕਰ ਦਿੱਤਾ ਕਿ ਇਹੋ ਵਾਈਟ-ਨੀਲ ਦਾ ਸੋਮਾ ਹੈ।
ਜੌਹਨ ਹੈਨਿੰਗ ਸਪੈੱਕ ਨੇ ਵਾਪਸ ਬਰਤਾਨੀਆ ਆਕੇ ਵਿਕਰੋਟੀਆ-ਝੀਲ ਬਾਰੇ ਤੇ ਇਸਦੇ ਵਾਈਟ-ਨੀਲ ਦਾ ਸੋਮਾ ਹੋਣ ਬਾਰੇ ਬਿਆਨ ਦਿੱਤੇ। ਰਿਚਰਡ ਬਰਟਨ ਨੇ ਉਸਦੇ ਦਾਅਵੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਜੌਹਨ ਸਪੈਕ 1860 ਵਿੱਚ ਇਕਵਾਰ ਫਿਰ ਵਿਕਟੋਰੀਆ-ਲੇਕ ਪੁੱਜ ਗਿਆ। ਇਸ ਵਾਰ ਜੇਮਜ਼ ਗਰਾਂਟ ਉਸਦੇ ਨਾਲ ਸੀ। ਉਹਨਾਂ ਨੇ ਝੀਲ ਦੀ ਨਿਸ਼ਾਨਦੇਹੀ ਕਰਕੇ ਅੰਦਾਜ਼ਾ ਲਾਇਆ ਕਿ ਇਹ ਸ਼ਾਇਦ ਵਾਈਟ-ਨੀਲ ਦਾ ਸੋਮਾ ਨਾ ਹੋਵੇ ਕਿਉਂਕਿ ਇਹ ਝੀਲ ਵਾਈਟ-ਨੀਲ ਨੂੰ ਪਾਣੀ ਦੇਣ ਦੇ ਸਮਰਥ ਨਹੀਂ ਸੀ ਤੇ ਜ਼ਰੂਰ ਨੀਲ ਪਿਛਿਓਂ ਵਹਿੰਦਾ ਹੋਇਆ ਆਕੇ ਇਸ ਵਿੱਚ ਡਿਗਦਾ ਹੋਵੇਗਾ। ਉਸਨੇ ਝੀਲ ਤੋਂ ਕੁਝ ਦੂਰ ਪੈਂਦੇ ਚਸ਼ਮੇ ‘ਰਿਪਨ-ਫਾਲ’ ਨੂੰ ਵਾਈਟ-ਨੀਲ ਦਾ ਸੋਮਾ ਕਿਹਾ। ਉਸਨੇ ਵਾਪਸ ਆਕੇ ਇਸ ਬਾਰੇ ਖੋਜ-ਭਰਪੂਰ ਲੇਖ ਲਿਖਿਆ। ਰਿਚਰਡ ਬਰਟਨ ਨੇ ਇਸ ਖੋਜ ਨੂੰ ਮੰਨਣ ਤੋਂ ਫਿਰ ਇਨਕਾਰ ਕਰ ਦਿੱਤਾ। ਇਸ ਵਿਸ਼ੇ ਨੂੰ ਲੈ ਕੇ ਉਹ ਦੋਵੇਂ ਇਕ-ਦੂਜੇ ਦੇ ਖਿਲਾਫ ਲੇਖ ਲਿਖਣ ਲੱਗੇ। ਇਸ ਬਹਿਸ ਦੇ ਨਤੀਜਨ ਜੌਹਨ ਹੈਨਿੰਗ ਸਪੈੱਕ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕਸ਼ੀ ਕਰ ਲਈ। ਇਸ ਕਾਰਨ ਲੋਕਾਂ ਦੀ ਦਿਲਚਸਪੀ ਨੀਲ ਦਰਿਆ ਦੇ ਸੋਮਿਆਂ ਵਿੱਚ ਹੋਰ ਵੀ ਵੱਧ ਗਈ। ਸਮਾਂ ਪਾਕੇ ਦਰਿਆ ਤੇ ਅੱਗੇ ਡੈਮ ਬਣ ਜਾਣ ਤੋਂ ਬਾਅਦ ਰਿਪਨ-ਫਾਲ ਸੁੱਕ ਗਿਆ ਤੇ ਵਾਟੀਨ-ਨੀਲ ਦਾ ਸੋਮੇ ਬਾਰੇ ਫਿਰ ਸਵਾਲ ਉਠ ਖੜੇ ਹੋਏ। ਵੈਸੇ ਇਤਿਹਾਸ ਵਿੱਚ ਨੀਲ ਦਰਿਅ ਦਾ ਅੰਕਿਤ ਸੋਮਾ ਪੂਰਬੀ ਯੂਗੰਡਾ ਦੀ ਵਿਕਟੋਰੀਆ ਝੀਲ ਹੀ ਹੈ। ਝੀਲ ਦੇ ਕੰਢੇ ਜੀਨਜ ਨਾਂ ਦਾ ਕਸਬਾ ਪੈਂਦਾ ਹੈ ਜਿਥੇ ਯਾਤਰੀ ਨੀਲ ਦਾ ਸੋਮਾ ਦੇਖਣ ਪੁੱਜਦੇ ਹਨ। ਇਥੇ ਨੀਲ ਦੇ ਸੋਮੇ ਹੋਣ ਦਾ ਮੌਨੂਮੈਂਟ ਬਣਿਆਂ ਹੋਇਆ ਹੈ। ਹੋਰ ਤਾਂ ਹੋਰ ਮਹਾਤਮਾ ਗਾਂਧੀ ਦਾ ਬੁੱਤ ਵੀ ਲੱਗਾ ਹੋਇਆ ਹੈ। ਗਾਂਧੀ ਦੇ ਇਥੇ ਬੁੱਤ ਲੱਗੇ ਹੋਣ ਦਾ ਇਤਿਹਾਸ ਹੈ ਉਸ ਦੀ ਵਸੀਅਤ। ਮਹਾਤਮਾ ਗਾਂਧੀ ਨੇ ਵਸੀਅਤ ਵਿੱਚ ਲਿਖਿਆ ਸੀ ਕਿ ਉਸ ਦੇ ਅਸਤਾਂ ਨੂੰ ਵੱਖ ਵੱਖ ਦਰਿਆਵਾਂ ਵਿੱਚ ਖਿਲਾਰਿਆ ਜਾਵੇ। ਉਹਨਾਂ ਦਰਿਆਵਾਂ ਵਿੱਚੋਂ ਹੀ ਇਕ ਦਰਿਆ ਨੀਲ ਵੀ ਸੀ। ਇਥੇ ਨੀਲ ਵਿੱਚ ਗਾਂਧੀ ਦੇ ਅਸਤਾਂ ਦਾ ਕੁਝ ਹਿੱਸਾ ਵਹਾਇਆ ਗਿਆ ਸੀ।
2006 ਵਿੱਚ ਕੈਮ ਮੈਕਲੇ ਨਾਂ ਦੇ ਇਕ ਨਿਊਜ਼ੀਲੈਂਡਰ ਨੇ ਆਪਣੀ ਤਿੰਨ ਬੰਦਿਆਂ ਦੀ ਟੀਮ ਨਾਲ ਮੈਡੇਟਰੇਨੀਅਨ ਸਾਗਰ ਵਲੋਂ ਨੀਲ-ਦਰਿਆ ਦੀ ਯਾਤਰਾ ਅਰੰਭ ਕੀਤੀ। ਉਹ ਤਿੰਨ ਤੇਜ਼ ਕਿਸ਼ਤੀਆਂ ਵਿੱਚ ਵਿਕਟੋਰੀਆ-ਲੇਕ ਤੀਕ ਗਏ। ਵਾਈਟ-ਨੀਲ ਲੱਭਣ ਲਈ ਵਿਕਟੋਰੀਆ-ਲੇਕ ਤੋਂ ਅੱਗੇ ਉਹਨਾਂ ਨੇ ਰੁਕਰ-ਰਿਵਰ ਵਿੱਚ ਸਫਰ ਕੀਤਾ। ਅੱਗੇ ਛੋਟੀਆਂ ਨਦੀਆਂ ਕੰਢੇ ਤੁਰਦੇ ਹੋਏ ਇਕ ਪਹਾੜੀ ‘ਤੇ ਪੁੱਜੇ। ਕੈਮ ਮੈਕਲੇ ਦੀ ਟੀਮ ਨੇ ਵਾਈਟ-ਨੀਲ ਦੇ ਨਿਕਲਣ ਦਾ ਸੋਮਾ ਰਵਾਂਡਾ ਵਿੱਚਲੀ 6700 ਫੁੱਟ ਉਚੀ ਇਕ ਪਹਾੜੀ ‘ਤੇ ਨਿਰਧਾਰਤ ਕੀਤਾ। ਇਥੇ ਤੁਬਕਾ-ਤੁਬਕਾ ਨੀਲ-ਦਰਿਆ ਦਾ ਮਿੱਠਾ ਪਾਣੀ ਰਿਸਦਾ ਹੈ। ਇਵੇਂ ਹੁਣ ਨੀਲ-ਦਰਿਆ ਦੀ ਕੁਲ ਲੰਮਾਈ 4199-ਮੀਲ ਬਣਦੀ ਹੈ। ਇਹ ਸਾਰਾ ਰਾਹ ਕੈਮ ਮੈਕਲੇ ਨੇ ਜੀ.