top of page
Writer's pictureਸ਼ਬਦ

ਟਾਇਮ ਸੁਕੇਅਰ


ਯਾਤਰਾਵਾਂ ਦਾ ਆਪਣਾ ਮੁਹਾਵਰਾ ਹੁੰਦਾ ਹੈ ਕੁਝ ਅੰਦਰੂਨੀ ਹੁੰਦੀਆਂ ਹਨ ਕੁਝ ਬਾਹਰਲੀਆਂ ਅਤੇ ਬੈਰੂਨੀ ਹੁੰਦੀਆਂ ਹਨ ਕੁਝ ਬਾਹਰੋਂ ਅੰਦਰ ਵੱਲ ਆਉਂਦੀਆਂ ਹਨ ਕੁਝ ਅੰਦਰੋਂ ਬਾਹਰ ਵੱਲ ਜਾਂਦੀਆਂ ਹਨ

ਟਾਇਮ ਸੁਕੇਅਰ ਦੇ ਛੱਤੇ ਵਿਚ ਸ਼ਹਿਦ ਦੀਆਂ ਮੱਖੀਆਂ ਵਾਂਗ ਹਰ ਮਨੁੱਖ ਦਾ ਆਪਣਾ ਕੋਈ ਕੂਬੀਕਲ ਹੈ ਜਿਹੜੇ ਵੀ ਪੈਰ ਪਰ ਬਣ ਕੇ ਸ਼ਹਿਦ ਦੀ ਭਾਲ ਵਿਚ ਇੱਧਰ ਉੱਧਰ ਉੜੇ ਉਹ ਰੁੰਡਮਰੁਡ ਹੋ ਕੇ ਹੀ ਮੁੜੇ

ਇਥੇ ਸੂਰਜ ਕੁਝ ਇਮਾਰਤਾਂ ਦੇ ਹਿੱਸੇ ਹੀ ਆਇਆ ਹੈ ਨੀਵੇਂ ਲੋਕਾਂ ਨੂੰ ਤਾਂ ਦੂਜਿਆਂ ਦੀ ਉਚਾਈ ਦੇ ਭਾਰ ਥੱਲੇ ਹੀ ਮੁੜ੍ਹਕਾ ਆਇਆ ਹੈ ਕਾਰਾਂ ਇਥੇ ਨਾੜਾਂ ਵਿਚ ਖੂਨ ਵਿਚ ਨਾੜਾਂ ਵਾਂਗ ਦੌੜਦੀਆਂ ਹਨ ਇਥੇ ਪੁੱਤਰਾਂ ਨੂੰ ਕੇਵਲ ਰਬੜ ਦੇ ਖਿਡੌਣੇ ਵਾਲੀਆਂ ਮਾਵਾਂ ਹੀ ਔੜਦੀਆਂ ਹਨ

ਜਿੰਦਗੀ ਦੇ ਕਾਰੋਬਾਰ ਨਾਲ ਭਰੀਆਂ ਸਾਹੋ ਸਾਹ ਤੇ ਹਫੀਆਂ ਹੋਈਆਂ ਗਲੀਆਂ ਹੌਂਕਦੀਆਂ ਤਿਰਕਾਲ ਦੀਆਂ ਘੜੀਆਂ ਮੂੰਹ ਵਿਚੋਂ ਥਕਾਵਟ ਦੇ ਡਾਲਰ ਥੁੱਕਦੀਆਂ ਪਰੇਸ਼ਾਨ, ਬਿਗੜੀਆਂ ਹੋਈਆਂ , ਇੱਕੋ ਥਾਂ ਖੜੀਆਂ ਲਾਭਾਂ, ਅਵਾਜ਼ਾਂ, ਤੇ ਗਿਣਤੀਆਂ ਦੀਆਂ ਪੇਸ਼ੀਨਗੋਈਆਂ ਸ਼ੀਸ਼ੇ ਦੇ ਬੰਦ ਕਮਰੇ ਤੇ ਘੁੰਮਦੀਆਂ ਹੋਈਆਂ ਕੁਰਸੀਆਂ

ਟਾਇਮ ਸੁਕੇਅਰ! ਮਨੁੱਖ ਮਹਿਜ਼ ਐਕਟਰ ਹੈ ਹਰ ਐਕਟਰ ਦਾ ਆਪਣਾ ਥਿਏਟਰ ਹੈ ਇਥੇ ਹਰ ਕੋਈ ਆਪਣੇ ਵਕਤ ਦਾ ਖ਼ੁੱਦ ਵੇਟਰ ਹੈ ਗੁਜ਼ਰਿਆ ਵਕਤ ਖਾਤੀਆਂ ਵਿਚ ਜਮ੍ਹਾ ਰਾਸ਼ੀ ਹੈ ਬਿੱਲ ਤਾਂ ਤਾਜ਼ਾ ਹਨ ਪਰ ਡਿੱਸ਼ ਬਾਸੀ ਹੈ

ਸੀੜੀਆਂ ਹਨ, ਬਾਲਕੋਨੀਆਂ ਅਤੇ ਐਕਸਲੇਟਰ ਹਨ ਗਦੇਲੇ ਹਨ, ਬਿਸਤਰੇ ਹਨ ਕੁਝ ਉਖੜੇ ਸਾਹ ਲੇਟੇ ਹਨ ਹੰਕਾਰ ਨਾਲ ਆਕੜੀਆਂ ਹੋਈਆਂ ਗਰਦਨਾਂ ਹਨ ਬੰਦ ਕਮਰੇ ਵਿਚ ਕਿਸੇ ਕੁੜੀ ਦੇ ਸਾਹ ਲੈਂਦੇ ਲਾਕਟ ਹਨ

