top of page
Writer's pictureਸ਼ਬਦ

- ਚੁੱਪ ਦੀ ਨਿਕਲ਼ੀ ਚੀਕ /


ਸੰਘ ਬਹਿ ਗਿਆ ਸ਼ੋਰ ਦਾ, ਚੁੱਪ ਦੀ ਨਿਕਲ਼ੀ ਚੀਕ,

ਡਰੀ ਹਵਾ ਰਾਹ ਛੱਡ ਗਈ, ਛਾਂ ਤਪੀ, ਧੁੱਪ ਸੀਤ।

ਫੁੱਲ ਕਿਰਦੇ ਬਣ ਕੰਕਰਾਂ, ਕਲੀਆਂ ਸ਼ੀਸ਼ਾ-ਚੂਰ,

ਖਿੰਘਰਾਂ ਆਉਣ ਤ੍ਰੇਲ਼ੀਆਂ, ਤੱਕ ਪਾਣੀ 'ਤੇ ਲੀਕ।

ਮਨਨ ਕਰੇਂਦੇ ਪੰਖੀਆ, ਤੂੰ ਗਾਉਣਾ ਭੁੱਲ ਗਿਆ,

ਥਾਂ-ਥਾਂ ਕਰ ਲਾ ਭਗਤੀਆਂ, ਠੰਡ ਨਾ ਪੈਣੀ ਚੀਤ।

ਰੂਹ ਤਰਸੀ ਘਰ ਜਾਣ ਨੂੰ, ਪਰ ਕਿੱਧਰ ਹੈ ਰਸਤਾ,

ਰਸਤਾ ਬਚਿਆ ਆਖ਼ਰੀ, ਜਾਵੇ ਸਿਵਿਆਂ ਤੀਕ।

ਗੁੰਗਾ ਵਿਚ ਉਜਾੜ ਦੇ, ਅੱਜ ਰੋਇਆ ਜ਼ਾਰੋ ਜ਼ਾਰ,

ਉਸਤਤ ਮੋਤੀ ਬਰਸ ਗਏ, ਸੁੱਚੇ ਪਾਕ ਪੁਨੀਤ।

ਓਹ ਚਤੁਰ ਸਿਆਣੇ, ਸੀਲ ਵੀ, ਨਹੀਂ ਵੱਢਣਗੇ ਜੀਭ,

ਬੋਲੀ ਵਿਰਸਾ ਮਾਰ ਕੇ, ਮਾਰਨਗੇ ਧੁਰ ਤੀਕ।

ਜੇ ਨਹੀਂ ਬੰਨਾ ਜ਼ੁਲਮ ਦਾ, ਪਾਪ ਘਟਾ ਘਨਘੋਰ,

ਤਾਂ ਸੱਚ-ਸਦੀਵੀ-ਗੂੰਜ ਵੀ, ਕੋ ਨਾ ਸਕਿਆ ਡੀਕ।



2- ਜਿਹੜੀ ਰਾਤ ਮਰੀ ਤੂੰ ਜਾਨੇ /


ਜਿਹੜੀ ਰਾਤ ਮਰੀ ਤੂੰ ਜਾਨੇ, ਹੋਏ ਸ਼ਾਦ ਬੇ਼ਗਾਨੇ,

ਪੀਰ ਮੜ੍ਹੀ 'ਤੇ ਤੋਤਾ ਵੱਢਿਆ, ਤੋੜ ਸੰਧੂਰੀ ਗਾਨੇ।

ਹਰਾ ਚੋਗੀਆ, ਹਰੀਆਂ ਵੰਗਾਂ, ਹਰਾ ਦੁਪੱਟਾ ਲੈ ਕੇ,

ਕਿਹੜੇ ਜੁੱਗ ਦਾ ਲੇਖਾ ਦੇ ਕੇ, ਨਿਕਲ਼ੀ ਹੋਰ ਜਹਾਨੇ।

ਕੱਚੀ ਠੂਠੀ ਖੰਜਰ ਖੁੱਭਾ, ਬੇਦਰੇਗ਼ੀ ਜਿੱਤੀ, ਮਾਰ

ਦੁਹੱਥੜਾ ਕਾਨੀ ਟੁੱਟੀ, ਸਿਸਕਣ ਝੱਲ ਦੇ ਕਾਨੇ।

ਸੁੰਨੀ ਕਬਰ ਸਿਰ੍ਹਾਣੇ ਬੈਠਾ ਸੂਫ਼ੀ ਇਕ ਅਬੋਲ,

ਸੱਜਲ਼ ਅੱਖੀਂ ਪੜ੍ਹਦਾ ਰਹਿੰਦਾ ਤੇਰੇ ਹੀ ਅਫ਼ਸਾਨੇ।

ਕਬਰੀਂ ਸੁੱਤੇ ਉੱਠ ਉੱਠ ਪੁੱਛਣ, ਹਾਏ ਕਲੀ ਝਟਕਾਈ,

ਇਕ ਅਬੋਲੇ ਨਾਲ਼ ਬੋਲ ਪਏ ਮੁਰਦੇ ਏਸ ਬਹਾਨੇ।

ਪਾਪ-ਰਿਆਸਤ ਵਿਚ ਕਿਆਮਤ, ਸੱਭੋ ਪਏ ਉਡੀਕਣ,

ਸਿਰ 'ਤੇ ਕੱਫ਼ਨ ਬੰਨ੍ਹ ਲਲਕਾਰਨ, ਤੁਰ ਗਏ ਓੁਹ ਦੀਵਾਨੇ।

ਅੰਬਰ ਵਿਚ ਤੇਰੀ ਡੋਰੀ ਲਰਜ਼ੇ, ਬੱਦਲੀਂ ਤੈæਰੇ ਚੁੰਨੀ,

ਖੱਤੀਆਂ ਵਿਚ ਤੇਰਾ ਟਿੱਕਾ ਲਿਸ਼ਕੇ, ਗਜਰਾ ਸੂਫ਼ੀਖਾਨੇ।

Comments


bottom of page