ਪੀ.ਐਸ. ਦੀ ਨਵੀਂ ਟੈਕਨੌਲੌਜੀ ਨਾਲ ਮਿਣਿਆਂ। ਕਹਿੰਦੇ ਹਨ ਕਿ ਇਥੋਂ ਤੁਰੇ ਪਾਣੀ ਨੂੰ ਮੈਡੇਟਰੇਨੀਅਨ ਸਾਗਰ ਤੀਕ ਆਪਣਾ ਸਫਰ ਪੂਰਾ ਕਰਨ ਲਈ ਸਾਢੇ-ਤਿੰਨ ਮਹੀਨੇ ਲੱਗ ਜਾਂਦੇ ਹਨ। ਇਸ ਟੀਮ ਨੇ ਆਪਣੀ ਮੁਹਿੰਮ ਅੱਸੀ ਦਿਨਾਂ ਵਿੱਚ ਪੂਰੀ ਕੀਤੀ। ਕੁਝ ਸਾਲ ਪਹਿਲਾਂ ਬ੍ਰਿਟਿਸ਼ ਐਕਟਰਸ ਜੁਆਨਾ ਲੁਮਲੇ ਨੇ ਕੈਮ ਮੈਕਲੇ ਨੂੰ ਲੈਕੇ ਦੁਬਾਰਾ ਵਾਈਟ-ਨੀਲ ਦੇ ਸੋਮੇ ਦਾ ਫੇਰਾ ਪਾਇਆ ਤੇ ਇਸ ਬਾਰੇ ਡਾਕੂਮੈਂਟਰੀ ਵੀ ਬਣਾਈ ਜੋ ‘ਜਿਊਲ ਔਫ ਨਾਇਲ’ ਦੇ ਨਾਂ ‘ਤੇ ਯੂਟਿਊਬ ‘ਤੇ ਦੇਖੀ ਜਾ ਸਕਦੀ ਹੈ। ਇਸ ਸੋਮੇ ਤੀਕ ਪੁੱਜਣ ਲਈ ਬਰੀਕ ਜਿਹੇ ਵਗਦੇ ਨੀਲ ਦੇ ਨਾਲ-ਨਾਲ ਸੰਘਣੀਆਂ ਝਾੜੀਆਂ ਵਾਲੀ ਪਹਾੜੀ ਚੜ੍ਹਨੀ ਪੈਂਦੀ ਹੈ। ਝਾੜੀਆਂ ਨੂੰ ਨਾਲ ਦੀ ਨਾਲ ਕੱਟਦੇ ਜਾਣਾ ਹੁੰਦਾ ਹੈ।
ਨੀਲ ਦੇ ਸੋਮਿਆਂ ਦੀ ਤਾਲਾਸ਼ ਬਾਰੇ ਮਸ਼ਹੂਰ ਖੋਜੀ ਕਰਿਸਟੋਫਰ ਓਨਡਾਟਜੇ ਨੇ ਇਕ ਕਿਤਾਬ ਲਿਖੀ ਹੈ, ‘ਜਰਨੀ ਟੂ ਦਾ ਸੋਰਸ ਔਫ ਨਾਇਲ’। ਉਸ ਮੁਤਾਬਕ ਭਾਵੇਂ ਇਸਦੇ ਸੋਮੇ ਬਾਰੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਵਾਲ ਹਾਲੇ ਖੁੱਲ੍ਹਾ ਹੈ ਤੇ ਖੁੱਲ੍ਹਾ ਹੀ ਰਹੇਗਾ।
ਉਂਜ ਨੀਲ ਦਰਿਆ ਦਾ ਬੋਟ ਰਾਹੀਂ ਸਫਰ ਕਰਨ ਦਾ ਅਨੁਭਵ ਦੇ ਵੀ ਵੱਖਰੇ ਹੀ ਮਾਹਿਨੇ ਹਨ।
Comments