ਟਾਇਮ ਸੁਕੇਅਰ ਅਮਰੀਕਾ ਦੇ ਹਿਰਨ ਦੀ ਨਾਭੀ ਹੈ ਸਭ ਕੁਝ ਨੂੰ ਖੋਲ੍ਹਣ ਅਤੇ ਬੰਦ ਕਰਨ ਦੀ ਚਾਬੀ ਹੈ

ਐਵੇਨੂਆਂ ਅਤੇ ਸਟਰੀਟਾਂ ਵਿਚ ਘੁੰਮਦਾ ਮੈਂ ਅੱਕ ਗਿਆ ਹਾਂ ਅਤੇ ਵਕਤ ਦੇ ਦੂਰ ਅੰਦਰ ਹੀ ਕਿਧਰੇ ਧੱਸ ਗਿਆ ਹਾਂ ਮੈਂ ਅਜ ਦੀ ਅਗ੍ਹੜ ਦੁਗੜ੍ਹੀ ਸ਼ਾਮ ਵਿਚ ਫਸ ਗਿਆ ਹਾਂ ਇਥੋਂ ਮੈਂ ਲੇਟੀ ਹੋਈ ਬੇਅਰਾਮੀ ਨੂੰ ਖੂਬ ਪੜ੍ਹ ਸਕਦਾ ਹਾਂ ਮੁਹੱਬਤ ਨੂੰ ਕਮੀਜ਼ ਵਾਂਗ ਪਹਿਨ ਅਤੇ ਲਾਹ ਸਕਦਾ ਹਾਂ ਆਪਣੇ ਆਪ ਨੂੰ ਜਿੰਨੀ ਵੇਰ ਚਾਹਾਂ ਲੱਭ ਅਤੇ ਗੁਆ ਸਕਦਾ ਹਾਂ

ਨਿੱਕੇ ਪਰਸਾਂ ਨੂੰ ਘੁਮਾਉਂਦੀਆਂ ਹਨ ਦਫ਼ਤਰਾਂ ਤੋਂ ਸਾਬਣ ਦੇ ਬੁਲਬੁਲਿਆਂ ਵਾਂਗ ਬਾਹਰ ਨਿਕਲਦੀਆਂ ਕੁੜੀਆਂ ਹੁਣ ਆਪਣੇ ਘਰਾਂ ਨੂੰ ਜਾਂਦੀਆਂ ਹਨ ਟਾਇਮ ਸੁਕੇਅਰ ਵਿਚ ਸਿਮਰਤੀਆਂ ਦੀਆਂ ਛਿੱਲਤਾਂ ਲਾਹੁੰਦਾ ਮੈਂ ਦੂਰ ਖਿਸਕ ਜਾਂਦਾ ਹਾਂ ਤੇ ਆਪਣੇ ਪਿੰਡ ਦੇ ਛੱਪੜ ਕੋਲ ਪਹੁੰਚ ਜਾਂਦਾ ਹਾਂ ਬੂਰ ਨਾਲ ਭਰੇ ਇਸ ਛੱਪੜ ਵਿਚ ਬੰਦਾ ਤਾਂ ਕੀ ਪਸ਼ੂ ਵੀ ਨਹੀਂ ਸੀ ਨਹਾਉਂਦਾ ਇਹ ਤਾਂ ਬਸ ਸਣ ਦੱਬ ਕੇ ਉਸ ਨੂੰ ਭੁੱਲ ਜਾਣ ਦੇ ਕੰਮ ਸੀ ਆਉਂਦਾ

ਦੱਬੀ ਹੋਈ ਸਣ ਦੀ ਹਬਕ ਨਾਲ ਮੈਂ ਮੁੜ ਟਾਇਮ ਸੁਕੇਅਰ ਅੰਦਰ ਬੜਦਾ ਹਾਂ ਗਲੀ ਨੰਬਰ 160 ਵਿਚੋਂ ਘੁੰਮਦਾ ਹੋਇਆ ਸ਼ਹਿਰ ਵਿਚ ਜਿੰਦਗੀ ਦੇ ਗੁੰਮ ਹੋ ਜਾਣ ਦੀ ਖ਼ਬਰ ਪੜ੍ਹਦਾ ਹਾਂ

ਆਪਣੇ ਵਾਂਗ ਆਪ ਮੁਹਾਰਾ ਘੁੰਮਦੇ ਬੰਦਿਆਂ ਨਾਲ ਕਦੇ ਇਥੇ ਅਤੇ ਕਦੇ ਉਥੇ ਖੜ੍ਹਦਾ ਹਾਂ ਤੇ ਫਿਰ ਹਿਫਾਜ਼ਤੀ ਜਿਹੀ ਕਾਹਲ ਨਾਲ ਕੁਈਨਜ਼ ਦੀ ਬੱਸ ਪਕੜਦਾ ਹਾਂ ਮਨਹਟਨ ( ਅਮਰੀਕਾ)

Comments


bottom of page