1-
ਜੀਅ ਕਰਦੈ ਜਾਨ ਵਾਰ ਦਿਆਂ ਮੈਂ, ਖੁਦ ਡੁੱਬ ਕੇ ਤੈਨੂੰ ਤਾਰ ਦਿਆਂ ਮੈਂ । ਕਲੀਆਂ ਤੇਰੇ ਕਦਮਾਂ ਨੂੰ ਚੁੰਮਣ, ਐਸਾ ਤੈਨੂੰ ਗੁਲਜ਼ਾਰ ਦਿਆਂ ਮੈਂ। ਸੁਪਨਿਆਂ ਤੋਂ ਵੀ ਸੋਹਣਾ ਜੋ, ਪਿਆਰਾ ਜਿਹਾ ਸੰਸਾਰ ਦਿਆਂ ਮੈਂ। ਕਰਦਿਆਂ ਤੈਨੂੰ ਪੂਰਾ ਈ ਝੱਲਾ, ਇਤਨਾ ਡੂੰਘਾ ਪਿਆਰ ਦਿਆਂ ਮੈਂ। ਤੇਰੀ ਜਿੱਤ ਦੀ ਖ਼ਾਤਰ ਚੰਨਾ ਵੇ, ਜਿੱਤੀਓ ਬਾਜੀ ਹਾਰ ਦਿਆਂ ਮੈਂ। ਬਣ ਜਾਂਵੇਂ ਤੂੰ ਮੇਰਾ ਸਦਾ ਲਈ, ਐਸਾ ਕੋਈ ਉਪਹਾਰ ਦਿਆਂ ਮੈਂ।
'ਰੂਪ' ਨੂੰ ਆਪਣੇ ਗਲ ਨਾ' ਲਾ ਲੈ,
ਤਪਦਾ ਸੀਨਾ ਠਾਰ ਦਿਆਂ ਮੈਂ।
2- ਐ ਗਣਿਤ ਸ਼ਾਸਤਰੀ-- ਐ ਗਿਆਨਵਾਨ ਇਨਸਾਨ! ਅਸੀਂ ਇਕ ਦੂਜੇ ਦੇ ਭਾਵਾਂ ਤੇ ਉਦਗਾਰਾਂ ਦਾ 'ਗਣਿਤ' ਸਮਝ ਨਾ ਪਾਏ। ਤੂੰ-- 'ਇਕ' ਨੂੰ 'ਇਕ' ਨਾਲ ਤਕਸੀਮ ਕਰਦਾ ਰਿਹਾ-- ਜਵਾਬ ਆਇਆ: 'ਇਕ'। ਮੈਂ-- 'ਇਕ' ਨੂੰ 'ਇਕ' ਨਾਲ ਜਰਬ ਕਰਦੀ ਰਹੀ-- ਤੇ ਜਵਾਬ ਫਿਰ ਵੀ ਆਇਆ: 'ਇਕ'। ਕਾਸ਼! ਜੇ ਕਿਤੇ 'ਇਕ' ਨੂੰ 'ਇਕ' ਨਾਲ ਜੋੜ ਦੇਂਦੇ-- ਤਾਂ ਗਿਆਰਾਂ ਹੋ ਜਾਂਦੇ! !
3-
ਲੰਘ ਜਾਂਦੀ ਹੈ ਜੋ ਬਿਨਾਂ ਹੀ ਵਰ੍ਹਨ ਤੋਂ ਬੱਦਲ਼ੀ-- ਦਬਾ ਲੈਂਦੀ ਹੈ ਸੀਨੇ ਵਿੱਚ ਖ਼ਾਰੇ ਪਾਣੀਆਂ ਦੀ ਦਾਸਤਾਂ-- ਇਕ ਪਰਬਤ ਦੇ ਗਲ਼ ਲੱਗ ਰੋਏਗੀ ਜਿਸ ਦਿਨ ਇਹ ਪਗਲੀ, ਔੜਾਂ ਮਾਰੀ ਧਰਤੀ ਦੀ ਕੁੱਖ ਹਰੀ ਹੋਵੇਗੀ--
--
Comments